ਜਿਸ ਧੀ ਦੇ ਵਿਆਹ ਦੇ ਕਰ ਰਹੇ ਸੀ ਚਾਅ ਉਸ ਨੂੰ ਚਿਤਾ 'ਤੇ ਦੇਖ ਨਿਕਲੀਆਂ ਧਾਹਾਂ, ਦੋ ਭਰਾਵਾਂ ਸਣੇ ਹੋਇਆ ਸਸਕਾਰ
Thursday, Sep 05, 2024 - 12:08 PM (IST)
ਫਿਰੋਜ਼ਪੁਰ : ਫਿਰੋਜ਼ਪੁਰ ਵਿਚ ਵਾਪਰੇ ਤੀਹਰੇ ਕਤਲ ਕਾਂਡ ਵਿਚ ਮਾਰੇ ਗਈ ਭੈਣ ਅਤੇ ਦੋ ਭਰਾਵਾਂ ਦਾ ਬੁੱਧਵਾਰ ਨੂੰ ਇਕੱਠਿਆਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਫਰੀਦਕੋਟ ਵਿਖੇ ਪੋਸਟਮਾਰਟਮ ਤੋਂ ਬਾਅਦ ਤਿੰਨਾਂ ਦੀਆਂ ਲਾਸ਼ਾਂ ਫਿਰੋਜ਼ਪੁਰ ਲਿਆਂਦੀਆਂ ਗਈਆਂ, ਜਿੱਥੇ ਅਤਿ ਗਮਗੀਨ ਮਾਹੌਲ ਵਿਚ ਸਸਕਾਰ ਕੀਤਾ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਰਾਤ 9 ਵਜੇ ਦੇ ਕਰੀਬ ਤਿੰਨਾਂ ਦਾ ਸਸਕਾਰ ਕੀਤਾ ਗਿਆ। ਇਥੇ ਇਹ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਇਸ ਵਾਰਦਾਤ ਵਿਚ ਕਤਲ ਕੀਤੀ ਗਈ ਲੜਕੀ ਜਸਪ੍ਰੀਤ ਕੌਰ ਦਾ ਕੁੱਝ ਦਿਨਾਂ ਬਾਅਦ ਵਿਆਹ ਸੀ ਅਤੇ ਪਰਿਵਾਰ ਵਿਆਹ ਦੀ ਖਰੀਦਦਾਰੀ ਵਿਚ ਰੁੱਝਿਆ ਹੋਇਆ ਸੀ। ਜਿੱਥੇ ਪਰਿਵਾਰ ਆਪਣੀ ਧੀ ਦੇ ਵਿਆਹ ਦੇ ਚਾਅ ਵਿਚ ਸ਼ਾਪਿੰਗ ਕਰ ਰਿਹਾ ਸੀ, ਉਥੇ ਹੀ ਹੁਣ ਉਸ ਨੂੰ ਚਿਤਾ 'ਤੇ ਦੇਖ ਹੰਝੂ ਨਹੀਂ ਸੀ ਰੁੱਕ ਰਹੇ। ਜਿਸ ਘਰ ਵਿਚ ਜ਼ੋਰਾਂ ਸ਼ੋਰਾਂ ਨਾਲ ਕੁੜੀ ਦੇ ਵਿਆਹ ਦੇ ਚਾਅ ਕੀਤੇ ਜਾ ਰਹੇ ਸਨ, ਉਥੇ ਹੁਣ ਤਿੰਨ ਨੌਜਵਾਨ ਬੱਚਿਆਂ ਦੀ ਮੌਤ ਦੇ ਵੈਣ ਸੁਣ ਕੇ ਹਰ ਅੱਖ ਨਮ ਸੀ। ਸਥਾਨਕ ਲੋਕਾਂ ਵਲੋਂ ਕਾਤਲਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ : ਕੋਲਕਾਤਾ 'ਚ ਵਾਪਰੀ ਦਰਿੰਦਗੀ ਦੀ ਘਟਨਾ ਅਜੇ ਸ਼ਾਂਤ ਨਹੀਂ ਹੋਈ ਕਿ ਹੁਣ ਅੰਮ੍ਰਿਤਸਰ 'ਚ ਵਾਪਰੀ ਵੱਡੀ ਘਟਨਾ
12 ਖਿਲਾਫ ਮਾਮਲਾ ਦਰਜ, ਪੁਲਸ ਨੇ ਵਰਨਾ ਕਾਰ ਤੇ ਹਥਿਆਰ ਲਏ ਕਬਜ਼ੇ ’ਚ ਲਏ
ਫਿਰੋਜ਼ਪੁਰ ਸ਼ਹਿਰ ਦੇ ਕੰਬੋਜ ਨਗਰ ਵਿਚ ਗੁਰਦੁਆਰਾ ਅਕਾਲਗੜ੍ਹ ਸਾਹਿਬ ਨੇਫੇ ਬੀਤੀ ਦੁਪਹਿਰ ਹੋਈ ਫਾਈਰਿੰਗ ਦੌਰਾਨ ਹੋਏ ਤੀਹਰੇ ਕਤਲ ਦੇ ਮਾਮਲੇ ’ਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ 12 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ ਅਤੇ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਵੱਲੋਂ ਐੱਸ. ਐੱਚ. ਓ. ਇੰਸਪੈਕਟਰ ਹਰਿੰਦਰ ਸਿੰਘ ਦੀ ਅਗਵਾਈ ਹੇਠ ਛਾਪਾਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਪੀ. ਇਨਵੈਸਟੀਗੇਸ਼ਨ ਫਿਰੋਜ਼ਪੁਰ ਰਣਧੀਰ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੁੱਦਈਆ ਚਰਨਜੀਤ ਕੌਰ ਪਤਨੀ ਪਰਮਜੀਤ ਸਿੰਘ ਵਾਸੀ ਕੰਬੋਜ ਨਗਰ (ਨੇੜੇ ਗੁਰਦੁਆਰਾ ਅਕਾਲਗੜ੍ਹ ਸਾਹਿਬ) ਫਿਰੋਜ਼ਪੁਰ ਸ਼ਹਿਰ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਹੈ ਕਿ ਬੀਤੀ ਦਿਨ ਦੁਪਹਿਰ ਕਰੀਬ 12 ਵਜੇ ਉਹ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਲਈ ਆਈ ਸੀ।
ਇਹ ਵੀ ਪੜ੍ਹੋ : ਕੈਨੇਡਾ ਤੋਂ ਫਿਰ ਆਈ ਮੰਦਭਾਗੀ ਖ਼ਬਰ, 22 ਸਾਲਾ ਮੁਟਿਆਰ ਗੁਰਮੀਤ ਕੌਰ ਦੀ ਅਚਾਨਕ ਮੌਤ
ਜਦੋਂ ਉਹ ਗੁਰਦੁਆਰਾ ਸਾਹਿਬ ’ਚ ਮੱਥਾ ਟੇਕ ਕੇ ਬਾਹਰ ਖੜ੍ਹੀ ਆਪਣੇ ਬੱਚਿਆਂ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਉਸ ਦਾ ਲੜਕਾ ਦਿਲਦੀਪ ਸਿੰਘ, ਭਤੀਜਾ ਅਨਮੋਲਪ੍ਰੀਤ ਸਿੰਘ, ਭਤੀਜੀ ਜਸਪ੍ਰੀਤ ਕੌਰ, ਬੇਟੇ ਦਾ ਦੋਸਤ ਅਕਾਸ਼ਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਉਰਫ ਜੈਂਟੀ ਕਾਰ ’ਚ ਸਵਾਰ ਹੋ ਕੇ ਗੁਰਦੁਆਰਾ ਸਾਹਿਬ ਨੇੜੇ ਆ ਰਹੇ ਸਨ ਤਾਂ ਮੇਨ ਰੋਡ ਵੱਲੋਂ 3 ਮੋਟਰਸਾਈਕਲਾਂ ’ਤੇ ਸਵਾਰ 9 ਹਥਿਆਰਬੰਦ ਵਿਅਕਤੀ ਰਵਿੰਦਰ ਸਿੰਘ ਉਰਫ ਰਵੀ ਉਰਫ ਸੁੱਖੂ ਪੁੱਤਰ ਕਰਨੈਲ ਸਿੰਘ, ਰਾਜਵੀਰ ਸਿੰਘ ਉਰਫ ਦਲੇਰ ਸਿੰਘ ਪੁੱਤਰ ਮਹਿੰਦਰ ਸਿੰਘ, ਸੁਖਚੈਨ ਸਿੰਘ ਉਰਫ ਜੱਸ ਗਿਆਨੀ ਪੁੱਤਰ ਗੱਬਰ ਸਿੰਘ ਹਲਵਾਈ, ਅਕਸ਼ੇ ਉਰਫ ਭਾਸ਼ੀ ਪੁੱਤਰ ਬਲਵੀਰ ਸਿੰਘ ਅਤੇ ਗੌਤਮ ਪੁੱਤਰ ਚੰਨੂ ਵਾਸੀ ਬਸਤੀ ਬਾਗ, ਫਿਰੋਜ਼ਪੁਰ ਸ਼ਹਿਰ ਅਤੇ ਉਨ੍ਹਾਂ ਦੇ ਨਾਲ 3 ਅਣਪਛਾਤੇ ਨੌਜਵਾਨ (ਜਿਨ੍ਹਾਂ ਨੂੰ ਉਹ ਸਾਹਮਣੇ ਆਉਣ ’ਤੇ ਪਛਾਣ ਸਕਦੀ ਹੈ) ਮੋਟਰਸਾਈਕਲ ’ਤੇ ਆਏ, ਜਿਨ੍ਹਾਂ ਦੇ ਹੱਥਾਂ ’ਚ ਪਿਸਟਲ ਸਨ ਅਤੇ ਉਨ੍ਹਾਂ ਨੇ ਦਿਲਪ੍ਰੀਤ ਦੀ ਕਾਰ ਨੂੰ ਘੇਰ ਲਿਆ ਅਤੇ ਸਾਰਿਆਂ ਨੇ ਕਾਰ ’ਚ ਬੈਠੇ ਹੋਏ ਪਰਿਵਾਰਕ ਮੈਂਬਰਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਇਹ ਵੀ ਪੜ੍ਹੋ : ਫਿਰੋਜ਼ਪੁਰ 'ਚ ਵਾਪਰੇ ਤੀਹਰੇ ਕਤਲ ਕਾਂਡ 'ਚ ਵੱਡੀ ਖ਼ਬਰ, ਸਾਹਮਣੇ ਆਈਆਂ ਹੈਰਾਨ ਕਰਨ ਵਾਲੀਆਂ ਗੱਲਾਂ
ਇਸ ਫਾਈਰਿੰਗ ’ਚ ਉਸ ਦੀ ਭਤੀਜੀ ਜਸਪ੍ਰੀਤ ਕੌਰ ਪੁੱਤਰੀ ਕੁਲਦੀਪ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਬਾਅਦ ’ਚ ਫਿਰੋਜ਼ਪੁਰ ਸ਼ਹਿਰ ਦੇ ਇਕ ਨਿੱਜੀ ਹਸਪਤਾਲ ’ਚ ਇਲਾਜ ਦੌਰਾਨ ਉਸ ਦੇ ਲੜਕੇ ਦਿਲਦੀਪ ਸਿੰਘ ਅਤੇ ਉਸ ਦੇ ਦੋਸਤ ਆਕਾਸ਼ਦੀਪ ਦੀ ਵੀ ਮੌਤ ਹੋ ਗਈ, ਜਦ ਕਿ ਬਾਕੀ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਸ਼ਿਕਾਇਤਕਰਤਾ ਮੁੱਦਈਆ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦੇ ਲੜਕੇ ਦਿਲਦੀਪ ਸਿੰਘ ਦਾ ਆਸ਼ੀਸ਼ ਚੋਪੜਾ ਅਤੇ ਹੈਪੀ ਮੱਲ ਨਾਲ ਪੁਰਾਣਾ ਝਗੜਾ ਚੱਲਦਾ ਸੀ ਅਤੇ ਉਹ ਅਕਸਰ ਹੀ ਦਿਲਦੀਪ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਰਹਿੰਦੇ ਸਨ। ਇਸੇ ਦੁਸ਼ਮਣੀ ਦੇ ਚੱਲਦਿਆਂ ਆਸ਼ੀਸ਼ ਅਤੇ ਹੈਪੀ ਮੱਲ ਦੇ ਕਹਿਣ ’ਤੇ ਇਨ੍ਹਾਂ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਚਲਾ ਕੇ ਉਸ ਦੇ ਪਰਿਵਾਰ ਦੇ ਤਿੰਨ ਬੱਚਿਆਂ ਨੂੰ ਮਾਰ ਦਿੱਤਾ। ਐੱਸ. ਪੀ. ਰਣਧੀਰ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਪੰਜਾਬ ਨੰਬਰ ਦੀ ਇਕ ਵਰਨਾ ਕਾਰ, ਇਕ 30 ਬੋਰ ਦਾ ਪਿਸਟਲ, 2 ਮੈਗਜ਼ੀਨ ਜਿਸ ’ਚ 30 ਬੋਰ ਦੇ 5-5 ਕਾਰਤੂਸ ਅਤੇ ਇਕ 32 ਬੋਰ ਦਾ ਮੈਗਜ਼ੀਨ, ਜਿਸ ’ਚ 32 ਬੋਰ ਦੇ 7 ਕਾਰਤੂਸ ਅਤੇ ਖੋਲ ਕਬਜ਼ੇ ’ਚ ਲਏ ਹਨ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਜਲਦ ਨਾਮਜ਼ਦ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕੁੜੀ ਸਣੇ ਤਿੰਨ ਲੋਕਾਂ ਦਾ ਗੋਲ਼ੀਆਂ ਮਾਰ ਕੇ ਕਤਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8