ਗੰਡਾਸਾ ਮਾਰ ਕੇ ਸਾਲੇ ਦਾ ਕੀਤਾ ਕਤਲ, ਜੀਜੇ ਨੂੰ ਉਮਰਕੈਦ ਤੇ 13 ਹਜ਼ਾਰ ਜੁਰਮਾਨਾ
Thursday, Jan 29, 2026 - 09:41 AM (IST)
ਮੋਹਾਲੀ (ਜੱਸੀ) : ਗੰਡਾਸਾ ਮਾਰ ਕੇ ਸਾਲੇ ਦਾ ਕਤਲ ਕਰਨ ਵਾਲੇ ਜੀਜੇ ਨੂੰ ਜ਼ਿਲ੍ਹਾ ਸੈਸ਼ਨ ਜੱਜ ਅਤੁਲ ਕਰਸਾਨਾ ਦੀ ਅਦਾਲਤ ਦੇ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਸਰਕਾਰੀ ਧਿਰ ਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੀਜੇ ਅੰਜੇ ਵਾਸੀ ਯੂ. ਪੀ. ਹਾਲ ਵਾਸੀ ਭਬਾਤ (ਜ਼ੀਰਕਪੁਰ) ਨੂੰ ਧਾਰਾ-302 ’ਚ ਉਮਰ ਕੈਦ, 10 ਹਜ਼ਾਰ ਜੁਰਮਾਨਾ, ਧਾਰਾ-506 ’ਚ 2 ਸਾਲ ਕੈਦ ਤੇ 3 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਇਹ ਹੈ ਮਾਮਲਾ
ਸਰਕਾਰੀ ਧਿਰ ਵਜੋਂ ਕੇਸ ਦੀ ਪੈਰਵਾਈ ਜ਼ਿਲ੍ਹਾ ਅਟਾਰਨੀ ਹਰਦੀਪ ਸਿੰਘ ਕਾਹਲੋਂ ਨੇ ਕੀਤੀ। ਉਨ੍ਹਾਂ ਦੱਸਿਆ ਕਿ ਮਾਮਲੇ ’ਚ ਨੇਹਾ ਯਾਦਵ ਪਤਨੀ ਅੰਜੇ ਨੇ ਜ਼ੀਰਕਪੁਰ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਸ ਦਾ ਵਿਆਹ ਕਰੀਬ ਤਿੰਨ ਮਹੀਨੇ ਪਹਿਲਾ ਅੰਜੇ ਨਾਲ ਹੋਇਆ ਸੀ। ਉਹ ਤੇ ਪਤੀ ਅੰਜੇ ਕਰੀਬ ਦੋ ਮਹੀਨੇ ਤੋਂ ਭਬਾਤ ਵਿਖੇ ਕਿਰਾਏ ’ਤੇ ਰਹਿ ਰਹੇ ਸਨ। ਉਸ ਦਾ ਪਤੀ ਅੰਜੇ ਜ਼ੀਰਕਪੁਰ ਵਿਖੇ ਆਟੋ ਚਲਾਉਂਦਾ ਹੈ। ਉਸ ਦੀ ਨਣਦ ਮਾਇਆ ਦੇਵੀ ਪਰਿਵਾਰ ਨਾਲ ਉਨ੍ਹਾਂ ਨਾਲ ਦੇ ਗੋਦਾਮ ਦੀ ਛੱਤ ’ਤੇ ਬਣੇ ਕਮਰੇ ’ਚ ਕਿਰਾਏ ’ਤੇ ਰਹਿੰਦੀ ਹੈ। 29 ਅਗਸਤ 2023 ਨੂੰ ਉਸ ਦਾ ਭਰਾ ਨਿਖਿਲ ਉਸ ਕੋਲੋਂ ਰੱਖੜੀ ਬਨਾਉਣ ਆਇਆ ਸੀ, ਜੋ ਉਸ ਦਿਨ ਤੋਂ ਉਸ ਕੋਲ ਹੀ ਰਹਿ ਰਿਹਾ ਹੈ। 1 ਸਤਬੰਰ 2023 ਨੂੰ ਸ਼ਾਮ ਕਰੀਬ 8 ਵਜੇ ਉਸ ਦਾ ਪਤੀ ਅੰਜੇ ਕਿਸੇ ਗੱਲੋਂ ਉਸ ਨਾਲ-ਨਾਲ ਝਗੜਾ ਕਰਕੇ ਕੁੱਟਮਾਰ ਕਰ ਰਿਹਾ ਸੀ ਤਾਂ ਭਰਾ ਨਿਖਿਲ ਨੇ ਉਸ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ।
ਇਸ ’ਤੇ ਅੰਜੇ ਨੇ ਉਸ ਦੀ ਵੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਦੌਰਾਨ ਨਣਦ ਨੇ ਵਿਚ ਪੈ ਕੇ ਅੰਜੇ ਨੂੰ ਲੜਾਈ-ਝਗੜਾ ਕਰਨ ਤੋਂ ਰੋਕਿਆ। ਉਹ ਨਣਦ ਮਾਇਆ ਦੇਵੀ ਦੇ ਕਮਰੇ ’ਚ ਜਾ ਕੇ ਸੌਂ ਗਈ ਤੇ ਭਰਾ ਨਿਖਿਲ ਕਮਰੇ ਬਾਹਰ ਪਏ ਮੰਜੇ ’ਤੇ ਸੌਂ ਗਿਆ। ਕਰੀਬ 3 ਵਜੇ ਤੜਕੇ ਉਹ ਬਾਥਰੂਮ ਕਰਨ ਲਈ ਕਮਰੇ ਤੋਂ ਬਾਹਰ ਆਈ ਤਾਂ ਦੇਖਿਆ ਕਿ ਉਸ ਦੇ ਪਤੀ ਅੰਜੇ ਦੇ ਹੱਥ ’ਚ ਗੰਡਾਸਾ ਫੜਿਆ ਸੀ, ਜਿਸ ਨੇ ਦੇਖਦੇ ਹੀ ਦੇਖਦੇ ਨਿਖਿਲ ਦੇ ਸੁੱਤੇ ਪਏ ਦੀ ਗਰਦਨ ’ਤੇ ਗੰਡਾਸੇ ਦੇ 2-3 ਵਾਰ ਕੀਤੇ। ਉਸ ਦਾ ਭਰਾ ਤੜਫਦਾ ਹੋਇਆ ਮੰਜੇ ਤੋਂ ਥੱਲੇ ਡਿੱਗ ਗਿਆ, ਉਸ ਨੇ ਰੌਲਾ ਪਾਇਆ ਤਾਂ ਅੰਜੇ ਹੱਥ ’ਚ ਫੜੇ ਗੰਡਾਸੇ ਸਮੇਤ ਧਮਕਾਉਂਦਾ ਹੋਇਆ ਮੌਕੇ ਤੋਂ ਫ਼ਰਾਰ ਹੋ ਗਿਆ। ਉਨ੍ਹਾਂ ਨੇ ਨਿਖਿਲ ਨੂੰ ਸਾਂਭਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਸ ਦੀ ਗਰਦਨ ਕੱਟਣ ਕਰਕੇ ਕਾਫੀ ਖ਼ੂਨ ਵੱਗ ਰਿਹਾ ਸੀ ਤੇ ਉਸ ਦੀ ਮੌਕੇ ’ਤੇ ਮੌਤ ਹੋ ਗਈ। ਪੁਲਸ ਵੱਲੋਂ ਅੰਜੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
