ਫਗਵਾੜਾ ‘ਚ ਭਿਆਨਕ ਸੜਕ ਹਾਦਸਾ: ਇੱਕੋ ਪਰਿਵਾਰ ਦੇ 2 ਮੈਂਬਰਾਂ ਦੀ ਮੌਤ, 4 ਗੰਭੀਰ ਜ਼ਖ਼ਮੀ
Wednesday, Jan 28, 2026 - 10:27 PM (IST)
ਫਗਵਾੜਾ (ਜਲੋਟਾ) - ਫਗਵਾੜਾ ਦੇ ਕੌਮੀ ਰਾਜਮਾਰਗ ਨੰਬਰ 1 ‘ਤੇ ਪਿੰਡ ਚੱਕ ਹਕੀਮ ਦੇ ਨੇੜੇ ਤੇਜ਼ ਰਫ਼ਤਾਰ ਐਕਸ.ਯੂ.ਵੀ. 300 ਕਾਰ ਵੱਲੋਂ ਸੜਕ ਕਿਨਾਰੇ ਖੜੀ ਬੱਸ ਨਾਲ ਜ਼ੋਰਦਾਰ ਟੱਕਰ ਮਾਰਨ ਕਾਰਨ ਇੱਕੋ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਤੋਂ ਬਾਅਦ ਕੌਮੀ ਰਾਜਮਾਰਗ ਨੰਬਰ 1 ‘ਤੇ ਕਾਫ਼ੀ ਸਮੇਂ ਤੱਕ ਟਰੈਫਿਕ ਅਸਤ-ਵਿਆਸਤ ਰਿਹਾ। ਇਸ ਦੌਰਾਨ ਵਾਹਨਾਂ ਦੀ ਆਵਾਜਾਈ ਬਹੁਤ ਹੀ ਸੁਸਤ ਗਤੀ ਨਾਲ ਜਾਰੀ ਰਹੀ।
ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ, ਹਾਦਸਾ ਉਸ ਵੇਲੇ ਵਾਪਰਿਆ ਜਦੋਂ ਤੇਜ਼ ਰਫ਼ਤਾਰ ਨਾਲ ਆ ਰਹੀ ਐਕਸ.ਯੂ.ਵੀ. 300 ਕਾਰ ਨੇ ਪਿੰਡ ਚੱਕ ਹਕੀਮ ਦੇ ਨੇੜੇ ਸੜਕ ਕਿਨਾਰੇ ਖੜੀ ਬੱਸ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ।
ਇਸ ਹਾਦਸੇ ਵਿੱਚ ਗਗਨਦੀਪ ਕੌਰ (ਉਮਰ 28 ਸਾਲ) ਅਤੇ ਸਰਦਾਰ ਪ੍ਰੀਤਪਾਲ ਸਿੰਘ (ਉਮਰ 69 ਸਾਲ), ਦੋਵੇਂ ਵਾਸੀ ਲੁਧਿਆਣਾ, ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜ਼ਖ਼ਮੀ ਹੋਏ ਪਰਿਵਾਰਕ ਮੈਂਬਰਾਂ ਦੀ ਪਛਾਣ ਗੁਰਮੀਤ ਕੌਰ, ਗੁਰਮੀਤ ਸਿੰਘ, ਮਨਰਾਜ ਸਿੰਘ ਅਤੇ ਇੱਕ ਹੋਰ ਮੈਂਬਰ ਵਜੋਂ ਹੋਈ ਹੈ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਵਿੱਚ ਦਾਖਲ ਕਰਵਾਇਆ ਗਿਆ ਹੈ।
ਸੂਚਨਾ ਮਿਲਣ ‘ਤੇ ਪੁਲਸ ਮੌਕੇ ‘ਤੇ ਪਹੁੰਚੀ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਭੇਜ ਦਿੱਤਾ। ਪੁਲਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
