ਲੁਧਿਆਣਾ : ਸਰਦਾਰ ਗੰਨਮੈਨ ਨੇ ਜਾਨ 'ਤੇ ਖੇਡ ਕੇ ਬਚਾਇਆ ਬੈਂਕ ਦਾ ਸੋਨਾ, CCTV ਤਸਵੀਰਾਂ ਆਈਆਂ ਸਾਹਮਣੇ
Wednesday, Nov 03, 2021 - 12:09 PM (IST)
ਲੁਧਿਆਣਾ (ਤਰੁਣ) : ਸਥਾਨਕ ਸੁੰਦਰ ਨਗਰ ਸਥਿਤ ਮੁਥੂਟ ਫਾਈਨਾਂਸ 'ਚ ਬੀਤੇ ਦਿਨੀਂ ਹੋਈ ਲੁੱਟ ਦੀ ਕੋਸ਼ਿਸ਼ ਦੀਆਂ ਸੀ. ਸੀ. ਟੀ. ਵੀ. ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸਰਕਾਰ ਗੰਨਮੈਨ ਸੁਰਜੀਤ ਸਿੰਘ ਨੇ ਕਿਵੇਂ ਆਪਣੀ ਜਾਨ 'ਤੇ ਖੇਡ ਕੇ ਬੈਂਕ ਦਾ ਸੋਨਾ ਬਚਾਇਆ। ਅਸਲ 'ਚ ਜਦੋਂ ਲੁਟੇਰੇ ਮੈਨੇਜਰ ਨੂੰ ਬੰਦੀ ਬਣਾ ਕੇ ਸੋਨਾ ਲੁੱਟਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਸੁਰਜੀਤ ਸਿੰਘ ਮੌਕੇ ’ਤੇ ਪੁੱਜਦਾ ਹੈ ਅਤੇ ਬਹਾਦਰੀ ਨਾਲ ਲੁਟੇਰਿਆਂ ਨੂੰ ਲਲਕਾਰਦਾ ਹੈ। ਸੁਰਜੀਤ ਸਿੰਘ ਨੇ ਪਹਿਲੀ ਮੰਜ਼ਿਲ ’ਤੇ ਸਥਿਤ ਬੈਂਕ ਦਾ ਸ਼ਟਰ ਹੇਠਾਂ ਸੁੱਟ ਦਿੱਤਾ ਅਤੇ ਲੁਟੇਰਿਆਂ ਨੂੰ ਰੋਕਣ ਦੀ ਭਰਪੂਰ ਕੋਸ਼ਿਸ਼ ਕੀਤੀ ਸੀ ਪਰ ਲੁਟੇਰਿਆਂ ਨੇ ਇਹ ਕੋਸ਼ਿਸ਼ ਨਾਕਾਮ ਕਰ ਦਿੱਤੀ ਅਤੇ ਉਹ ਸ਼ਟਰ ਚੁੱਕਣ ’ਚ ਕਾਮਯਾਬ ਹੋ ਗਏ।
ਇਸ ਤੋਂ ਬਾਅਦ ਉਹ ਫਾਇਰਿੰਗ ਕਰਦੇ ਹਨ। ਇਕ ਫਾਇਰ ਸੁਰਜੀਤ ਦੇ ਬਿਲਕੁਲ ਕੋਲੋਂ ਲੰਘਦਾ ਹੋਇਆ ਕੰਧ ’ਚ ਜਾ ਲੱਗਾ, ਜਦੋਂ ਕਿ ਸੁਰਜੀਤ ਦੀ ਬੰਦੂਕ ਤੋਂ ਨਿਕਲੀ ਗੋਲੀ ਇਕ ਲੁਟੇਰੇ ਨੂੰ ਲੱਗਦੀ ਹੈ, ਜਿਸ ਤੋਂ ਬਾਅਦ ਲੁਟੇਰਾ ਉੱਥੇ ਹੀ ਢੇਰ ਹੋ ਜਾਂਦਾ ਹੈ। ਸੁਰੱਖਿਆ ਮੁਲਾਜ਼ਮ ਗੁਰਜੀਤ ਸਿੰਘ ਫਾਇਰ ਕਰਦਾ ਹੋਇਆ ਹੇਠਾਂ ਵੱਲ ਚਲਾ ਜਾਂਦਾ ਹੈ ਅਤੇ ਬਾਹਰੋਂ ਨਿਕਲਣ ਦਾ ਰਸਤਾ ਬੰਦ ਕਰ ਦਿੰਦਾ ਹੈ, ਜਿਸ ਤੋਂ ਬਾਅਦ ਲੁਟੇਰੇ ਸ਼ਟਰ ਚੁੱਕ ਕੇ ਬਾਹਰ ਵੱਲ ਦੇਖਦੇ ਹਨ ਅਤੇ ਪੌੜੀਆਂ ਦੇ ਰਸਤੇ ਹੇਠਾਂ ਝਾਕ ਕੇ ਦੇਖਦੇ ਹਨ ਕਿ ਭੱਜਣ ਦਾ ਰਸਤਾ ਬੰਦ ਹੈ। ਤਦ ਤਿੰਨੇ ਲੁਟੇਰੇ ਛੱਤ ਵੱਲ ਭੱਜਦੇ ਹਨ। ਛੱਤ ਦਾ ਰਸਤਾ ਖੁੱਲ੍ਹਾ ਹੋਣ ਕਾਰਨ ਲੁਟੇਰੇ ਛੱਤ ਟੱਪ ਕੇ ਗਲੀ ਦੇ ਰਸਤੇ ਆਸਾਨੀ ਨਾਲ ਫ਼ਰਾਰ ਹੋ ਜਾਂਦੇ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਦਿੱਤੇ ਦੀਵਾਲੀ ਤੋਹਫ਼ੇ ਦਾ ਨੋਟੀਫਿਕੇਸ਼ਨ ਜਾਰੀ
ਕੀ ਕਹਿੰਦੀ ਹੈ ਪੁਲਸ
ਇਸ ਸਬੰਧੀ ਜਾਂਚ ਅਧਿਕਾਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਲੁਟੇਰਿਆਂ ਦੀ ਭਾਲ ਵਿਚ ਕਈ ਪੁਲਸ ਟੀਮਾਂ ਲੱਗੀਆਂ ਹੋਈਆਂ ਹਨ। ਪੁਲਸ ਮੋਬਾਇਲ ਲੁਕੇਸ਼ਨ ਜ਼ਰੀਏ ਲੁਟੇਰਿਆਂ ਦੀ ਕੜੀ ਨਾਲ ਕੜੀ ਜੋੜ ਕੇ ਉਨ੍ਹਾਂ ਦੀ ਭਾਲ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਲੁਟੇਰੇ ਯੂ. ਪੀ. ਵਿਚ ਹੀ ਕਿਤੇ ਲੁਕ ਕੇ ਬੈਠੇ ਹਨ। ਪੰਜਾਬ ਪੁਲਸ ਯੂ. ਪੀ. ਪੁਲਸ ਦੀ ਮਦਦ ਲੈ ਰਹੀ ਹੈ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਸ ਜਾਂਚ ਵਿਚ ਕਾਫੀ ਸਫ਼ਲਤਾ ਵੀ ਮਿਲੀ ਹੈ ਪਰ ਇਸ ਦਾ ਅਜੇ ਖ਼ੁਲਾਸਾ ਨਹੀਂ ਕੀਤਾ ਜਾ ਸਕਦਾ ਹੈ। ਪੁਲਸ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ