ਦੋਸਤ ਵੱਲੋਂ ਕਿਰਚਾਂ ਮਾਰ-ਮਾਰ ਕਤਲ ਕੀਤੇ ਮੁੰਡੇ ਦੇ ਮਾਮਲੇ ਵਿਚ ਨਵਾਂ ਮੋੜ
Tuesday, Jan 27, 2026 - 05:30 PM (IST)
ਫਤਿਹਗੜ੍ਹ ਸਾਹਿਬ : ਜ਼ਿਲਾ ਫਤਿਹਗੜ੍ਹ ਸਾਹਿਬ ਦੇ ਖਮਾਣੋ ਵਿਖੇ ਬੀਤੇ ਦਿਨੀਂ ਇੱਕੋ ਸਕੂਲ ਵਿਚ ਪੜ੍ਹਦੇ 12ਵੀਂ ਜਮਾਤ ਦੇ ਮੁੰਡੇ ਦਾ ਉਸ ਦੇ ਹੀ ਦੋਸਤ ਵੱਲੋਂ ਕਿਰਚਾਂ ਮਾਰ ਕੇ ਬੇਰਹਿਮੀ ਨਾਲ ਕੀਤੇ ਕਤਲ ਦੇ ਮਾਮਲੇ ਵਿਚ ਖਮਾਣੋ ਪੁਲਸ ਨੇ 2 ਮੁੰਡਿਆਂ ਨੂੰ ਕਾਬੂ ਕਰ ਲਿਆ ਹੈ। ਡੀਐੱਸਪੀ ਖਮਾਣੋ ਗੁਰਮੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਮਾਨਵਿੰਦਰ ਸਿੰਘ ਦਾ ਖਮਾਣੋ ਦੇ ਨਿੱਜੀ ਸਕੂਲ 'ਚ ਪੜ੍ਹਦੇ ਉਸਦੇ ਹੀ ਸਾਥੀਆਂ ਨੇ ਹੀ ਕਿਸੇ ਗੱਲ ਤੋਂ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਮੌਕੇ ਤੋਂ ਫਰਾਰ ਹੋ ਗਏ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਮਨਵਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਪੁਲਸ ਨੇ ਮੁਲਜ਼ਮ ਅਤੇ ਉਸ ਦੇ ਇਕ ਹੋਰ ਸਾਥੀ ਨੂੰ ਕਾਬੂ ਕੀਤਾ ਹੈ ਜੋ ਮੋਹਾਲੀ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖਿਲ ਹੈ। ਦੱਸ ਦਈਏ ਕਿ ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਕਤਲ ਕਰਨ ਵਾਲਿਆਂ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਮੰਗ ਕੀਤੀ ਗਈ ਸੀ।
