ਪਤਨੀ ਤੇ ਸਹੁਰਾ ਪਰਿਵਾਰ ਨੂੰ ਕਤਲ ਕਰਨ ਵਾਲੇ ਸਮੇਤ 4 ਨਾਮਜ਼ਦ

Friday, Sep 08, 2017 - 01:24 AM (IST)

ਪਤਨੀ ਤੇ ਸਹੁਰਾ ਪਰਿਵਾਰ ਨੂੰ ਕਤਲ ਕਰਨ ਵਾਲੇ ਸਮੇਤ 4 ਨਾਮਜ਼ਦ

ਫਿਰੋਜ਼ਪੁਰ(ਕੁਮਾਰ)-ਜ਼ੀਰਾ ਦੀ ਬਸਤੀ ਮਲਸੀਆਂ ਵਾਲੀ ਵਿਖੇ ਇਕ ਵਿਅਕਤੀ ਵੱਲੋਂ ਆਪਣੇ ਸਹੁਰੇ ਪਰਿਵਾਰ ਦੇ ਮੈਂਬਰਾਂ 'ਤੇ ਕਿਰਚਾਂ ਨਾਲ ਹਮਲਾ ਕਰ ਕੇ 3 ਲੋਕਾਂ ਨੂੰ ਕਤਲ ਕਰਨ ਅਤੇ 2 ਨੂੰ ਜ਼ਖਮੀ ਕਰਨ ਦੇ ਦੋਸ਼ ਵਿਚ ਥਾਣਾ ਸਦਰ ਜ਼ੀਰਾ ਦੀ ਪੁਲਸ ਨੇ 4 ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ।ਜਾਣਕਾਰੀ ਦਿੰਦਿਆਂ ਸਬ ਇੰਸਪੈਕਰ ਮੁੱਖ ਅਫਸਰ ਇਕਬਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮੁਦੱਈ ਸਾਧੂ ਸਿੰਘ ਪੁੱਤਰ ਮੰਗਲ ਸਿੰਘ ਨੇ ਦੋਸ਼ ਲਾਇਆ ਹੈ ਕਿ ਉਸਦੀ ਭੈਣ ਰੀਨਾ ਦਾ ਵਿਆਹ ਕਰੀਬ 10 ਸਾਲ ਪਹਿਲਾਂ ਕ੍ਰਿਸ਼ਨ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਦੂਨੇ ਕੇ (ਮੋਗਾ) ਨਾਲ ਹੋਇਆ ਸੀ। ਪਰ ਕ੍ਰਿਸ਼ਨ ਕੁਮਾਰ ਦੇ ਗੈਰ ਔਰਤ ਨਾਲ ਸਬੰਧ ਹੋਣ ਕਾਰਨ ਉਸਦੀ ਭੈਣ ਪੇਕੇ ਆ ਗਈ ਤੇ ਉਨ੍ਹਾਂ ਨੇ ਉਸਨੂੰ ਸਹੁਰੇ ਘਰ ਭੇਜਣ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਕ੍ਰਿਸ਼ਨ ਕੁਮਾਰ ਨੇ ਬੀਤੇ ਦਿਨ ਉਨ੍ਹਾਂ ਦੇ ਘਰ ਵੜ ਕੇ ਉਸਦੇ ਪਿਤਾ ਮੰਗਲ ਸਿੰਘ, ਮਾਤਾ ਮਹਿੰਦਰ ਕੌਰ, ਭੈਣ ਰੀਨਾ ਰਾਣੀ, ਸ਼ਿਕਾਇਤਰਤਾ ਅਤੇ ਸ਼ਿਕਾਇਤਕਰਤਾ ਦੀ ਪਤਨੀ 'ਤੇ ਕਿਰਚਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਵਿਚ ਮੁਦੱਈ ਤੇ ਮੁਦੱਈ ਦੀ ਪਤਨੀ ਵੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਸ਼ਿਕਾਇਤਕਰਤਾ ਦੇ ਅਨੁਸਾਰ ਹਸਪਤਾਲ ਪਹੁੰਚਣ 'ਤੇ ਉਸਦੇ ਪਿਤਾ ਮੰਗਲ ਸਿੰਘ ਤੇ ਮਾਤਾ ਮਹਿੰਦਰ ਕੌਰ ਦੀ ਮੌਤ ਹੋ ਗਈ, ਜਦਕਿ ਰੀਨਾ ਦੀ ਦੌਰਾਨੇ ਇਲਾਜ ਮੌਤ ਹੋ ਗਈ ਤੇ ਉਸਦੀ ਪਤਨੀ ਅਮਨਦੀਪ ਕੌਰ ਸਿਵਲ ਹਸਪਤਾਲ ਜ਼ੀਰਾ ਵਿਚ ਦਾਖਲ ਹੈ। ਮੁਦੱਈ ਫਰੀਦਕੋਟ ਮੈਡੀਕਲ ਕਾਲਜ ਵਿਚ ਦਾਖਲ ਹੈ। ਮੁੱਖ ਅਫਸਰ ਇਕਬਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਕ੍ਰਿਸ਼ਨ ਕੁਮਾਰ, ਪ੍ਰਕਾਸ਼ ਸਿੰਘ, ਪੱਪੂ ਤੇ ਸੋਨੀ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।


Related News