ਵਿਆਹ ਦਾ ਝਾਂਸਾ ਦੇ ਕੇ ਤਲਾਕਸ਼ੁਦਾ ਔਰਤ ਨਾਲ ਸ਼ੋਸ਼ਣ ਦਾ ਦੋਸ਼, ਮਾਮਲਾ ਦਰਜ
Wednesday, Feb 04, 2026 - 01:18 PM (IST)
ਜ਼ੀਰਕਪੁਰ (ਧੀਮਾਨ) : ਵਿਆਹ ਦਾ ਝਾਂਸਾ ਦੇ ਕੇ ਇਕ ਤਲਾਕਸ਼ੁਦਾ ਔਰਤ ਨਾਲ ਲੰਬੇ ਸਮੇਂ ਤੱਕ ਜ਼ਬਰਦਸਤੀ ਸਰੀਰਕ ਸ਼ੋਸ਼ਣ ਕਰਨ, ਗਰਭਪਾਤ ਕਰਵਾਉਣ ਤੇ ਬਾਅਦ ’ਚ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮਹਿਲਾ ਥਾਣਾ ਪੰਚਕੂਲਾ ’ਚ ਜਨਵਰੀ ਮਹੀਨੇ ਜ਼ੀਰੋ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਘਟਨਾ ਦਾ ਖੇਤਰ ਜ਼ੀਰਕਪੁਰ ਦੇ ਅਧੀਨ ਆਉਂਦਾ ਹੈ, ਜਿਸ ਕਾਰਨ ਮਾਮਲਾ ਥਾਣਾ ਜ਼ੀਰਕਪੁਰ ਨੂੰ ਟਰਾਂਸਫ਼ਰ ਕਰ ਦਿੱਤਾ ਗਿਆ ਹੈ। ਪੁਲਸ ਵੱਲੋਂ ਇਸ ਕੇਸ ’ਚ ਫ਼ੌਜ ਦੇ ਇਕ ਹੌਲਦਾਰ ਤੇ ਉਸ ਦੀ ਪਤਨੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੀੜਤਾ ਨੇ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਪਹਿਲਾ ਵਿਆਹ ਸਾਲ 2015 ’ਚ ਨੋਇਡਾ ’ਚ ਹੋਇਆ ਸੀ, ਜਿਸ ਤੋਂ ਬਾਅਦ ਤਲਾਕ ਹੋ ਗਿਆ ਸੀ।
ਤਲਾਕ ਤੋਂ ਬਾਅਦ ਉਹ ਨੌਕਰੀ ਕਰਕੇ ਆਪਣੀ ਧੀ ਦਾ ਪਾਲਣ-ਪੋਸ਼ਣ ਕਰ ਰਹੀ ਸੀ। ਪੀੜਤਾ ਦੀ ਮੁਲਾਕਾਤ 18 ਜੂਨ 2022 ਨੂੰ ਚੰਡੀਗੜ੍ਹ ’ਚ ਮੁਲਜ਼ਮ ਰੋਹਿਤ ਕੁਮਾਰ ਵਾਸੀ ਪਠਾਨਕੋਟ ਨਾਲ ਹੋਈ। ਮੁਲਜ਼ਮ ਨੇ ਖ਼ੁਦ ਨੂੰ ਤਲਾਕਸ਼ੁਦਾ ਦੱਸ ਕੇ ਵਿਆਹ ਦਾ ਭਰੋਸਾ ਦਿੱਤਾ ਅਤੇ ਜ਼ਿੰਦਗੀ ਭਰ ਨਾਲ ਨਿਭਾਉਣ ਦਾ ਵਾਅਦਾ ਕੀਤਾ। ਸ਼ਿਕਾਇਤ ਮੁਤਾਬਕ ਮੁਲਜ਼ਮ ਰੋਹਿਤ ਕੁਮਾਰ ਪੀੜਤਾ ਨਾਲ ਨੋਇਡਾ ਅਤੇ ਬਾਅਦ ’ਚ ਚੰਡੀਮੰਦਰ (ਪੰਚਕੂਲਾ) ’ਚ ਕਿਰਾਏ ਦੇ ਕਮਰੇ ’ਚ ਰਿਹਾ। ਇਸ ਦੌਰਾਨ ਉਹ ਵਾਰ-ਵਾਰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ। ਜਦੋਂ ਵੀ ਪੀੜਤਾ ਵਿਆਹ ਦੀ ਗੱਲ ਕਰਦੀ, ਮੁਲਜ਼ਮ ਉਸ ਨੂੰ ਟਾਲ ਦਿੰਦਾ ਸੀ।
ਪੀੜਤਾ ਨੇ ਦੱਸਿਆ ਕਿ ਮੁਲਜ਼ਮ ਉਸ ਨੂੰ ਪਠਾਨਕੋਟ ਅਤੇ ਸ਼ਿਮਲਾ ਵੀ ਲੈ ਕੇ ਗਿਆ, ਜਿੱਥੇ ਵੀ ਉਸ ਨਾਲ ਸਰੀਰਕ ਸੋਸ਼ਣ ਕੀਤਾ ਗਿਆ। ਪੀੜਤਾ ਅਨੁਸਾਰ ਇਸ ਦੌਰਾਨ ਉਹ ਗਰਭਵਤੀ ਹੋ ਗਈ ਸੀ ਪਰ ਮੁਲਜ਼ਮ ਨੇ ਉਸ ਦੀ ਮਰਜ਼ੀ ਦੇ ਖ਼ਿਲਾਫ਼ ਦਵਾਈਆਂ ਖੁਆ ਕੇ ਗਰਭਪਾਤ ਕਰਵਾ ਦਿੱਤਾ। ਇਸ ਤੋਂ ਬਾਅਦ ਵੀ ਮੁਲਜ਼ਮ ਉਸ ਨੂੰ ਧੋਖੇ ’ਚ ਰੱਖਦਾ ਰਿਹਾ। ਪੀੜਤਾ ਨੇ ਇਹ ਵੀ ਦੱਸਿਆ ਕਿ ਮੁਲਜ਼ਮ ਭਾਰਤੀ ਫ਼ੌਜ ’ਚ ਹੌਲਦਾਰ ਦੇ ਆਹੁਦੇ ’ਤੇ ਪਠਾਨਕੋਟ ਵਿਖੇ ਤਾਇਨਾਤ ਹੈ ਅਤੇ ਪਹਿਲਾਂ ਤੋਂ ਵਿਆਹਿਆ ਹੋਇਆ ਹੈ।
ਉਸ ਨੇ ਦੋਸ਼ ਲਗਾਇਆ ਕਿ ਉਸ ਦੀ ਪਤਨੀ ਮੋਨਿਕਾ ਵੀ ਮੁਲਜ਼ਮ ਨਾਲ ਮਿਲ ਕੇ ਉਸ ਨੂੰ ਧਮਕੀਆਂ ਦਿੰਦੀ ਰਹੀ। ਦੋਵਾਂ ਨੇ ਮਿਲ ਕੇ ਉਸ ਨੂੰ ਉਨ੍ਹਾਂ ਦੀ ਸ਼ਿਕਾਇਤ ਕਰਨ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਪੀੜਤਾ ਵੱਲੋਂ ਮਹਿਲਾ ਥਾਣਾ ਪੰਚਕੂਲਾ ’ਚ ਦਿੱਤੀ ਗਈ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਜ਼ੀਰੋ ਐੱਫ.ਆਈ.ਆਰ. ਦਰਜ ਕੀਤੀ ਗਈ ਅਤੇ ਮਾਮਲੇ ਨੂੰ ਅੱਗੇ ਦੀ ਕਾਰਵਾਈ ਲਈ ਜ਼ੀਰਕਪੁਰ ਪੁਲਸ ਨੂੰ ਟਰਾਂਸਫ਼ਰ ਕਰ ਦਿੱਤਾ ਗਿਆ ਹੈ। ਪੁਲਸ ਵੱਲੋਂ ਕੇਸ ਦੀ ਜਾਂਚ ਜਾਰੀ ਹੈ।
