ਨਗਰ ਕੌਂਸਲ ਦੇ ਪ੍ਰਧਾਨ ਨਿਰਮਲਜੀਤ ਨਿੰਮਾ ਨੇ ਕੀਤਾ ਆਤਮ ਸਮਰਪਣ

Wednesday, Feb 14, 2018 - 04:54 AM (IST)

ਨਗਰ ਕੌਂਸਲ ਦੇ ਪ੍ਰਧਾਨ ਨਿਰਮਲਜੀਤ ਨਿੰਮਾ ਨੇ ਕੀਤਾ ਆਤਮ ਸਮਰਪਣ

ਬਨੂੜ, (ਗੁਰਪਾਲ)- ਬਨੂੜ ਦੇ ਵਾਰਡ ਨੰਬਰ 7 ਦੀ ਕਾਂਗਰਸੀ ਕੌਂਸਲਰ ਪ੍ਰੀਤੀ ਵਾਲੀਆ ਦੇ ਪਤੀ ਦਲਜੀਤ ਸਿੰਘ ਪਿੰਛੀ ਦੇ 6 ਸਤੰਬਰ ਨੂੰ ਹੋਏ ਕਤਲ ਦੇ ਮਾਮਲੇ ਵਿਚ ਨਾਮਜ਼ਦ ਬਨੂੜ ਨਗਰ ਕੌਂਸਲ ਦੇ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ ਨੇ ਮੋਹਾਲੀ ਦੀ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਹੈ। ਡਿਊਟੀ ਮੈਜਿਸਟ੍ਰੇਟ ਹਰਜਿੰਦਰ ਕੌਰ ਨੇ ਨਿੰਮਾ ਨੂੰ 14 ਦਿਨਾਂ ਲਈ ਅਦਾਲਤੀ ਹਿਰਾਸਤ ਵਿਚ ਪਟਿਆਲਾ ਜੇਲ ਭੇਜ ਦਿੱਤਾ ਹੈ। ਦੱਸਣਯੋਗ ਹੈ ਕਿ 6 ਸਤੰਬਰ ਦੀ ਰਾਤ ਨੂੰ ਕਾਂਗਰਸੀ ਕੌਂਸਲਰ ਦੇ ਪਤੀ ਪਿੰਛੀ ਵਾਲੀਆ ਬਨੂੜ ਤੋਂ ਰਾਜੋਮਾਜਰਾ ਨੂੰ ਜਾਂਦੀ ਲਿੰਕ ਸੜਕ 'ਤੇ ਆਪਣੇ ਸਾਥੀਆਂ ਨਾਲ ਸੈਰ ਕਰ ਰਹੇ ਸਨ ਕਿ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਉਸਦਾ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਦਲਜੀਤ ਸਿੰਘ ਪਿੰਛੀ ਦੇ ਭਤੀਜੇ ਲਵਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਬਨੂੜ ਪੁਲਸ ਨੇ ਕੌਂਸਲ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ, ਉਸ ਦੇ ਭਰਾ ਤੇ ਭਤੀਜੇ, ਦੀਪੂ ਬਨੂੜ ਤੇ ਹੋਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਕੌਂਸਲ ਪ੍ਰਧਾਨ ਤੇ ਉਸ ਦਾ ਪਰਿਵਾਰ ਉਸ ਸਮੇਂ ਤੋਂ ਹੀ ਰੂਪੋਸ਼ ਚੱਲ ਰਿਹਾ ਸੀ। 
ਪੁਲਸ ਨੇ ਇਸ ਮਾਮਲੇ ਵਿਚ ਸ਼ਾਮਲ ਕੁਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਨਿੰਮਾ ਨੇ ਪਹਿਲਾਂ ਮੋਹਾਲੀ ਦੀ ਜ਼ਿਲਾ ਅਦਾਲਤ, ਫਿਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਤੇ ਫਿਰ ਸੁਪਰੀਮ ਕੋਰਟ ਦਿੱਲੀ ਵਿਖੇ ਪਟੀਸ਼ਨਾਂ ਦਾਇਰ ਕਰ ਕੇ ਅਗਾਉਂ ਜ਼ਮਾਨਤ ਮੰਗੀ ਸੀ ਪਰ ਕਿਸੇ ਵੀ ਅਦਾਲਤ ਵੱਲੋਂ ਰਾਹਤ ਨਾ ਮਿਲਣ 'ਤੇ ਕੌਂਸਲ ਪ੍ਰਧਾਨ ਕੋਲ ਆਤਮ ਸਮਰਪਣ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ ਰਿਹਾ। ਇਸ ਕਾਰਨ ਉਨ੍ਹਾਂ ਨੇ ਅੱਜ ਬਾਅਦ ਦੁਪਹਿਰ ਮੋਹਾਲੀ ਦੀ ਜ਼ਿਲਾ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਨਿਰਦੋਸ਼ ਹੈ ਤੇ ਉਹ ਅਦਾਲਤ ਵਿਚੋਂ ਬਰੀ ਹੋ ਕੇ ਆਵੇਗਾ। 
ਸੰਪਰਕ ਕਰਨ 'ਤੇ ਥਾਣਾ ਮੁਖੀ ਇੰਸ. ਗੁਰਜੀਤ ਸਿੰਘ ਨੇ ਦੱਸਿਆ ਕਿ ਬਨੂੜ ਪੁਲਸ ਇਕ ਦੋ ਦਿਨਾ ਵਿਚ ਉਸ ਨੂੰ ਜੇਲ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛਗਿੱਛ ਕਰੇਗੀ। 


Related News