ਵੱਡੀ ਖ਼ਬਰ: ਪੰਜਾਬ ਪੁਲਸ ਨੇ ਆਪਣੇ ਹੀ SHO ਨੂੰ ਕੀਤਾ ਗ੍ਰਿਫ਼ਤਾਰ, ਕਾਰਾ ਜਾਣ ਰਹਿ ਜਾਓਗੇ ਦੰਗ

Saturday, Sep 26, 2026 - 01:43 PM (IST)

ਵੱਡੀ ਖ਼ਬਰ: ਪੰਜਾਬ ਪੁਲਸ ਨੇ ਆਪਣੇ ਹੀ SHO ਨੂੰ ਕੀਤਾ ਗ੍ਰਿਫ਼ਤਾਰ, ਕਾਰਾ ਜਾਣ ਰਹਿ ਜਾਓਗੇ ਦੰਗ

ਫਿਰੋਜ਼ਪੁਰ (ਕੁਮਾਰ/ਚੋਪੜਾ): ਫਿਰੋਜ਼ਪੁਰ ਦੇ ਥਾਣਾ ਘੱਲ ਖੁਰਦ ਦੀ ਪੁਲਸ ਨੇ ਕਾਊਂਟਰ ਇੰਟੈਲੀਜੈਂਸ ਫਰੀਦਕੋਟ ਯੂਨਿਟ ਦੇ ਇੰਸਪੈਕਟਰ ਬਲਦੇਵ ਸਿੰਘ ਨੂੰ ਫਿਰੋਜ਼ਪੁਰ ਮੋਗਾ ਰੋਡ 'ਤੇ i20 ਕਾਰ ਵਿਚ ਆਉਂਦਿਆਂ 3 ਕਿੱਲੋ 350 ਗ੍ਰਾਮ ਹੈਰੋਇਨ, ਮੈਗਜ਼ੀਨ ਸਮੇਤ 6 ਪਿਸਤੌਲਾਂ, 6 ਹੋਰ ਮੈਗਜ਼ੀਨ, 17 ਜ਼ਿੰਦਾ ਕਾਰਤੂਸਾਂ ਤੇ 6 ਮੋਬਾਈਲ ਫ਼ੋਨਾਂ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ, ਜਿਸ ਦੇ ਖ਼ਿਲਾਫ਼ ਸਬੰਧਤ ਥਾਣੇ ਵਿਚ ਐੱਨ. ਡੀ. ਪੀ. ਐੱਸ. ਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 

ਇਹ ਜਾਣਕਾਰੀ ਦਿੰਦਿਆਂ ਭੂਪਿੰਦਰ ਸਿੰਘ ਸਿੱਧੂ ਐੱਸ. ਐੱਸ. ਪੀ. ਫਿਰੋਜ਼ਪੁਰ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਥਾਣਾ ਘੱਲਖੁਰਦ ਦੇ ਐੱਸ. ਐੱਚ. ਓ. ਇੰਸਪੈਕਟਰ ਕਸ਼ਮੀਰ ਸਿੰਘ ਨੂੰ ਗਸ਼ਤ ਦੌਰਾਨ ਇਹ ਗੁਪਤ ਸੂਚਨਾ ਮਿਲੀ ਸੀ ਕਿ ਕਾਊਂਟਰ ਇੰਟੈਲੀਜੈਂਸ ਫਰੀਦਕੋਟ ਯੂਨਿਟ ਵਿਚ ਤਾਇਨਾਤ ਇੰਸਪੈਕਟਰ ਬਲਦੇਵ ਸਿੰਘ ਫਿਰੋਜ਼ਪੁਰ ਮੋਗਾ ਰੋਡ 'ਤੇ ਫਿਰੋਜ਼ਪੁਰ ਵੱਲੋਂ ਆਪਣੀ ਕਾਰ ਵਿਚ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਅਤੇ ਹਥਿਆਰ ਲੈ ਕੇ ਆ ਰਿਹਾ ਹੈ, ਜਿਸ 'ਤੇ ਥਾਣਾ ਘੱਲਖੁਰਦ ਦੀ ਪੁਲਸ ਨੇ ਫਿਰੋਜ਼ਸ਼ਾਹ ਦੇ ਟੋਲ ਪਲਾਜ਼ਾ 'ਤੇ ਤੁਰੰਤ ਨਾਕਾਬੰਦੀ ਕਰ ਦਿੱਤੀ। ਇਸ ਨਾਕੇ 'ਤੇ ਜਦੋਂ ਬਲਦੇਵ ਸਿੰਘ ਦੀ ਗੱਡੀ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਦੀ ਕਾਰ ਵਿਚੋਂ ਇਹ ਨਸ਼ੀਲੇ ਪਦਾਰਥ ਅਤੇ ਹਥਿਾਰ ਬਰਾਮਦ ਹੋਏ। 

ਉਨ੍ਹਾਂ ਦੱਸਿਆ ਕਿ ਤਸਕਰੀ  ਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਜ਼ੀਰੋ ਟਾਲਰੈਂਸ ਦੇ ਜ਼ਰੀਏ ਇਸ ਹੈਰੋਇਨ ਤੇ ਹਥਿਆਰਾਂ ਦੀ ਬਰਾਮਦਗੀ ਵਿਚ ਜੋ ਜੋ ਲੋਕ ਵੀ ਸ਼ਾਮਲ ਹੋਣਗੇ, ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ  ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇੰਸਪੈਕਟਰ ਬਲਦੇਵ ਸਿੰਘ ਤੋਂ ਜੋ ਮੋਬਾਈਲ ਫ਼ੋਨ ਬਰਾਮਦ ਹੋਏ ਹਨ, ਉਨ੍ਹਾਂ ਨੂੰ ਵੀ ਬੜੀ ਬਾਰੀਕੀ ਨਾਲ ਚੈੱਕ ਕੀਤਾ ਜਾਵੇਗਾ ਤੇ ਉਸ ਦੇ ਬੈੱਕਵਰਡ ਤੇ ਫਾਰਵਰਡ ਲਿੰਕ ਟ੍ਰੇਸ ਕੀਤੇ ਜਾਣਗੇ। 

ਇਕ ਸਵਾਲ ਦਾ ਜਵਾਬ ਦਿੰਦਿਆਂ ਐੱਸ. ਐੱਸ. ਪੀ. ਫਿਰੋਜ਼ਪੁਰ ਨੇ ਦੱਸਿਆ ਕਿ ਫੜੇ ਗਏ ਪਿਸਤੌਲਾਂ ਵਿਚ ਗਲੌਕ ਪਿਸਤੌਲ ਵੀ ਹਨ ਤੇ ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਬਲਦੇਵ ਸਿੰਘ ਦੇ ਕੋਲ ਨਸ਼ਾ ਤੇ ਹਥਿਆਰ ਕਿੱਥੋਂ ਆਏ। ਇਸ ਦੇ ਨਾਲ ਹੀ ਉਸ ਤੋਂ ਮਿਲੇ ਮੋਬਾਈਲ ਕਿੰਨ੍ਹਾਂ ਲੋਕਾਂ ਦੇ ਨਾਂ 'ਤੇ ਰਜਿਸਟਰਡ ਹਨ, ਉਸ ਦੀ ਵੀ ਜਾਂਚ ਕੀਤੀ  ਜਾ ਰਹੀ ਹੈ। 

ਦੱਸਿਆ ਜਾ ਰਿਹਾ ਹੈ ਕਿ ਫੜੀ ਗਈ ਹੈਰੋਇਨ ਤੇ ਹਥਿਆਰ ਪਾਕਿਸਤਾਨੀ ਤਸਕਰਾਂ ਤੋਂ ਮੰਗਵਾਏ ਗਏ ਸਨ, ਜਿਨ੍ਹਾਂ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। 
 


author

Anmol Tagra

Content Editor

Related News