ਨੈਤਿਕਤਾ ਦੇ ਆਧਾਰ 'ਤੇ ਨਵਜੋਤ ਸਿੱਧੂ ਅਹੁਦੇ ਤੋਂ ਦੇਣ ਅਸਤੀਫਾ : ਅਕਾਲੀ ਦਲ

04/13/2018 5:51:46 PM

ਚੰਡੀਗੜ੍ਹ (ਮਨਮੋਹਨ) : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਸੁਪਰੀਮ ਕੋਰਟ ਵਿਚ ਚੱਲ ਰਹੇ ਕੇਸ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਵੱਡਾ ਹਮਲਾ ਬੋਲਿਆ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਸਿੱਧੂ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਚੀਮਾ ਮੁਤਾਬਕ ਪੰਜਾਬ ਸਰਕਾਰ ਸਿੱਧੂ ਦਾ ਬਚਾਅ ਕਰ ਰਹੀ ਹੈ। ਚੀਮਾ ਨੇ ਕਿਹਾ ਕਿ ਨੈਤਿਕਤਾ ਅਤੇ ਅਸੂਲਾਂ ਦੀ ਗੱਲ ਕਰਨ ਵਾਲੇ ਨਵਜੋਤ ਸਿੱਧੂ ਹੁਣ ਆਪਣੇ 'ਤੇ ਲੱਗਾਂ ਦੋਸ਼ਾਂ 'ਤੇ ਚੁੱਪ ਕਿਉਂ ਹਨ।
ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਹੱਥੋਂ ਕਿਸੇ ਦੀ ਜਾਨ ਗਈ ਸੀ ਅਤੇ ਹਾਈਕੋਰਟ ਵੀ ਨਵਜੋਤ ਸਿੱਧੂ ਨੂੰ ਦੋਸ਼ੀ ਕਰਾਰ ਦੇ ਚੁੱਕੀ ਹੈ, ਅਜਿਹੇ ਵਿਚ ਨੈਤਿਕਤਾ ਦੇ ਆਧਾਰ 'ਤੇ ਸਿੱਧੂ ਨੂੰ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਚੀਮਾ ਨੇ ਕਿਹਾ ਕਿ ਸਿੱਧੂ ਪਿੱਠ 'ਚ ਛੁਰਾ ਮਾਰਨ ਦੀ ਗੱਲ ਕਰ ਰਹੇ ਹਨ ਜਦਕਿ ਇਹ ਮਾਮਲਾ ਉਸ ਸਮੇਂ ਦਾ ਹੈ ਜਦੋਂ ਉਹ ਸਿਆਸਤ ਵਿਚ ਹੀ ਨਹੀਂ ਸਨ। ਅਜਿਹੇ ਵਿਚ ਕੋਈ ਵੱਡੀ ਗੱਲ ਨਹੀਂ ਕਿ ਕੋਈ ਮੰਤਰੀ ਅਜਿਹਾ ਕਹਿ ਰਿਹਾ ਹੈ ਕਿ ਉਸ ਦੇ ਨਾਲ ਧੋਖਾ ਹੋਇਆ ਹੈ ਤੇ ਇਹ ਸਾਫ ਦਰਸਾਉਂਦਾ ਹੈ ਕਿ ਕਾਂਗਰਸ ਦੇ ਕਿਸੇ ਵੱਡੇ ਲੀਡਰ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਹੋਵੇਗਾ ਕਿ ਉਨ੍ਹਾਂ ਨੂੰ ਕੇਸ 'ਚੋਂ ਬਰੀ ਕਰਵਾ ਦੇਣਗੇ ਪਰ ਅਜਿਹਾ ਨਹੀਂ ਹੋ ਸਕਿਆ। ਚੀਮਾ ਨੇ ਕਿਹਾ ਕਿ ਇਸ ਦਾ ਜਵਾਬ ਤਾਂ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਹੀ ਦੇ ਸਕਦੇ ਹਨ।
ਇਸ ਦੌਰਾਨ ਬਿਕਰਮ ਮਜੀਠੀਆ ਨੇ ਕਿਹਾ ਕਿ ਇਕ ਹਿਰਨ ਨੂੰ ਮਾਰਨ 'ਤੇ ਸਲਮਾਨ ਖਾਨ ਨੂੰ 5 ਸਾਲ ਦੀ ਸਜ਼ਾ 'ਤੇ ਬਿਸ਼ਨੋਈ ਸਮਾਜ ਹੋਰ ਸਜ਼ਾ ਦੀ ਮੰਗ ਕਰ ਰਿਹਾ ਹੈ ਜਦਕਿ ਪੰਜਾਬ ਸਰਕਾਰ ਇਕ ਇਨਸਾਨ ਦੀ ਜਾਨ ਦੀ ਕੀਮਤ 3 ਸਾਲ ਮੰਗ ਰਹੀ ਹੈ। ਮਜੀਠੀਆ ਨੇ ਕਿਹਾ ਕਿ ਜਨਤਕ ਤੌਰ 'ਤੇ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਖਿਲਾਫ ਬੋਲਣ ਵਾਲੇ ਸਿੱਧੂ ਨੇ ਬਾਅਦ ਵਿਚ ਉਨ੍ਹਾਂ ਦੀ ਪਾਰਟੀ ਹੀ ਜੁਆਇਨ ਕਰ ਲਈ, ਇਸ ਦਾ ਕਾਰਨ ਅੱਜ ਸਮਝ ਆਇਆ ਹੈ ਕਿ ਉਹ ਅਦਾਲਤ ਦੀ ਕਾਰਵਾਈ ਤੋਂ ਬਚਣਾ ਚਾਹੁੰਦੇ ਸਨ।


Related News