ਨਕੋਦਰ : ਪਿਓ-ਪੁੱਤਰ ਦਾ ਬੇਰਹਿਮੀ ਨਾਲ ਕਤਲ
Tuesday, Jun 12, 2018 - 12:53 AM (IST)

ਮੱਲ੍ਹੀਆਂ ਕਲਾਂ (ਟੁੱਟ)— ਨਕੋਦਰ-ਕਪੂਰਥਲਾ ਮਾਰਗ 'ਤੇ ਸਥਿਤ ਪਿੰਡ ਤਲਵੰਡੀ ਸਲੇਮ 'ਚ ਪਿਓ-ਪੁੱਤਰ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਮੌਕੇ ਤੋਂ ਮਿਲੀ ਸੂਚਨਾ ਮੁਤਾਬਕ ਪੂਰਨ ਸਿੰਘ ਪੁੱਤਰ ਅਨੰਤ ਰਾਮ ਉਮਰ ਲਗਭਗ 50 ਸਾਲ, ਸੰਦੀਪ ਉਰਫ ਘੁੱਗੀ ਪੁੱਤਰ ਪੂਰਨ ਸਿੰਘ ਵਾਸੀ ਤਲਵੰਡੀ ਸਲੇਮ ਜੋ ਕਿ ਲਗਭਗ 20 ਕੁ ਸਾਲ ਤੋਂ ਤਲਵੰਡੀ ਸਲੇਮ 'ਚ ਪਰਿਵਾਰ ਨਾਲ ਮਜ਼ਦੂਰੀ ਕਰ ਕੇ ਪਰਿਵਾਰ ਪਾਲ ਰਿਹਾ ਸੀ। ਇਹ ਪਰਿਵਾਰ ਗਰੀਬੀ ਕਾਰਨ ਕਾਨਿਆਂ ਦੀ ਕੁੱਲੀ ਬਣਾ ਕੇ ਪਿੰਡ 'ਚ ਰਹਿ ਰਿਹਾ ਹੈ।
ਇਸ ਪਰਿਵਾਰ ਦੇ ਮੁਖੀ ਪੂਰਨ ਸਿੰਘ ਅਤੇ ਉਸਦੇ ਪੁੱਤਰ ਸੰਦੀਪ ਕੁਮਾਰ ਉਰਫ ਘੁੱਗੀ ਦੀਆਂ ਲਾਸ਼ਾ ਅੱਜ ਪਿੰਡ 'ਚੋਂ ਹੀ ਬੜੀ ਬੇਰਹਿਮੀ ਨਾਲ ਕਤਲ ਕੀਤੇ ਹਾਲਾਤ 'ਚ ਮਿਲਿਆਂ ਹਨ। ਜਿਸ ਪਿੱਛੋਂ ਪੂਰੇ ਪਿੰਡ 'ਚ ਦਹਿਸ਼ਤ ਦਾ ਮਾਹੌਲ ਫੈਲ ਗਿਆ। ਪਿੰਡ 'ਚ ਵਾਪਰੇ ਦੋਹਰੇ ਕਤਲਕਾਂਡ ਦੀ ਸੂਚਨਾ ਮਿਲਣ ਪਿੱਛੋਂ ਮੌਕੇ 'ਤੇ ਡੀ. ਐੱਸ. ਪੀ. ਸ਼ਾਹਕੋਟ ਦਿਲਬਾਗ ਸਿੰਘ, ਸਦਰ ਥਾਣਾ ਨਕੋਦਰ ਦੇ ਐੱਸ. ਐੱਚ. ਓ. ਜਸਵਿੰਦਰ ਸਿੰਘ ਤੇ ਚੌਕੀ ਇੰਚਾਰਜ ਪਿੰਡ ਉੱਗੀ ਗਗਨਦੀਪ ਸਿੰਘ ਸੇਖੋਂ ਪੁੱਜੇ। ਜਿਨ੍ਹਾਂ ਨੇ ਖੂਨ ਨਾਲ ਲਥ-ਪਥ ਹੋਈਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ। ਸਦਰ ਥਾਣਾ ਐੱਸ. ਐੱਚ. ਓ. ਨਕੋਦਰ ਜਸਵਿੰਦਰ ਸਿੰਘ ਨੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਵਲੋਂ ਇਸ ਮਾਮਲੇ 'ਚ ਪਿੰਡ ਦੇ ਹੀ ਇਕ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ। ਜਾਂਚ ਉਪਰੰਤ ਕਿਸੇ ਵੀ ਦੋਸ਼ੀ ਨੂੰ ਬਖਸ਼ੀਆ ਨਹੀਂ ਜਾਵੇਗਾ। ਹਿਰਾਸਤ 'ਚ ਲਏ ਗਏ ਵਿਅਕਤੀ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ।