ਅਗਨੀਪਥ ਯੋਜਨਾ ਖ਼ਿਲਾਫ਼ 24 ਨੂੰ ਹੋਣਗੇ ਦੇਸ਼ ਵਿਆਪੀ ਰੋਸ ਪ੍ਰਦਰਸ਼ਨ : ਰਾਜਵਿੰਦਰ ਕੌਰ ਰਾਜੂ

06/23/2022 1:07:47 AM

ਜਲੰਧਰ (ਮਹੇਸ਼) : ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਰਾਜਵਿੰਦਰ ਕੌਰ ਰਾਜੂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਦੇ ਵਿਰੋਧ 'ਚ 24 ਜੂਨ ਨੂੰ ਸੰਯੁਕਤ ਕਿਸਾਨ ਮੋਰਚਾ ਅਗਵਾਈ 'ਚ ਦੇਸ਼ ਭਰ ਵਿੱਚ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਕੇ ਜ਼ਿਲ੍ਹਾ, ਸਬ-ਡਵੀਜ਼ਨ ਤੇ ਤਹਿਸੀਲ ਪੱਧਰ 'ਤੇ ਸਰਕਾਰੀ ਅਧਿਕਾਰੀਆਂ ਨੂੰ ਰਾਸ਼ਟਰਪਤੀ ਨੂੰ ਭੇਜੇ ਜਾਣ ਵਾਲੇ ਮੰਗ ਪੱਤਰ ਸੌਂਪੇ ਜਾਣਗੇ। ਇਨ੍ਹਾਂ ਰੋਸ ਮੁਜ਼ਾਹਰਿਆਂ ਵਿੱਚ ਕਿਸਾਨ ਮੋਰਚੇ ਨਾਲ ਜੁੜੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਸ਼ਮੂਲੀਅਤ ਕਰਕੇ ਬੇਰੁਜ਼ਗਾਰਾਂ ਦੇ ਹੱਕ ਵਿੱਚ ਤੇ ਜਨਤਾ ਵਿਰੋਧੀ ਨੀਤੀਆਂ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਨਗੀਆਂ।

ਇਹ ਵੀ ਪੜ੍ਹੋ : ਲੇਹ ਲੱਦਾਖ 'ਚ ਦੇਸ਼ ਦੀ ਰੱਖਿਆ ਕਰਦਾ ਖੰਨਾ ਦੇ ਪਿੰਡ ਸਲੌਦੀ ਦਾ ਨੌਜਵਾਨ ਹੋਇਆ ਸ਼ਹੀਦ (ਵੀਡੀਓ)

ਅੱਜ ਇੱਥੇ ਇਕ ਬਿਆਨ 'ਚ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬਾ ਰਾਜੂ ਨੇ ਕਿਹਾ ਕਿ 24 ਜੂਨ ਨੂੰ ਸਵੇਰੇ ਜ਼ਿਲ੍ਹਾ ਸਕੱਤਰੇਤ ਜਲੰਧਰ ਦੇ ਸਾਹਮਣੇ ਪ੍ਰਦਰਸ਼ਨ ਕਰਕੇ ਇਹ ਮੰਗ ਪੱਤਰ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਸੌਂਪਿਆ ਜਾਵੇਗਾ। ਇਸ ਪ੍ਰੋਗਰਾਮ ਪ੍ਰਤੀ ਸਾਰੀਆਂ ਕਿਸਾਨ ਜਥੇਬੰਦੀਆਂ ਵਿੱਚ ਭਾਰੀ ਉਤਸ਼ਾਹ ਹੈ। ਉਨ੍ਹਾਂ ਸਮੂਹ ਟਰੇਡ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ ਤੇ ਹੋਰਨਾਂ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਬੇਰੁਜ਼ਗਾਰ ਨੌਜਵਾਨਾਂ ਲਈ ਪੱਕੀਆਂ ਨੌਕਰੀਆਂ ਦੀ ਮੰਗ ਖਾਤਰ 24 ਜੂਨ ਨੂੰ ਕੀਤੇ ਜਾ ਰਹੇ ਇਨ੍ਹਾਂ ਰੋਸ ਪ੍ਰਦਰਸ਼ਨਾਂ ਨੂੰ ਸਫਲ ਬਣਾਉਣ।

ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਭੰਡਾਰੀ ਪੁਲ ਤੋਂ ਵਿਅਕਤੀ ਨੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ (ਵੀਡੀਓ)

ਮਹਿਲਾ ਕਿਸਾਨ ਆਗੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਯੋਜਨਾ ਦੇ ਲਾਗੂ ਕਰਨ 'ਤੇ ਤੁਰੰਤ ਰੋਕ ਲਗਾ ਕੇ ਸਥਾਈ ਰੁਜ਼ਗਾਰ ਮੰਗ ਰਹੇ ਦੇਸ਼ ਦੇ ਨੌਜਵਾਨਾਂ ਖਾਸ ਕਰਕੇ ਭਰਤੀ ਹੋਣ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਸੰਤੁਸ਼ਟ ਕੀਤਾ ਜਾਵੇ। ਬੀਬਾ ਰਾਜੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਨਤਾ ਅਤੇ ਸੰਸਦ ਨੂੰ ਭਰੋਸੇ 'ਚ ਲਏ ਬਿਨਾਂ ਲਾਗੂ ਕੀਤੀ ਗਈ ਇਹ ਅਗਨੀਪਥ ਯੋਜਨਾ ਪੂਰੀ ਤਰ੍ਹਾਂ ਇਕਤਰਫਾ ਅਤੇ ਗੈਰ-ਪ੍ਰਸੰਗਿਕ ਹੈ ਅਤੇ ਕਿਸੇ ਵੀ ਤਰ੍ਹਾਂ ਦੇਸ਼ ਦੇ ਨੌਜਵਾਨਾਂ ਦੇ ਹਿੱਤ ਵਿੱਚ ਨਹੀਂ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਦੇ ਕਿਸਾਨ ਅੰਦੋਲਨ ਦੀ ਤਰਜ਼ 'ਤੇ ਇਨ੍ਹਾਂ ਅੰਦੋਲਨਾਂ ਨੂੰ ਅਹਿੰਸਕ ਢੰਗ ਨਾਲ ਚਲਾਉਣ ਅਤੇ ਹਰ ਤਰ੍ਹਾਂ ਦੀਆਂ ਮਾੜੀਆਂ ਘਟਨਾਵਾਂ ਤੋਂ ਦੂਰ ਰਹਿ ਕੇ ਸ਼ਾਂਤਮਈ ਢੰਗ ਨਾਲ ਆਪਣੀਆਂ ਮੰਗਾਂ ਲਈ ਜੂਝਣ। ਬੀਬਾ ਰਾਜੂ ਨੇ ਦੱਸਿਆ ਕਿ ਹਾਲ ਹੀ 'ਚ ਕਰਨਾਲ ਵਿਖੇ ਸੰਯੁਕਤ ਕਿਸਾਨ ਮੋਰਚਾ ਦੀ ਗਠਿਤ 7 ਮੈਂਬਰੀ ਕਮੇਟੀ ਨੇ ਇਸ ਯੋਜਨਾ ਦੇ ਵਿਰੋਧ ਵਿੱਚ ਦੇਸ਼ ਭਰ 'ਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ : ਇਕਬਾਲ ਸਿੰਘ ਲਾਲਪੁਰਾ ਨੇ AAP ਨੂੰ ਭੇਜਿਆ ਲੀਗਲ ਨੋਟਿਸ, ਜਾਣੋ ਕੀ ਹੈ ਮਾਮਲਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News