'ਮੈਂ ਭਗਵੰਤ ਮਾਨ ਦਾ ਕੀ ਚੁੱਕ ਲਿਆ', ਨਿੱਕੇ ਸਿੱਧੂ ਸਮੇਤ ਧਰਨੇ 'ਤੇ ਬੈਠ ਗਿਆ ਮੂਸੇਵਾਲਾ ਦਾ ਪਰਿਵਾਰ
Wednesday, Feb 11, 2026 - 12:34 PM (IST)
ਮਾਨਸਾ (ਵੈੱਬ ਡੈਸਕ): ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਪੂਰਾ ਪਰਿਵਾਰ ਮਾਨਸਾ ਦੇ ਐੱਸ. ਐੱਸ. ਪੀ. ਦਫ਼ਤਰ ਵਿਖੇ ਧਰਨੇ 'ਤੇ ਬੈਠ ਗਿਆ ਹੈ। ਇਸ ਦੌਰਾਨ ਮੂਸੇਵਾਲਾ ਦੇ ਮਾਪਿਆਂ ਨੇ ਭਗਵੰਤ ਮਾਨ ਸਰਕਾਰ ਅਤੇ ਪੁਲਸ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਗਾਏ ਹਨ ਤੇ ਨਾਲ ਹੀ ਕਿਹਾ ਹੈ ਕਿ ਜਦੋਂ ਤਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਜਾਂਦਾ, ਉਹ ਪੱਕੇ ਤੌਰ 'ਤੇ ਇੱਥੇ ਬੈਠਣਗੇ।
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਅਸੀਂ ਜਨਵਰੀ ਵਿਚ ਸਾਡੇ ਨਾਲ ਹੋਈ ਧੋਖਾਧੜੀ ਨੂੰ ਲੈ ਕੇ ਇਕ ਦਰਖਾਸਤ ਦਿੱਤੀ ਸੀ, ਜਿਸ ਉੱਪਰ ਮਾਨਸਾ ਪੁਲਸ ਗੌਰ ਕਰਨ ਨੂੰ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬੰਟੀ ਬੈਂਸ ਦੇ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ ਸੀ। ਬਲਕੌਰਰ ਸਿੰਘ ਨੇ ਕਿਹਾ ਕਿ, "CM ਦਾ ਓ.ਐੱਸ.ਡੀ. ਮੇਰੇ ਕੇਸ ਨੂੰ ਪ੍ਰਭਾਵਿਤ ਕਰੀ ਜਾਂਦਾ ਹੈ, ਮੈਂਨੂੰ ਸਮਝ ਨਹੀਂ ਆਉਂਦੀ ਮੈਂ ਭਗਵੰਤ ਮਾਨ ਦਾ ਕੀ ਚੁੱਕ ਲਿਆ ਹੈ।" ਬਲਕੌਰ ਸਿੰਘ ਤੇ ਚਰਨ ਕੌਰ ਨੇ ਕਿਹਾ ਕਿ ਪਹਿਲਾਂ ਸਾਡਾ ਪੁੱਤ ਮਰਵਾ ਦਿੱਤਾ ਤੇ ਹੁਣ ਉਸ ਦੀ ਕਮਾਈ ਵੀ ਖਾਈ ਜਾ ਰਹੇ ਹਨ, ਅਸੀਂ ਆਪਣਾ ਟੱਬਰ ਕਿਵੇਂ ਪਾਲਾਂਗੇ। ਉਨ੍ਹਾਂ ਕਿਹਾ ਕਿ ਸਾਡੇ ਕੋਲ ਇਨ੍ਹਾਂ ਨੂੰ ਰਿਸ਼ਵਤ ਦੇਣ ਲਈ ਪੈਸੇ ਨਹੀਂ ਹਨ।

ਬਲਕੌਰ ਸਿੰਘ ਨੇ ਭਰੇ ਮਨ ਨਾਲ ਕਿਹਾ, "CM ਸਾਹਿਬ ਇਕ ਪਾਸੇ ਤਾਂ ਤੁਸੀਂ ਗੈਂਗਸਟਰਾਂ ਦੇ ਖਿਲਾਫ ਪ੍ਰਹਾਰ ਕਰਨ ਦੀਆਂ ਗੱਲਾਂ ਕਰਦੇ ਹੋ, ਪਰ ਉਹ ਪ੍ਰਹਾਰ ਕਿੱਥੇ ਹੈ? ਪੀੜਤ ਤੁਹਾਡੇ ਮੂਹਰੇ ਹੱਥ ਬੰਨੀ ਜਾਂਦਾ, ਛੇ ਮਹੀਨਿਆਂ ਤੋਂ ਸੀਐਮ ਦਾ ਓ.ਐੱਸ.ਡੀ. ਹੀ ਸਾਰੇ ਕੇਸ ਨੂੰ ਪ੍ਰਭਾਵਿਤ ਕਰੀ ਜਾਂਦਾ। ਮੈਂ ਭਗਵੰਤ ਮਾਨ ਦਾ ਕੀ ਚੱਕਿਆ? ਮੈਨੂੰ ਦੱਸੋ। ਆਹ ਸਰਕਾਰ ਹੀ ਡਰਾਮੇ ਕਰਦੀ ਹੈ, ਅਸੀਂ ਬੁਢਾਪੇ ਵਿਚ ਗੇੜੇ ਕੱਢ ਰਹੇ ਹਾਂ ਕਿ ਪੁਲਸ ਸਾਡੀ ਜਾਇਜ਼ ਗੱਲ ਮੰਨ ਲਵੇ।"
ਉਨ੍ਹਾਂ ਨੇ ਭਰੇ ਮਨ ਨਾਲ ਕਿਹਾ ਕਿ ਉਹ ਜੂਨ 2025 ਤੋਂ ਪੁਲਸ ਕੋਲ ਚੱਕਰ ਕੱਟ ਰਹੇ ਹਨ, ਪਰ ਉਨ੍ਹਾਂ ਦੀ ਸ਼ਿਕਾਇਤ 'ਤੇ ਕੋਈ ਕਾਰਵਾਈ ਨਹੀਂ ਰਹੀ ਹੈ। ਬਲਕੌਰ ਸਿੰਘ ਨੇ ਦੋਸ਼ ਲਾਇਆ ਕਿ ਪਿਛਲੇ ਪੰਜ ਦਿਨਾਂ ਤੋਂ ਉਸ ਦੀ ਸ਼ਿਕਾਇਤ ਐੱਸ.ਐੱਸ.ਪੀ. ਸਾਹਿਬ ਨੇ ਇਕ ਬੰਦ ਲਿਫਾਫੇ ਵਿਚ ਰੱਖੀ ਹੋਈ ਹੈ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ, "ਕਿਹੜੇ ਗੈਂਗਸਟਰਾਂ ਦੇ ਖਿਲਾਫ ਬੋਲੋਗੇ ਤੁਸੀਂ? ਪਹਿਲਾਂ ਖਾਖੀ ਵਾਲੇ ਗੈਂਗਸਟਰਾਂ ਨੂੰ ਕਾਬੂ ਕਰੋ ਜਿਹੜੇ ਇੱਥੇ ਬੈਠੇ ਨੇ, ਤੁਸੀਂ ਮਾਨਸਾ 'ਚ ਲੁੱਟ ਮਚਾ ਰੱਖੀ ਹੈ"। ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਨੂੰ ਟੈਕਸ ਦੇਣ ਦੇ ਬਾਵਜੂਦ ਵੀ ਉਨ੍ਹਾਂ ਨਾਲ ਅਜਿਹਾ ਸਲੂਕ ਕੀਤਾ ਜਾ ਰਿਹਾ ਹੈ ਅਤੇ ਪੁਲਸ ਸਿਰਫ ਉਦੋਂ ਤੱਕ ਪੁਲਸ ਹੈ ਜਦੋਂ ਤੱਕ ਉਹ ਮਦਈ (ਸ਼ਿਕਾਇਤਕਰਤਾ) ਦਾ ਪੱਖ ਸੁਣਦੀ ਹੈ, ਪਰ ਇੱਥੇ ਪੁਲਸ ਦੋਸ਼ੀਆਂ ਦੇ ਨਾਲ ਖੜੀ ਨਜ਼ਰ ਆ ਰਹੀ ਹੈ।
ਮੁੱਖ ਮੰਤਰੀ ਦੇ ਓ.ਐਸ.ਡੀ. 'ਤੇ ਕੇਸ ਪ੍ਰਭਾਵਿਤ ਕਰਨ ਦੇ ਇਲਜ਼ਾਮ
ਬਲਕੌਰ ਸਿੰਘ ਨੇ ਸਿੱਧੇ ਤੌਰ 'ਤੇ ਮੁੱਖ ਮੰਤਰੀ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਇਕ ਪਾਸੇ ਸਰਕਾਰ ਗੈਂਗਸਟਰਾਂ ਵਿਰੁੱਧ ਪ੍ਰਹਾਰ ਕਰਨ ਦੀ ਗੱਲ ਕਰਦੀ ਹੈ, ਪਰ ਦੂਜੇ ਪਾਸੇ ਪੀੜਤ ਛੇ ਮਹੀਨਿਆਂ ਤੋਂ ਹੱਥ ਬੰਨ੍ਹ ਕੇ ਖੜ੍ਹਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ "ਸੀ.ਐੱਮ. ਦਾ ਓ.ਐੱਸ.ਡੀ. ਸਾਰੇ ਕੇਸ ਨੂੰ ਪ੍ਰਭਾਵਿਤ ਕਰ ਰਿਹਾ ਹੈ"। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸ਼ਿਕਾਇਤ ਨੂੰ ਜਨਤਕ ਕਰਕੇ ਉਸ ਨਾਲ ਜ਼ੁਲਮ ਕੀਤਾ ਜਾ ਰਿਹਾ ਹੈ।
ਬਲਕੌਰ ਸਿੰਘ ਅਨੁਸਾਰ ਉਸ ਦੇ ਪੁੱਤ ਦਾ ਕਾਰੋਬਾਰ ਖੋਹ ਲਿਆ ਗਿਆ ਹੈ ਅਤੇ ਜਦੋਂ ਉਹ ਹਿਸਾਬ ਮੰਗਦਾ ਹੈ ਤਾਂ ਕੋਈ ਜਵਾਬ ਨਹੀਂ ਮਿਲਦਾ। ਉਨ੍ਹਾਂ ਨੇ ਕਿਹਾ, "ਮੇਰੇ ਕੋਲ ਰਿਸ਼ਵਤ ਦੇਣ ਲਈ ਪੈਸੇ ਨਹੀਂ ਹਨ, ਕਿੱਥੋਂ ਦੇਵਾਂ? ਪੁੱਤ ਮਾਰ ਦਿੱਤਾ ਅਤੇ ਕਮਾਈ ਸਾਰੀ ਖਾ ਗਏ"। ਉਨ੍ਹਾਂ ਨੇ ਸਵਾਲ ਕੀਤਾ ਕਿ ਹੁਣ ਉਹ ਇਨਸਾਫ਼ ਲਈ ਕਿੱਥੇ ਜਾਣ, ਹਾਈ ਕੋਰਟ, ਸੀ.ਬੀ.ਆਈ. ਜਾਂ ਮਾਨਸਾ ਪੁਲਸ ਕੋਲ?
ਇਸ ਮੌਕੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਹਾਰਟ ਪੇਸ਼ੰਟ ਹਨ ਅਤੇ ਉਨ੍ਹਾਂ ਦੇ ਪੰਜ ਸਟੰਟ ਪਏ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਕਿਸੇ ਦੀ ਚੀਜ਼ 'ਤੇ ਕਬਜ਼ਾ ਨਹੀਂ ਕਰਨਾ ਚਾਹੁੰਦੇ, ਸਿਰਫ ਆਪਣਾ ਹੱਕ ਅਤੇ ਹਿਸਾਬ ਮੰਗ ਰਹੇ ਹਨ। ਉਨ੍ਹਾਂ ਕਿਹਾ, "ਸਾਨੂੰ ਇੱਥੇ ਰੁਲਣ ਦਾ ਕੋਈ ਸ਼ੌਕ ਨਹੀਂ, ਸਾਨੂੰ ਸਿਰਫ ਇਨਸਾਫ਼ ਚਾਹੀਦਾ ਹੈ"। ਇਸ ਧਰਨੇ ਦੌਰਾਨ ਮਾਤਾ ਚਰਨ ਕੌਰ ਦੇ ਨਾਲ ਛੋਟਾ ਸਿੱਧੂ ਮੂਸੇਵਾਲਾ ਵੀ ਨਜ਼ਰ ਆਇਆ।
