ਆਸ ਤੇ ਵਿਸ਼ਵਾਸ ਨਾਲ ਜਾਵਾਂਗਾ ਪਾਕਿ : ਸਿੱਧੂ

Friday, Aug 03, 2018 - 05:15 AM (IST)

ਆਸ ਤੇ ਵਿਸ਼ਵਾਸ ਨਾਲ ਜਾਵਾਂਗਾ ਪਾਕਿ : ਸਿੱਧੂ

ਜਲੰਧਰ(ਖੁਰਾਣਾ)—ਪ੍ਰਸਿੱਧ ਕ੍ਰਿਕਟਰ ਅਤੇ ਕੁਮੈਂਟੇਟਰ ਰਹੇ ਪੰਜਾਬ ਦੇ ਮੌਜੂਦਾ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਦੇ ਨਵੇਂ  ਬਣਨ ਵਾਲੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਹੁੰ ਚੁੱਕ ਸਮਾਰੋਹ ਵਿਚ ਹਿੱਸਾ ਲੈਣ ਲਈ ਸੱਦਿਆ ਹੈ, ਜਿਸ ਪਿੱਛੋਂ ਸੂਬੇ ਅਤੇ ਦੇਸ਼ ਦੀ ਸਿਆਸਤ ਭਖ ਗਈ ਹੈ। ਸਿੱਧੂ ਸ਼ਾਇਦ ਭਾਰਤ ਦੇ ਪਹਿਲੇ ਸਿਆਸਤਦਾਨ ਹੋਣਗੇ ਜੋ ਉਕਤ ਮੌਕੇ 'ਤੇ  ਦੇਸ਼ ਦੀ ਪ੍ਰਤੀਨਿਧਤਾ ਕਰਨਗੇ। ਆਪਣੇ ਸੰਭਾਵਿਤ ਪਾਕਿਸਤਾਨ ਦੌਰੇ ਸਬੰਧੀ ਵੀਰਵਾਰ ਇਥੇ ਖੁੱਲ੍ਹ ਕੇ ਬੋਲਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਆਸ ਅਤੇ ਵਿਸ਼ਵਾਸ ਨਾਲ ਪਾਕਿ ਜਾ ਰਹੇ ਹਨ। ਇਮਰਾਨ ਖਾਨ ਨਾਲ ਉਨ੍ਹਾਂ ਦੇ ਸਬੰਧ 35 ਸਾਲ ਪੁਰਾਣੇ ਹਨ। ਕ੍ਰਿਕਟ ਦੇ ਇਕ ਮੈਚ ਦੌਰਾਨ ਪਹਿਲੀ ਵਾਰ ਉਨ੍ਹਾਂ ਦੀ ਇਮਰਾਨ ਖਾਨ ਨਾਲ ਫਰੀਦਾਬਾਦ ਵਿਖੇ ਮੁਲਾਕਾਤ ਹੋਈ ਸੀ। ਉਸ ਤੋਂ ਬਾਅਦ ਦਰਜਨਾਂ ਮੌਕਿਆਂ 'ਤੇ ਮੁਲਾਕਾਤ ਹੋਈ ਅਤੇ ਸਬੰਧ ਮਜ਼ਬੂਤ ਹੁੰਦੇ ਗਏ। ਤਮੰਨਾ ਇਹ ਹੀ ਹੈ ਕਿ ਦੋਵਾਂ ਦੇਸ਼ਾਂ ਦੇ ਸਬੰਧ ਸੁਧਰਨ।  ਵਾਹਗਾ ਅਤੇ ਹੁਸੈਨੀਵਾਲਾ ਦੇ ਬਾਰਡਰ ਵੀ ਖੁੱਲ੍ਹ ਜਾਣ।
ਸਿੱਧੂ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਪੰਜਾਬ ਖੇਤੀਬਾੜੀ 'ਤੇ ਆਧਾਰਿਤ ਆਰਥਕਤਾ ਵਾਲੇ ਸੂਬੇ ਹਨ। ਪਾਕਿਸਤਾਨ ਤੋਂ ਦੋਸਤੀ ਦਾ ਪੈਗਾਮ ਆਇਆ ਹੈ, ਜਿਸ ਦਾ ਉਸਾਰੂ ਜਵਾਬ ਦੇਣਾ ਬਣਦਾ ਹੈ। ਉਂਝ ਵੀ ਖੇਡਾਂ ਇਕ-ਦੂਸਰੇ ਨੂੰ ਆਪਸ ਵਿਚ ਜੋੜਦੀਆਂ ਹਨ ਅਤੇ ਬੈਰੀਅਰ ਤੋੜਦੀਆਂ ਹਨ। ਇਸ ਲਈ ਮੈਂ ਆਪਣੇ ਪਾਕਿਸਤਾਨ ਦੌਰੇ ਨੂੰ ਭਾਰਤ ਨਾਲ ਵਧੀਆ ਸਬੰਧਾਂ ਦੀ ਆਸ ਨਾਲ ਵੇਖਦਾ ਹਾਂ। ਉਂਝ ਵੀ ਜਦੋਂ ਸਰਕਾਰਾਂ ਬਦਲਦੀਆਂ ਹਨ ਤਾਂ ਰਵੱਈਆ ਵੀ ਬਦਲ ਜਾਂਦਾ ਹੈ। ਸੋਚ ਬਦਲਦੀ ਹੈ ਤਾਂ ਜਜ਼ਬਾ ਵੀ ਬਦਲਦਾ ਹੈ। ਨਵੀਂ ਸੋਚ ਵਿਚ ਭਾਈਵਾਲ ਹੋਣ ਦਾ ਯਤਨ ਤਾਂ ਕੀਤਾ ਹੀ ਜਾਣਾ ਚਾਹੀਦਾ ਹੈ। ਉਂਝ ਵੀ ਸਿਆਸਤ ਦੂਰੀਆਂ ਬਣਾ ਕੇ ਨਹੀਂ ਕੀਤੀ ਜਾ ਸਕਦੀ।
6 ਮਹੀਨਿਆਂ 'ਚ 60 ਸਾਲ ਦਾ ਵਿਕਾਸ ਸੰਭਵ
ਸਿੱਧੂ ਨੇ ਭਾਰਤ-ਪਾਕਿ ਸਬੰਧਾਂ ਵਿਚ ਸੁਧਾਰ ਦੀ ਉਮੀਦ ਕਰਦਿਆਂ ਕਿਹਾ ਕਿ ਜੇ ਭਾਰਤ ਸਿਰਫ ਸਰਹੱਦ 'ਤੇ ਆਪਣੀ ਕਣਕ ਰੱਖ ਦੇਵੇ ਤਾਂ 6 ਮਹੀਨਿਆਂ ਵਿਚ 60 ਸਾਲ ਦੇ ਵਿਕਾਸ ਦਾ ਫਾਸਲਾ ਤੈਅ ਕੀਤਾ ਜਾ ਸਕਦਾ ਹੈ। ਇਸ ਸਮੇਂ ਮੁੰਬਈ ਅਤੇ ਕਰਾਚੀ ਦਰਮਿਆਨ ਜੋ ਵਪਾਰ ਹੋ ਰਿਹਾ ਹੈ, ਉਸ ਦਾ ਕੁਝ ਅਮੀਰਾਂ ਨੂੰ ਹੀ ਲਾਭ ਪਹੁੰਚ ਰਿਹਾ ਹੈ। ਅੰਮ੍ਰਿਤਸਰ ਅਤੇ ਲਾਹੌਰ ਦੀ ਦੂਰੀ ਸਿਰਫ 22 ਕਿਲੋਮੀਟਰ ਹੈ। ਜੇ ਇਹ ਬਾਰਡਰ ਅਤੇ ਹੁਸੈਨੀਵਾਲਾ ਬਾਰਡਰ ਖੁੱਲ੍ਹ ਜਾਣ ਤਾਂ ਦੋਵਾਂ ਦੇਸ਼ਾਂ ਨੂੰ ਬੇਮਿਸਾਲ ਲਾਭ ਹੋ ਸਕਦਾ ਹੈ। 
ਆਲੋਚਕਾਂ ਨੂੰ ਕਰਾਰਾ ਜਵਾਬ ਦਿੰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ  ਉਨ੍ਹਾਂ ਦੀ ਤਮੰਨਾ ਗੂੜ੍ਹੇ ਨੀਲੇ ਰੰਗ ਦੇ ਸਮੁੰਦਰ ਵਿਚ ਤੈਰਨ ਦੀ ਹੈ, ਜਦਕਿ ਹੋਛੀ ਸਿਆਸਤ ਨੇ ਇਸ ਸਮੁੰਦਰ ਵਿਚ ਕੱਟ-ਵੱਢ ਕੇ ਉਸਨੂੰ ਲਾਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ  ਦੇ ਦਰਸ਼ਨਾਂ ਲਈ ਲਾਂਘਾ ਵੀ ਖੁੱਲ੍ਹਣਾ ਚਾਹੀਦਾ ਹੈ। ਮੇਰਾ ਪਾਕਿ ਦੌਰਾ ਸੁਪਨਿਆਂ ਨੂੰ ਖੰਭ  ਲਾਉਣ ਦਾ ਸਾਧਨ ਬਣੇਗਾ, ਅਜਿਹੀ ਮੇਰੀ ਆਸ ਹੈ।
ਕਸ਼ਮੀਰੀ ਸ਼ਾਲ ਗਿਫਟ ਵਜੋਂ ਲਿਜਾਵਾਂਗਾ
ਨਵਜੋਤ ਸਿੱਧੂ ਨੇ ਕਿਹਾ ਕਿ ਉਹ  ਆਪਣੇ ਪੁਰਾਣੇ ਦੋਸਤ ਇਮਰਾਨ ਲਈ ਇਸ ਖੁਸ਼ੀ ਦੇ ਮੌਕੇ 'ਤੇ ਕੋਈ ਗਿਫਟ ਜ਼ਰੂਰ ਲੈ ਕੇ ਜਾਣਗੇ। ਇਸ ਗਿਫਟ ਵਿਚ ਸ਼ਾਨਦਾਰ ਕਸ਼ਮੀਰੀ ਸ਼ਾਲ ਅਤੇ ਪੰਜਾਬੀ ਖੁਸੇ (ਰਵਾਇਤੀ ਜੁੱਤੀ) ਸ਼ਾਮਲ ਹੋ ਸਕਦੇ ਹਨ। 


Related News