ਨਵਜੋਤ ਸਿੱਧੂ ਨੇ ਮੀਡੀਆ ਤੋਂ ਫੇਰਿਆ ਮੂੰਹ, ਜਨਤਾ ਤੋਂ ਵੀ ਕੀਤਾ ਕਿਨਾਰਾ
Wednesday, Jul 17, 2019 - 11:10 AM (IST)

ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਵਲੋਂ ਪੰਜਾਬ ਕੈਬਨਿਟ 'ਚੋਂ ਅਸਤੀਫਾ ਦੇਣ ਤੋਂ ਬਾਅਦ ਮੀਡੀਆ ਤੋਂ ਮੂੰਹ ਫੇਰ ਲਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਜਨਤਾ ਤੋਂ ਵੀ ਕਿਨਾਰਾ ਕਰ ਲਿਆ ਹੈ। ਕਾਫੀ ਸਮੇਂ ਤੋਂ ਨਵਜੋਤ ਸਿੱਧੂ ਨੇ ਜਨਤਾ ਤੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ। ਉਨ੍ਹਾਂ ਨੇ ਆਪਣੇ ਅਸਤੀਫੇ ਦੀ ਜਾਣਕਾਰੀ ਵੀ ਟਵਿੱਟਰ ਰਾਹੀਂ ਦਿੱਤੀ ਸੀ।
ਹਾਲਾਂਕਿ ਸਿੱਧੂ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਕਾਂਗਰਸ ਹਾਈਕਮਾਨ ਨੇ ਉਨ੍ਹਾਂ ਨੂੰ ਬੋਲਣ ਤੋਂ ਰੋਕਿਆ ਹੋ ਸਕਦਾ ਹੈ, ਕਿਉਂਕਿ ਉਨ੍ਹਾਂ ਦੀ ਬਿਆਨਬਾਜ਼ੀ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿੱਧੂ ਵਿਚਾਲੇ ਰੇੜਕਾ ਹੋਰ ਵਧ ਸਕਦਾ ਹੈ। ਹੁਣ ਜੇਕਰ ਕੈਪਟਨ ਵਲੋਂ ਸਿੱਧੂ ਦਾ ਅਸਤੀਫਾ ਸਵੀਕਾਰ ਕਰ ਲਿਆ ਜਾਂਦਾ ਹੈ ਤਾਂ ਸਿੱਧੂ ਨੂੰ ਸਰਕਾਰ ਖਿਲਾਫ ਬੋਲਣ ਦੀ ਹੋਰ ਖੁੱਲ੍ਹ ਮਿਲੇ ਜਾਵੇਗੀ, ਜੋ ਕਿ ਮਾੜੀ ਸਥਿਤੀ ਪੈਦਾ ਕਰ ਸਕਦੀ ਹੈ ਕਿਉਂਕਿ ਨਸ਼ਿਆਂ ਨੂੰ ਲੈ ਕੇ ਪੰਜਾਬ ਸਰਕਾਰ ਪਹਿਲਾਂ ਹੀ ਵਿਰੋਧੀ ਧਿਰਾਂ ਦੇ ਨਿਸ਼ਾਨੇ 'ਤੇ ਹੈ। ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸਿੱਧੂ ਅਤੇ ਕੈਪਟਨ ਵਿਚਾਲੇ ਵਧੀਆਂ ਦੂਰੀਆਂ ਘਟਣਗੀਆਂ ਅਤੇ ਦੋਹਾਂ 'ਚ ਹੋਰ ਵੀ ਖਟਾਸ ਆ ਜਾਵੇਗੀ।