ਹਿੰਦੂ ਨੇਤਾਵਾਂ ਦੀ ਹੱਤਿਆ ਲਈ ਵਿਦੇਸ਼ਾਂ ਤੋਂ ਹੋ ਰਹੀ ਹੈ ਫੰਡਿੰਗ!

Monday, Oct 23, 2017 - 11:06 AM (IST)

ਜਲੰਧਰ(ਰਵਿੰਦਰ ਸ਼ਰਮਾ)-ਪੰਜਾਬ ਵਿਚ ਅੱਤਵਾਦ ਨੂੰ ਲੈ ਕੇ ਇਕ ਵਾਰ ਫਿਰ ਖਤਰੇ ਦੇ ਬੱਦਲ ਮੰਡਰਾਉਣ ਲੱਗੇ ਹਨ। ਜਿਸ ਤਰ੍ਹਾਂ ਨਾਲ ਲਗਾਤਾਰ ਹਿੰਦੂ ਨੇਤਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਸ ਨੂੰ ਦੇਖ ਕੇ ਆਉਣ ਵਾਲੇ ਖਤਰੇ ਨੂੰ ਕੇਂਦਰੀ ਏਜੰਸੀਆਂ ਅਤੇ ਪੰਜਾਬ ਪੁਲਸ ਸਮਝਣ ਤੋਂ ਅਸਮਰਥ ਹਨ। ਹਿੰਦੂ ਨੇਤਾਵਾਂ ਦੀ ਹੱਤਿਆ ਲਈ ਵਿਦੇਸ਼ਾਂ ਤੋਂ ਲਗਾਤਾਰ ਫੰਡਿੰਗ ਹੋ ਰਹੀ ਹੈ। ਇਹ ਫੰਡਿੰਗ ਸੂਬੇ ਵਿਚ ਸਰਗਰਮ ਬੇਰੋਜ਼ਗਾਰ ਨੌਜਵਾਨਾਂ ਤਕ ਪਹੁੰਚਾਈ ਜਾ ਰਹੀ ਹੈ। ਖੁਫੀਆ ਏਜੰਸੀਆਂ ਨੂੰ ਇਸ ਗੱਲ ਦੇ ਪੁਖਤਾ ਇਨਪੁਟ ਮਿਲੇ ਹਨ ਕਿ ਪੰਜਾਬ ਵਿਚ ਹਿੰਦੂ ਨੇਤਾਵਾਂ ਨੂੰ ਟਾਰਗੈੱਟ ਕਰ ਕੇ ਦੁਬਾਰਾ ਦਹਿਸ਼ਤ ਫੈਲਾਉਣ ਦੀ ਤਿਆਰੀ ਹੈ। ਵਿਦੇਸ਼ਾਂ ਵਿਚ ਬੈਠੀਆਂ ਅੱਤਵਾਦੀ ਤਾਕਤਾਂ ਦੀ ਯੋਜਨਾ ਹੈ ਕਿ ਹਿੰਦੂ ਨੇਤਾਵਾਂ ਨੂੰ ਡਰਾ ਕੇ ਸੂਬੇ ਤੋਂ ਬਾਹਰ ਕੀਤਾ ਜਾਵੇ ਤਾਂ ਜੋ ਅੱਤਵਾਦੀ ਲਾਬੀ ਨੂੰ ਅੱਗੇ ਕਰ ਕੇ ਦੁਬਾਰਾ ਖਾਲਿਸਤਾਨ ਦੀ ਲਹਿਰ ਚਲਾਈ ਜਾ ਸਕੇ। ਖੁਫੀਆ ਏਜੰਸੀਆਂ ਲਗਾਤਾਰ ਸਮੇਂ-ਸਮੇਂ 'ਤੇ ਪੰਜਾਬ ਪੁਲਸ ਨੂੰ ਸੁਚੇਤ ਕਰ ਰਹੀਆਂ ਹਨ, ਪਰ ਪੰਜਾਬ ਪੁਲਸ ਦੇ ਹੱਥ ਲਗਾਤਾਰ ਲੱਗ ਰਹੀ ਨਾਕਾਮੀ ਅਤੇ ਇਕ ਤੋਂ ਬਾਅਦ ਇਕ ਹਿੰਦੂ ਨੇਤਾਵਾਂ ਦੀ ਹੱਤਿਆ ਨੇ ਪੁਲਸ ਦੇ ਸੁਰੱਖਿਆ ਤੰਤਰ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਤਕਰੀਬਨ ਸਵਾ ਸਾਲ ਪਹਿਲਾਂ ਜਲੰਧਰ ਵਿਚ ਆਰ. ਐੱਸ. ਐੱਸ. ਨੇਤਾ ਜਗਦੀਸ਼ ਗਗਨੇਜਾ ਦੀ ਸ਼ਰ੍ਹੇਆਮ ਭਰੇ ਬਾਜ਼ਾਰ ਵਿਚ ਹੱਤਿਆ ਕਰ ਦਿੱਤੀ ਗਈ ਸੀ। ਪੁਲਸ ਤਮਾਮ ਕੋਸ਼ਿਸ਼ਾਂ ਤੋਂ ਬਾਅਦ ਵੀ ਕੋਈ ਸੁਰਾਗ ਨਹੀਂ ਲੱਭ ਸਕੀ। ਅੱਜ ਮਾਮਲਾ ਸੀ. ਬੀ. ਆਈ. ਕੋਲ ਹੈ ਪਰ ਸੀ. ਬੀ. ਆਈ. ਦੇ ਹੱਥ ਵੀ ਖਾਲੀ ਹਨ। ਪੁਲਸ ਦੇ ਹੱਥ ਕੋਈ ਵੀ ਇਨਪੁਟ ਨਾ ਲੱਗਣ ਕਾਰਨ ਹੱਤਿਆਰਿਆਂ ਦੇ ਹੌਸਲੇ ਲਗਾਤਾਰ ਬੁਲੰਦ ਹੋ ਰਹੇ ਹਨ। ਪੁਲਸ ਦੀ ਢਿੱਲੀ ਕਾਰਗੁਜ਼ਾਰੀ ਦਾ ਹੀ ਨਤੀਜਾ ਹੈ ਕਿ ਇਸ ਤੋਂ ਬਾਅਦ ਲੁਧਿਆਣਾ ਵਿਚ ਮਾਤਾ ਚੰਦ ਕੌਰ ਦੀ ਹੱਤਿਆ, ਫਿਰ ਲੁਧਿਆਣਾ ਵਿਚ ਹਿੰਦੂ ਨੇਤਾ ਅਮਿਤ ਸ਼ਰਮਾ ਦਾ ਕਤਲ, ਫਿਰ ਖੰਨਾ ਵਿਚ ਸ਼ਿਵ ਸੈਨਾ ਨੇਤਾ ਦੁਰਗਾ ਪ੍ਰਸਾਦ ਸ਼ਰਮਾ ਦੀ ਗੋਲੀ ਮਾਰ ਕੇ ਹੱਤਿਆ, ਫਿਰ ਲੁਧਿਆਣਾ ਵਿਚ ਪਾਦਰੀ ਦੀ ਗੋਲੀ ਮਾਰ ਕੇ ਹੱਤਿਆ ਅਤੇ ਹੁਣ ਲੁਧਿਆਣਾ ਵਿਚ ਆਰ. ਐੱਸ. ਐੱਸ. ਨੇਤਾ ਰਵਿੰਦਰ ਗੋਸਾਈਂ ਦੀ ਹੱਤਿਆ ਕਰ ਦਿੱਤੀ ਗਈ। ਹੁਣ ਤਾਂ ਪੰਜਾਬ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਵੀ ਖੁੱਲ੍ਹ ਕੇ ਮੰਨਣ ਲੱਗੇ ਹਨ ਕਿ ਹਿੰਦੂ ਨੇਤਾਵਾਂ ਦੀਆਂ ਹੱਤਿਆਵਾਂ ਲਈ ਵਿਦੇਸ਼ਾਂ ਤੋਂ ਫੰਡਿੰਗ ਹੋ ਰਹੀ ਹੈ। ਡੀ. ਜੀ. ਪੀ. ਦਾ ਇਹ ਵੀ ਮੰਨਣਾ ਹੈ ਕਿ ਹਿੰਦੂ ਨੇਤਾਵਾਂ ਦੀਆਂ ਹੱਤਿਆਵਾਂ ਦੇ ਪਿੱਛੇ ਆਪਸੀ ਸੰਪਰਕ ਜ਼ਰੂਰ ਹਨ ਅਤੇ ਇਹ ਇਕ ਹੀ ਮਡਿਊਲ ਵੱਲੋਂ ਹੱਤਿਆਵਾਂ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਡੀ. ਜੀ. ਪੀ. ਸੁਰੇਸ਼ ਅਰੋੜਾ ਲਗਾਤਾਰ ਹੋ ਰਹੀਆਂ ਹੱਤਿਆਵਾਂ ਤੋਂ ਬਾਅਦ ਵੀ ਇਹ ਦਾਅਵਾ ਕਰ ਰਹੇ ਹਨ ਕਿ ਪੰਜਾਬ ਵਿਚ ਦੁਬਾਰਾ ਅੱਤਵਾਦ ਪੈਦਾ ਨਹੀਂ ਹੋ ਸਕਦਾ।


Related News