ਚੰਡੀਗੜ੍ਹ 'ਚ ਦਿਨ-ਦਿਹਾੜੇ ਦੁਕਾਨਕਾਰ ਦਾ ਕਤਲ, ਬਚਾਉਣ ਆਈ ਪਤਨੀ ਦੇ ਵੀ ਢਿੱਡ 'ਚ ਮਾਰਿਆ ਚਾਕੂ

Wednesday, Jul 27, 2022 - 01:23 PM (IST)

ਚੰਡੀਗੜ੍ਹ 'ਚ ਦਿਨ-ਦਿਹਾੜੇ ਦੁਕਾਨਕਾਰ ਦਾ ਕਤਲ, ਬਚਾਉਣ ਆਈ ਪਤਨੀ ਦੇ ਵੀ ਢਿੱਡ 'ਚ ਮਾਰਿਆ ਚਾਕੂ

ਚੰਡੀਗੜ੍ਹ (ਵੈੱਬ ਡੈਸਕ, ਸੰਦੀਪ) : ਚੰਡੀਗੜ੍ਹ ਦੇ ਸੈਕਟਰ-26 ਵਿਖੇ ਬਾਪੂਧਾਮ ਕਾਲੋਨੀ 'ਚ ਬੁੱਧਵਾਰ ਨੂੰ ਦਿਨ-ਦਿਹਾੜੇ ਇਕ ਦੁਕਾਨਦਾਰ ਦਾ ਕਤਲ ਕਰ ਦਿੱਤਾ ਗਿਆ। ਜਦੋਂ ਉਸ ਨੂੰ ਬਚਾਉਣ ਲਈ ਪਤਨੀ ਅੱਗੇ ਆਈ ਤਾਂ ਉਸ ਦੇ ਢਿੱਡ 'ਚ ਵੀ ਚਾਕੂ ਮਾਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਅਵਤਾਰ (37) ਵੱਜੋਂ ਹੋਈ ਹੈ। ਜਾਣਕਾਰੀ ਮੁਤਾਬਕ ਸੈਕਟਰ-26 ਬਾਪੂਧਾਮ ਕਾਲੋਨੀ ਵਿਖੇ ਮ੍ਰਿਤਕ ਅਵਤਾਰ ਦੀ ਖਿਡੌਣਿਆਂ ਦੀ ਦੁਕਾਨ ਹੈ, ਜਿੱਥੇ ਉਹ ਅਤੇ ਉਸ ਦੀ ਪਤਨੀ ਆਰਤੀ (35) ਬੈਠਦੇ ਸਨ।

ਇਹ ਵੀ ਪੜ੍ਹੋ : NGT ਦੀ ਵੱਡੀ ਕਾਰਵਾਈ : ਲੁਧਿਆਣਾ ਨਗਰ ਨਿਗਮ ਨੂੰ ਠੋਕਿਆ 100 ਕਰੋੜ ਦਾ ਜੁਰਮਾਨਾ, ਜਾਣੋ ਪੂਰਾ ਮਾਮਲਾ

ਉਨ੍ਹਾਂ ਦੀ ਦੁਕਾਨ ਦੇ ਬਿਲਕੁਲ ਨਾਲ ਹੀ ਇਕ ਹੋਰ ਖਿਡੌਣਿਆਂ ਦੀ ਦੁਕਾਨ ਹੈ, ਜਿਸ ਨੂੰ ਇਕ ਨੌਜਵਾਨ ਚਲਾਉਂਦਾ ਹੈ। ਅਵਤਾਰ ਅਤੇ ਉਸ ਦੀ ਪਤਨੀ ਦਾ ਉਕਤ ਨੌਜਵਾਨ ਨਾਲ ਕਿਸੇ ਗੱਲ ਨੂੰ ਲੈ ਕੇ ਕਈ ਵਾਰ ਲੜਾਈ-ਝਗੜਾ ਹੋ ਚੁੱਕਾ ਹੈ। ਅੱਜ ਦੁਪਹਿਰ 12 ਵਜੇ ਦੇ ਕਰੀਬ ਦੁਬਾਰਾ ਕਿਸੇ ਗੱਲ ਨੂੰ ਲੈ ਕੇ ਅਵਤਾਰ ਦਾ ਉਕਤ ਨੌਜਵਾਨ ਨਾਲ ਝਗੜਾ ਹੋ ਗਿਆ। ਇਸ ਤੋਂ ਬਾਅਦ ਗੁੱਸੇ 'ਚ ਆਏ ਨੌਜਵਾਨ ਨੇ ਅਵਤਾਰ 'ਤੇ ਚਾਕੂ ਨਾਲ ਹਮਲਾ ਕਰਕੇ ਉਸ ਨੂੰ ਲਹੂ-ਲੁਹਾਨ ਕਰ ਦਿੱਤਾ।

ਇਹ ਵੀ ਪੜ੍ਹੋ : ਜਗਰਾਓਂ ਦੇ SSP ਦਫ਼ਤਰ 'ਚ ਚੱਲੀ AK-47, ਥਾਣੇਦਾਰ ਦੀ ਮੌਤ (ਵੀਡੀਓ)

ਜਦੋਂ ਆਪਣੇ ਪਤੀ ਦੇ ਬਚਾਅ 'ਚ ਆਰਤੀ ਅੱਗੇ ਆਈ ਤਾਂ ਨੌਜਵਾਨ ਨੇ ਉਸ ਦੇ ਢਿੱਡ 'ਚ ਵੀ ਚਾਕੂ ਮਾਰ ਦਿੱਤਾ, ਜਿਸ ਕਾਰਨ ਉਹ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਨੌਜਵਾਨ ਫ਼ਰਾਰ ਹੋ ਗਿਆ। ਫਿਲਹਾਲ ਘਟਨਾ ਦੌਰਾਨ ਜ਼ਖਮੀ ਹੋਏ ਪਤੀ-ਪਤਨੀ ਨੂੰ ਇਲਾਜ ਲਈ ਸੈਕਟਰ-16 ਦੇ ਹਸਪਤਾਲ ਦਾਖ਼ਲ ਕਰਾਇਆ ਗਿਆ। ਇੱਥੇ ਡਾਕਟਰਾਂ ਨੇ ਅਵਤਾਰ ਨੂੰ ਮ੍ਰਿਤਕ ਕਰਾਰ ਦਿੱਤਾ, ਜਦੋਂ ਕਿ ਉਸ ਦੀ ਪਤਨੀ ਜੇਰੇ ਇਲਾਜ ਹੈ। ਫਿਲਹਾਲ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News