ਦੋਰਾਹਾ ਦੇ ਪਿੰਡ ''ਚ ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਬੰਦ ਪਈ ਰਸੋਈ ''ਚੋਂ ਮਿਲੀ ਬਦਬੂ ਮਾਰਦੀ ਲਾਸ਼
Tuesday, Jul 06, 2021 - 12:02 PM (IST)
ਦੋਰਾਹਾ (ਵਿਨਾਇਕ) : ਦੋਰਾਹਾ ਥਾਣਾ ਅਧੀਨ ਪੈਂਦੇ ਪਿੰਡ ਬੁਆਣੀ ‘ਚੋਂ ਪੁਲਸ ਨੂੰ ਇਕ 62 ਸਾਲਾ ਵਿਅਕਤੀ ਦੀ ਬੁਰੀ ਤਰ੍ਹਾਂ ਬਦਬੂ ਮਾਰਦੀ ਲਾਸ਼ ਉਸ ਦੇ ਘਰ ਵਿਚੋਂ ਮਿਲੀ ਹੈ। ਇਸ ਸਬੰਧੀ ਪੁਲਸ ਵੱਲੋਂ ਉਸ ਵਿਅਕਤੀ ਦਾ ਕਤਲ ਕੀਤੇ ਜਾਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਆਪਣੇ ਜੱਦੀ ਘਰ ਦੀ ਪੁਰਾਣੀ ਹਵੇਲੀ (ਵੱਡੇ ਘਰ) ਵਿਚ ਇਕੱਲਾ ਰਹਿੰਦਾ ਸੀ ਅਤੇ ਉਸਦੀ ਪਤਨੀ ਆਪਣੇ ਪੇਕੇ ਘਰ ਪਿੰਡ ਖੰਟ ਵਿਖੇ ਰਹਿੰਦੀ ਹੈ। ਪੁਲਸ ਅਨੁਸਾਰ ਮ੍ਰਿਤਕ ਦੀ ਪਛਾਣ ਹਰਜਿੰਦਰ ਸਿੰਘ ਪੁੱਤਰ ਆਜ਼ਾਦੀ ਘੁਲਾਟੀਏ ਸਵ. ਅਜਮੇਰ ਸਿੰਘ ਝੱਜ ਵਾਸੀ ਪਿੰਡ ਬੁਆਣੀ ਥਾਣਾ ਦੋਰਾਹਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਬਿਜਲੀ ਸੰਕਟ ਕਾਰਨ 'ਇੰਡਸਟਰੀ' ਮੁੜ 3 ਦਿਨਾਂ ਲਈ ਬੰਦ ਕਰਨ ਦੇ ਹੁਕਮ
ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਇਸ ਘਟਨਾ ਦਾ ਉਸ ਵੇਲੇ ਪਤਾ ਲਗਾ, ਜਦੋਂ ਉਸਦੇ ਗੁਆਂਢ ‘ਚ ਰਹਿਣ ਵਾਲਿਆਂ ਨੇ ਪਿੰਡ ਦੀ ਪੰਚਾਇਤ ਅਤੇ ਦੋਰਾਹਾ ਪੁਲਸ ਨੂੰ ਜਾਣਕਾਰੀ ਦਿੱਤੀ ਕਿ ਉਕਤ ਵਿਅਕਤੀ ਦੇ ਘਰ ਵਿਚੋਂ ਕਿਸੇ ਲਾਸ਼ ਦੀ ਬਦਬੂ ਆ ਰਹੀ ਹੈ। ਜਦੋਂ ਪੁਲਸ ਪਾਰਟੀ ਨੇ ਮੌਕੇ ‘ਤੇ ਜਾ ਕੇ ਵੇਖਿਆ ਤਾਂ ਇਹ ਲਾਸ਼ ਕੁੱਝ ਦਿਨ ਪੁਰਾਣੀ ਜਾਪ ਰਹੀ ਸੀ ਅਤੇ ਇਸ ਵਿਅਕਤੀ ਦਾ ਕਤਲ ਕੀਤਾ ਹੋਇਆ ਜਾਪ ਰਿਹਾ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਹਰਜਿੰਦਰ ਸਿੰਘ ਦੀ ਉਮਰ 62 ਸਾਲ ਦੇ ਕਰੀਬ ਸੀ ਅਤੇ ਜ਼ਿਆਦਾਤਰ ਉਹ ਆਪਣੇ ਸਹੁਰੇ ਘਰ ਪਿੰਡ ਖੰਟ ਵਿਖੇ ਰਹਿੰਦਾ ਸੀ ਅਤੇ ਕੁੱਝ ਦਿਨ ਪਹਿਲਾ ਹੀ ਪਿੰਡ ਬੁਆਣੀ ਆਇਆ ਸੀ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੀ ਸਿਆਸਤ 'ਚ ਅੱਜ ਅਹਿਮ ਦਿਨ, 'ਕੈਪਟਨ-ਸੋਨੀਆ' ਦੀ ਮੁਲਾਕਾਤ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ
ਦੋਰਾਹਾ ਪੁਲਸ ਨੂੰ ਅੱਜ ਮ੍ਰਿਤਕ ਹਰਜਿੰਦਰ ਸਿੰਘ ਦੀ ਲਾਸ਼ ਉਸਦੇ ਜੱਦੀ ਘਰ ਦੀ ਪੁਰਾਣੀ ਬੰਦ ਪਈ ਰਸੋਈ ਵਿਚੋਂ ਗਲੀ-ਸੜੀ ਹਾਲਤ ਵਿੱਚ ਬਰਾਮਦ ਹੋਈ ਹੈ। ਉਸ ਦੇ ਸਿਰ ਪਿੱਛੇ ਤੇ ਮੱਥੇ ‘ਤੇ ਸੱਟਾਂ ਦੇ ਨਿਸ਼ਾਨ ਹਨ ਅਤੇ ਗਲਾ ਘੁੱਟਣ ਲਈ ਕੱਪੜਾ ਵੀ ਬੰਨ੍ਹਿਆ ਹੋਇਆ ਮਿਲਿਆ ਹੈ। ਘਰ ਦੇ ਹਰ ਕਮਰੇ ਦੇ ਸਮਾਨ ਖਿੱਲਰਿਆ ਹੋਇਆ ਮਿਲਿਆ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪਾਇਲ ਦੇ ਡੀ. ਐਸ. ਪੀ ਹਰਦੀਪ ਸਿੰਘ ਚੀਮਾ, ਮੁੱਖ ਅਫ਼ਸਰ ਥਾਣਾ ਪਾਇਲ ਇੰਸਪੈਕਟਰ ਕਰਨੈਲ ਸਿੰਘ ਤੇ ਥਾਣੇਦਾਰ ਵਿਜੈ ਕੁਮਾਰ ਮੁੱਖ ਅਫ਼ਸਰ ਥਾਣਾ ਦੋਰਾਹਾ ਭਾਰੀ ਪੁਲਸ ਫੋਰਸ ਸਮੇਤ ਘਟਨਾ ਸਥਾਨ ‘ਤੇ ਪੁੱਜ ਗਏ, ਜਿਨ੍ਹਾਂ ਬਰੀਕੀ ਨਾਲ ਘਟਨਾ ਦੀ ਖ਼ੁਦ ਜਾਂਚ ਕੀਤੀ ਅਤੇ ਮੌਕੇ ’ਤੇ ਫਰੈਂਸਿਕ ਟੀਮ ਦੇ ਮਾਹਿਰ ਤੇ ਡਾਗ ਸਕੁਐੱਡ ਨੂੰ ਮੰਗਵਾ ਕੇ ਅੱਗੇ ਜਾਂਚ ਅਰੰਭ ਕਰਕੇ ਲਾਸ਼ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਉਣ ਸਰਕਾਰੀ ਸਿਵਲ ਹਸਪਤਾਲ ਵਿਖੇ ਭੇਜ ਦਿੱਤੀ ਹੈ।
ਇਹ ਵੀ ਪੜ੍ਹੋ : ਜਨਮ ਤੋਂ ਬਾਅਦ 'ਨਵਜੰਮੇ ਬੱਚੇ' ਨੂੰ ਕੂੜੇ ਦੇ ਢੇਰ 'ਤੇ ਸੁੱਟਿਆ, ਕੁੱਤਿਆਂ ਨੇ ਨੋਚ-ਨੋਚ ਖਾਧਾ
ਇਸ ਮੌਕੇ ਡੀ. ਐਸ. ਪੀ ਹਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਲਾਸ਼ ਦੀ ਹਾਲਤ ਤੋਂ ਕਤਲ ਕਈ ਦਿਨ ਪਹਿਲਾਂ ਕੀਤਾ ਗਿਆ ਜਾਪ ਰਿਹਾ ਹੈ। ਪਿੰਡ ਦੇ ਸਰਪੰਚ ਸੁਖਦੇਵ ਸਿੰਘ ਝੱਜ ਨੇ ਦੱਸਿਆ ਕਿ ਮ੍ਰਿਤਕ ਦੇ ਘਰ ਕੋਈ ਬੱਚਾ ਨਹੀ ਸੀ ਅਤੇ ਉਹ ਖੇਤੀਬਾੜੀ ਦਾ ਧੰਦਾ ਕਰਦਾ ਸੀ ਪਰ ਪਿਛਲੇ ਕਾਫੀ ਸਮੇਂ ਤੋਂ ਉਸਨੇ ਆਪਣੀ ਜ਼ਮੀਨ ਨੂੰ ਠੇਕੇ 'ਤੇ ਦਿੱਤਾ ਹੋਇਆ ਸੀ ਅਤੇ ਜ਼ਮੀਨ ਦੇ ਠੇਕੇ ਦੀ ਆਮਦਨ ਨਾਲ ਹੀ ਉਨਾਂ ਦੇ ਘਰ ਦਾ ਗੁਜ਼ਾਰਾ ਚਲਾ ਰਿਹਾ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ