ਕਤਲ ਕੇਸ ’ਚ ਜ਼ਮਾਨਤ ’ਤੇ ਆਏ ਨੌਜਵਾਨ ਨੇ ਮਹਿਲਾ ਵਕੀਲ ’ਤੇ ਸੁੱਟਿਆ ਤੇਜ਼ਾਬ, ਵਾਲ-ਵਾਲ ਬਚੀ
Monday, Mar 14, 2022 - 10:26 AM (IST)
ਅੰਮ੍ਰਿਤਸਰ (ਜਸ਼ਨ)- ਮਜੀਠਾ ਜ਼ਿਲ੍ਹੇ ’ਚ ਇਕ ਵੱਡੀ ਘਟਨਾ ਉਸ ਸਮੇਂ ਸਾਹਮਣੇ ਆਈ, ਜਦੋਂ ਇਕ ਕਤਲ ਅਤੇ ਨਸ਼ਾ ਸਮੱਗਲਿੰਗ ਦੇ ਇਕ ਮਾਮਲੇ ’ਚ ਜ਼ਮਾਨਤ ’ਤੇ ਰਿਹਾਅ ਹੋਏ ਦੋਸ਼ੀ ਕਰਨ ਨੇ ਮਜੀਠਾ ਦੇ ਇਕ ਪਿੰਡ ’ਚ ਇਕ ਮਹਿਲਾ ਵਕੀਲ ’ਤੇ ਤੇਜ਼ਾਬ ਦੀ ਬੋਤਲ ਸੁੱਟ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਮਹਿਲਾ ਵਕੀਲ ਨੇ ਆਪਣੀ ਵਕਾਲਤ ਦੀ ਪੜ੍ਹਾਈ ਪੂਰੀ ਕੀਤੀ ਹੈ ਅਤੇ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਵਿੱਚ ਪ੍ਰੈਕਟਿਸ ਕਰਦੀ ਹੈ।
ਘਟਨਾ ਦੌਰਾਨ ਖੁਸ਼ਕਿਸਮਤੀ ਇਹ ਰਹੀ ਕਿ ਪੀੜਤ ਪ੍ਰਿਆ ਵਾਸੀ ਫਤਿਹਗੜ੍ਹ ਚੂੜੀਆਂ ਦੀ ਸਿਆਣਪ ਕਾਰਨ ਇਹ ਤੇਜ਼ਾਬ ਸਿੱਧਾ ਉਸ ਦੇ ਚਿਹਰੇ ’ਤੇ ਨਹੀਂ ਡਿੱਗਿਆ। ਇਸ ਘਟਨਾ ਦੌਰਾਨ ਉਸ ਨੇ ਉਸੇ ਸਮੇਂ ਆਪਣੇ ਚਿਹਰੇ ’ਤੇ ਬਾਂਹ ਅੱਗੇ ਕਰ ਦਿੱਤੀ ਸੀ, ਜਿਸ ਕਾਰਨ ਤੇਜ਼ਾਬ ਉਸ ਦੀ ਜੈਕੇਟ ’ਤੇ ਡਿੱਗ ਗਿਆ ਸੀ ਅਤੇ ਉਹ ਵਾਲ-ਵਾਲ ਬਚ ਗਈ।
ਇਸ ਮਾਮਲੇ ਦੀ ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਵਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਪੁਲਸ ਦੇ ਤਫ਼ਤੀਸ਼ੀ ਅਫ਼ਸਰ ਏ. ਐੱਸ. ਆਈ. ਦਲਜੀਤ ਕੌਰ ਨੇ ਦਾਅਵਾ ਕਰਦੇ ਹੋਏ ਕਿਹਾ ਹੈ ਕਿ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸਾਰੇ ਸਬੂਤ ਇਕੱਠੇ ਕਰ ਲਏ ਹਨ, ਜਿਸ ਦੇ ਆਧਾਰ ’ਤੇ ਜਲਦੀ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ।