ਨਵਾਂਸ਼ਹਿਰ : 172 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ

Wednesday, Apr 29, 2020 - 01:30 AM (IST)

ਨਵਾਂਸ਼ਹਿਰ : 172 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ

ਨਵਾਂਸ਼ਹਿਰ,(ਜੋਵਨ ਪ੍ਰੀਤ ਭੰਗਲ) : ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਬਲਾਚੌਰ ਸਬ ਡਵੀਜ਼ਨ ਦੇ ਪਿੰਡ ਬੂਥਗੜ੍ਹ ਦੇ ਡਰਾਇਵਰ ਜਤਿੰਦਰ ਕੁਮਾਰ ਦੇ ਸੰਪਰਕਾਂ 'ਚੋਂ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਗਏ 50 ਦੇ ਕਰੀਬ ਟੈਸਟਾਂ 'ਚੋਂ ਮਾਤਾ ਤ੍ਰਿਪਤਾ ਦੇਵੀ ਅਤੇ ਸਹਾਇਕ ਸੰਜੀਵ ਕੁਮਾਰ ਨੂੰ ਛੱਡ ਕੇ ਬਾਕੀ ਸਾਰੇ ਟੈਸਟ ਨੈਗੇਟਿਵ ਆਏ ਹਨ।

ਅੱਜ ਸ਼ਾਮ ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਉਸ ਦੇ 150 ਦੇ ਕਰੀਬ ਸੰਪਰਕਾਂ ਦੀ ਸੂਚੀ ਬਣਾਈ ਗਈ ਸੀ, ਜਿਸ 'ਚੋਂ ਅੱਜ ਵੱਡੀ ਗਿਣਤੀ 'ਚ ਉਸ ਦੇ ਨੇੜਲੇ ਸੰਪਰਕਾਂ ਦੇ ਟੈਸਟ ਨੈਗੇਟਿਵ ਆਉਣ ਨਾਲ ਵੱਡੀ ਰਾਹਤ ਦੀ ਸਥਿਤੀ ਬਣੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਹੁਣ ਤੱਕ ਕੋਵਿਡ ਰੋਕਥਾਮ ਤਹਿਤ ਹੁਣ ਤੱਕ 875 ਟੈਸਟ ਕਰਵਾਏ ਜਾ ਚੁੱਕੇ ਹਨ, ਜਿਨ੍ਹਾਂ 'ਚੋਂ ਅੱਜ ਆਏ ਦੋ ਪਾਜ਼ੇਟਿਵ ਨੂੰ ਮਿਲਾ ਕੇ ਜ਼ਿਲ੍ਹੇ 'ਚ ਹੁਣ ਤੱਕ 22 ਪੀੜਤ ਹੋ ਗਏ ਹਨ। ਇਨ੍ਹਾਂ 22 ਪੀੜਤਾਂ 'ਚੋਂ ਇੱਕ ਦੀ ਮੌਤ ਹੋ ਚੁੱਕੀ ਹੈ, ਜਦਕਿ 18 ਠੀਕ ਹੋ ਕੇ ਘਰ ਜਾ ਚੁੱਕੇ ਹਨ ਅਤੇ ਤਿੰਨ ਜ਼ਿਲ੍ਹਾ ਹਸਪਤਾਲ ਸ਼ਹੀਦ ਭਗਤ ਸਿੰਘ ਨਗਰ ਦੇ ਆਈਸੋਲੇਸ਼ਨ ਵਾਰਡ 'ਚ ਇਲਾਜ ਅਧੀਨ ਹਨ। ਉਨ੍ਹਾਂ ਦੱਸਿਆ ਕਿ ਅੱਜ ਆਏ 174 ਟੈਸਟਾਂ ਦੇ ਨਤੀਜਿਆਂ 'ਚੋਂ ਕੇਵਲ ਦੋ ਹੀ ਪਾਜ਼ੇਟਿਵ ਸਨ ਜਦਕਿ ਬਾਕੀ 172 ਟੈਸਟਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਅੱਜ ਬਲਾਚੌਰ ਤੇ ਨਵਾਂਸ਼ਹਿਰ 'ਚੋਂ 47 ਨਵੇਂ ਸੈਂਪਲ ਲਏ ਗਏ ਹਨ। ਉਨ੍ਹਾਂ ਦੱਸਿਆ ਹੁਣ ਜ਼ਿਲ੍ਹੇ ਦੇ 108 ਟੈਸਟਾਂ ਦੀ ਰਿਪੋਰਟ ਬਕਾਇਆ ਰਹਿੰਦੀ ਹੈ।


author

Deepak Kumar

Content Editor

Related News