ਢੈਪਈ ਵਿਖੇ ਤਲਵਾਰਾਂ ਨਾਲ ਵਾਰ ਕਰ ਕੇ ਕੀਤਾ ਵਿਅਕਤੀ ਦਾ ਕਤਲ
Wednesday, Jan 17, 2018 - 05:47 AM (IST)
ਜੋਧਾਂ(ਡਾ. ਪ੍ਰਦੀਪ)-ਅੱਜ ਦੇਰ ਰਾਤ ਕਰੀਬ 8 ਵਜੇ ਪੁਲਸ ਥਾਣਾ ਜੋਧਾਂ (ਲੁਧਿ.) ਅਧੀਨ ਪੈਂਦੇ ਪਿੰਡ ਢੈਪਈ ਵਿਖੇ ਮਕਾਨ ਦੇ ਵਾਧਰੇ ਨੂੰ ਲੈ ਕੇ ਹੋਈ ਲੜਾਈ ਦੌਰਾਨ ਇਕ ਵਿਅਕਤੀ ਦੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਥਾਣਾ ਜੋਧਾਂ ਦੇ ਮੁੱਖ ਮੁਨਸ਼ੀ ਜਸਵੀਰ ਸਿੰਘ ਨੇ ਦੱਸਿਆ ਕਿ ਇਸ ਲੜਾਈ ਦੌਰਾਨ ਗੁਰਪ੍ਰੀਤ ਸਿੰਘ ਵਾਸੀ ਢੈਪਈ ਤੇ ਹੋਰ ਵਿਅਕਤੀਆਂ ਵਲੋਂ ਨਾਇਬ ਸਿੰਘ (60) ਪੁੱਤਰ ਜੀਤ ਸਿੰਘ ਵਾਸੀ ਢੈਪਈ 'ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਦੌਰਾਨ ਨਾਇਬ ਸਿੰਘ ਦੇ ਗਲੇ ਤੇ ਮੱਥੇ 'ਤੇ ਵਾਰ ਕੀਤੇ ਗਏ। ਹਮਲੇ 'ਚ ਬੁਰੀ ਤਰ੍ਹਾਂ ਨਾਲ ਜ਼ਖਮੀ ਨਾਇਬ ਸਿੰਘ ਜ਼ਖਮਾਂ ਦੀ ਤਾਬ ਨਾ ਸਹਾਰਦਾ ਹੋਇਆ ਮੌਕੇ 'ਤੇ ਦਮ ਤੋੜ ਗਿਆ। ਹਮਲਾ ਕਰਨ ਵਾਲੇ ਗੁਰਪ੍ਰੀਤ ਸਿੰਘ ਨੇ ਆਪਣੇ ਆਪ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਪੁਲਸ ਦਾਖਾ ਡੀ. ਐੱਸ. ਪੀ. ਜਸਵਿੰਦਰ ਸਿੰਘ ਬਰਾੜ, ਪੁਲਸ ਥਾਣਾ ਜੋਧਾਂ ਦੇ ਮੁਖੀ ਜਸਵੀਰ ਸਿੰਘ ਪੁਲਸ ਸਮੇਤ ਮੌਕੇ 'ਤੇ ਪਹੁੰਚੇ ਅਤੇ ਪੁਲਸ ਨੇ ਕੇਸ ਦਰਜ ਕਰ ਲਿਆ ਹੈ।
