ਵੱਡੀ ਸਫ਼ਲਤਾ: ਨਾਰਕੋਟਿਕ ਕੰਟਰੋਲ ਸੈੱਲ ਫਿਰੋਜ਼ਪੁਰ ਪੁਲਸ ਹੱਥ ਲੱਗੀ 33 ਕਰੋੜ 65 ਲੱਖ ਰੁਪਏ ਦੀ ਹੈਰੋਇਨ
Friday, Oct 15, 2021 - 10:08 AM (IST)
ਫਿਰੋਜ਼ਪੁਰ (ਕੁਮਾਰ) - ਨਾਰਕੋਟਿਕ ਕੰਟਰੋਲ ਸੈਲ ਫਿਰੋਜ਼ਪੁਰ ਦੀ ਪੁਲਸ ਨੇ ਇੰਸਪੈਕਟਰ ਪਰਮਿੰਦਰ ਸਿੰਘ ਅਤੇ ਏ.ਐੱਸ.ਆਈ. ਅੰਗਰੇਜ ਸਿੰਘ ਦੀ ਅਗਵਾਈ ’ਚ ਇਕ ਤਸਕਰ ਨੂੰ 6 ਕਿਲੋ 730 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਲਗਭਗ 33 ਕਰੋੜ 65 ਲੱਖ ਰੁਪਏ ਦੱਸੀ ਜਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ = ਵਿਆਹ ਕਰਵਾਉਣ ਲਈ 3 ਦਿਨ ਪਹਿਲਾਂ ਦੁਬਈ ਤੋਂ ਪਰਤੇ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ (ਤਸਵੀਰਾਂ)
ਮਿਲੀ ਜਾਣਕਾਰੀ ਅਨੁਸਾਰ ਐੱਸ.ਐੱਸ.ਪੀ. ਫਿਰੋਜ਼ਪੁਰ ਹਰਮਨ ਦੀਪ ਸਿੰਘ ਹਾਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਦੋਂ ਏ.ਐੱਸ.ਆਈ. ਅੰਗਰੇਜ ਸਿੰਘ ਨੇ ਪੁਲਸ ਪਾਰਟੀ ਨਾਲ ਮਿਲ ਕੇ ਪਿੰਡ ਨੌਰੰਗ ਦੇ ਲੇਲੀ ਵਾਲਾ ਇਲਾਕੇ ਵਿੱਚ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਪੁਲਸ ਪਾਰਟੀ ਨੂੰ ਸਾਹਮਣੇ ਤੋਂ ਕਾਲੇ ਰੰਗ ਦੇ ਮੋਟਰਸਾਈਕਲ ’ਤੇ ਆ ਰਿਹਾ ਸ਼ੱਕੀ ਵਿਅਕਤੀ ਮਿਲਿਆ। ਬਿਨਾਂ ਨੰਬਰੀ ਮੋਟਰਸਾਈਕਲ 'ਤੇ ਆਉਂਦਾ ਵਿਅਕਤੀ ਪੁਲਸ ਨੂੰ ਦੇਖ ਘਬਰਾ ਗਿਆ, ਜਿਸ ਤੋਂ ਬਾਅਦ ਉਸ ਨੇ ਆਪਣਾ ਮੋਟਰਸਾਈਕਲ ਪਿੱਛੇ ਵੱਲ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ। ਪੁਲਸ ਨੇ ਸ਼ੱਕ ਦੇ ਆਧਾਰ ’ਤੇ ਉਸ ਨੂੰ ਰੋਕ ਲਿਆ ਅਤੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋ 6 ਕਿਲੋ 730 ਗ੍ਰਾਮ ਹੈਰੋਇਨ ਬਰਾਮਦ ਹੋਈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਕਾਰ ਲੁੱਟਣ ਆਏ ਲੁਟੇਰਿਆਂ ਨੇ ਗੋਲੀਆਂ ਮਾਰ ਕੀਤਾ ਨੌਜਵਾਨ ਦਾ ਕਤਲ (ਵੀਡੀਓ)
ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨੇ ਪੁੱਛਗਿੱਛ ਕਰਨ ’ਤੇ ਪੁਲਸ ਨੂੰ ਆਪਣਾ ਨਾਮ ਦੀਦਾਰ ਸਿੰਘ ਪੁੱਤਰ ਕਸ਼ਮੀਰ ਸਿੰਘ ਪਿੰਡ ਨੌਰੰਗ ਕੇ ਸਿਆਲ ਦੱਸਿਆ ਹੈ। ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਵਿਅਕਤੀ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਅੱਜ ਅਦਾਲਤ ’ਚ ਪੇਸ਼ ਕਰਕੇ ਉਸ ਦਾ ਪੁਲਸ ਰਿਮਾਂਡ ਲਿਆ ਜਾਏਗਾ। ਸੂਤਰਾਂ ਅਨੁਸਾਰ ਇਹ ਹੈਰੋਇਨ ਸਮੱਗਲਰ ਵੱਲੋਂ ਪਾਕਿਸਤਾਨ ਤੋਂ ਮੰਗਵਾਈ ਗਈ ਸੀ।
ਪੜ੍ਹੋ ਇਹ ਵੀ ਖ਼ਬਰ - ਪੰਜਾਬ ਨੂੰ ਲੈ ਕੇ ਗੰਭੀਰ ਹੋਈ ਕੇਂਦਰ ਸਰਕਾਰ : ਹੁਣ ਨਹੀਂ ਹੋਵੇਗਾ ‘ਤੇਰਾ DGP, ਮੇਰਾ DGP’