ਨੇਤਰਹੀਣ ਅੌਰਤ ਦੇ ਕਤਲ ਦੀ ਗੁੱਥੀ ਸੁਲਝੀ ਦੋਸ਼ੀ ਔਰਤ ਗ੍ਰਿਫਤਾਰ, ਪਤੀ ਫਰਾਰ
Sunday, Jul 29, 2018 - 05:40 AM (IST)
ਅੰਮ੍ਰਿਤਸਰ, (ਬੌਬੀ)- ਥਾਣਾ ਬੀ-ਡਵੀਜ਼ਨ ਅਨੁਸਾਰ ਆਉਂਦੇ ਖੇਤਰ ਸ਼ਹੀਦ ਊਧਮ ਸਿੰਘ ਨਗਰ ਬਾਜ਼ਾਰ ਨੰਬਰ 5 ’ਚ ਨੇਤਰਹੀਣ ਔਰਤ ਜਿਸ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ, 3 ਦਿਨਾਂ ਬਾਅਦ ਪੁਲਸ ਨੇ ਦੋਸ਼ੀ ਨੂੰ ਫਡ਼ਨ ਵਿਚ ਸਫਲਤਾ ਹਾਸਲ ਕੀਤੀ ਹੈ।
ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਅਾਂ ਏ. ਡੀ. ਸੀ. ਪੀ. ਇਨਵੈਸ਼ਟੀਗੇਸ਼ਨ ਕ੍ਰਾਈਮ ਜਗਮੋਹਨ ਸਿੰਘ ਤੇ ਏ. ਡੀ. ਸੀ. ਪੀ. ਸਿਟੀ-1 ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਦੋਸ਼ੀ ਰਣਜੀਤ ਸਿੰਘ ਉਰਫ ਬੱਬਲ ਪੁੱਤਰ ਜੋਗਿੰਦਰ ਸਿੰਘ ਵਾਸੀ ਸ਼ਹੀਦ ਊਧਮ ਸਿੰਘ ਨਗਰ ਤੇ ਸੁਮਨ ਪਤਨੀ ਰਣਜੀਤ ਸਿੰਘ ’ਤੇ ਧਾਰਾ 302 ਕਤਲ ਕਰਨ ਦੇ ਦੋਸ਼ ’ਚ ਸੁਮਨ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਸ ਦਾ ਪਤੀ ਫਰਾਰ ਹੋ ਗਿਆ ਹੈ, ਜਿਸ ਨੂੰ ਫਡ਼ਨ ਲਈ ਥਾਣਾ ਮੁਖੀ ਸੁਖਬੀਰ ਸਿੰਘ ਨੇ ਇਕ ਟੀਮ ਦਾ ਗਠਨ ਕੀਤਾ ਹੈ, ਜੋ ਛਾਪੇਮਾਰੀ ਕਰ ਕੇ ਉਸ ਨੂੰ ਫਡ਼ਨ ਦੀ ਕੋਸ਼ਿਸ਼ ਕਰੇਗੀ। ਦੋਸ਼ੀ ਸੁਮਨ ਨੇ ਦੱਸਿਆ ਕਿ ਉਹ 25 ਜੁਲਾਈ ਨੂੰ ਰਾਤ 11 ਵਜੇ ਮ੍ਰਿਤਕ ਇੰਦਰਜੀਤ ਕੌਰ ਦੇ ਘਰ ’ਚ ਦਾਖਲ ਹੋ ਗਏ ਸਨ ਅਤੇ ਅਲਮਾਰੀਆਂ ਤੋਡ਼ ਕੇ ਉਨ੍ਹਾਂ ’ਚੋਂ 15,000 ਦੀ ਨਕਦੀ ਤੇ ਸੋਨਾ ਚੋਰੀ ਕਰ ਲਿਆ। ਜਦੋਂ ਉਹ ਲੁੱਟ ਦੀ ਵਾਰਦਾਤ ਕਰ ਰਹੇ ਸਨ ਤਾਂ ਮ੍ਰਿਤਕਾ ਨੇ ਆਵਾਜ਼ ਸੁਣ ਕੇ ਸਾਨੂੰ ਪਛਾਣ ਲਿਆ ਤੇ ਅਸੀਂ ਕਿਤੇ ਫਡ਼ੇ ਨਾ ਜਾਈਏ, ਇਸ ਲਈ ਅਸੀਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਸੁਮਨ ਨੇ ਦੱਸਿਆ ਕਿ ਸਾਡੀ ਮਾਲੀ ਹਾਲਤ ਬਹੁਤ ਖਰਾਬ ਸੀ ਅਤੇ ਘਰ ਦੇ ਗੁਜ਼ਾਰੇ ਲਈ ਅਸੀਂ ਮਾਰਕੀਟ ਤੋਂ ਕੁਝ ਪੈਸੇ ਵੀ ਉਧਾਰ ਲਏ ਸਨ ਤੇ ਉਹ ਲੋਕ ਸਾਡੇ ਤੋਂ ਉਧਾਰੀ ਵਾਪਸ ਮੰਗ ਰਹੇ ਸਨ। ਉਸ ਨੇ ਕਿਹਾ ਕਿ ਮੇਰਾ ਪਤੀ ਰੰਗ-ਰੋਗਨ ਦਾ ਕੰਮ ਕਰਦਾ ਹੈ, ਜੋ ਅੱਜਕਲ ਬਿਲਕੁਲ ਨਹੀਂ ਹੈ ਤਾਂ ਅਸੀਂ ਸੋਚਿਆ ਕਿ ਕਿਉਂ ਨਾ ਇੰਦਰਜੀਤ ਦੇ ਘਰੋਂ ਪੈਸੇ ਚੋਰੀ ਕਰ ਲਏ ਜਾਣ, ਜਿਸ ਨਾਲ ਸਾਡੀ ਮੁਸ਼ਕਿਲ ਹੱਲ ਹੋ ਜਾਵੇਗੀ, ਉਹ ਘਰ ਵਿਚ ਇਕੱਲੀ ਹੀ ਤਾਂ ਰਹਿੰਦੀ ਹੈ ਪਰ ਉਸ ਨੇ ਸਾਡੀ ਅਾਵਾਜ਼ ਪਛਾਣ ਲਈ ਤੇ ਮਜਬੂਰਨ ਸਾਨੂੰ ਉਸ ਨੂੰ ਮੌਤ ਦੇ ਘਾਟ ਉਤਾਰਨਾ ਪਿਆ। ਪੁਲਸ ਅਨੁਸਾਰ ਦੋਸ਼ੀ ਦੇ ਘਰੋਂ 24 ਹਜ਼ਾਰ ਦੀ ਨਕਦੀ, ਇੰਦਰਜੀਤ ਕੌਰ ਦਾ ਸ਼ਨਾਖਤੀ ਕਾਰਡ ਤੇ ਹੋਰ ਸਾਮਾਨ ਬਰਾਮਦ ਹੋਇਆ।
ਦੋਸ਼ੀ ਨੇ ਦੱਸਿਆ ਕਿ ਰਾਣਾ ਤੋਂ ਅਸੀਂ ਪੈਸੇ ਉਧਾਰ ਲਈ ਸਨ ਤਾਂ ਅਗਲੇ ਦਿਨ ਅਸੀਂ ਉਸ ਦੇ 7 ਹਜ਼ਾਰ ਰੁਪਏ ਚੋਰੀ ਕੀਤੇ ਗਏ ਪੈਸਿਆਂ ਤੋਂ ਵਾਪਸ ਕਰ ਦਿੱਤੇ।
ਥਾਣਾ ਮੁਖੀ ਸੁਖਬੀਰ ਸਿੰਘ ਦਾ ਕਹਿਣਾ ਹੈ ਕਿ ਰਣਜੀਤ ਸਿੰਘ ਉਰਫ ਬੱਬਲ ਜੋ
ਕਿ ਫਰਾਰ ਹੈ ਤੇ ਜੇਕਰ ਉਸ ਦਾ ਸਾਥ
ਦੇਣ ਵਾਲਾ ਉਸ ਦਾ ਕੋਈ ਸਾਥੀ ਵੀ ਹੈ ਤਾਂ ਉਸ ਨੂੰ ਵੀ ਗ੍ਰਿਫਤਾਰ ਕਰ ਕੇ ਸਲਾਖਾਂ ਪਿੱਛੇ ਭੇਜਿਆ ਜਾਵੇਗਾ। ਉਨ੍ਹਾਂ ਦੀ ਛਾਪੇਮਾਰੀ ਲਈ ਇਕ ਵੱਖਰੀ ਟੀਮ ਤਿਆਰ ਕਰ ਕੇ ਦਿੱਤੀ ਗਈ ਹੈ, ਜੋ ਦੋਸ਼ੀਆਂ ਦੀ ਭਾਲ ਕਰੇਗੀ।
