ਸੁਖਪਾਲ ਸਿੰਘ ਖਹਿਰਾ ਨੇ ਸਬੂਤਾਂ ਸਮੇਤ ਘੇਰੀ 'ਆਪ', ਆਤਿਸ਼ੀ 'ਤੇ ਪਰਚਾ ਦਰਜ ਕਰਨ ਦੀ ਕੀਤੀ ਮੰਗ

Saturday, Jan 17, 2026 - 01:01 PM (IST)

ਸੁਖਪਾਲ ਸਿੰਘ ਖਹਿਰਾ ਨੇ ਸਬੂਤਾਂ ਸਮੇਤ ਘੇਰੀ 'ਆਪ', ਆਤਿਸ਼ੀ 'ਤੇ ਪਰਚਾ ਦਰਜ ਕਰਨ ਦੀ ਕੀਤੀ ਮੰਗ

ਚੰਡੀਗੜ੍ਹ (ਵੈੱਬ ਡੈਸਕ): ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦਿੱਲੀ ਵਿਧਾਨ ਸਭਾ ਦੇ ਅਧਿਕਾਰਤ ਬੁਲੇਟਿਨ ਦੀ ਕਾਪੀ ਸਾਂਝੀ ਕਰਦਿਆਂ 'ਆਪ' ਆਗੂ ਅਤੀਸ਼ੀ ਮਾਰਲੇਨਾ  ਦੇ ਬਿਆਨ ਲਈ ਸਮੁੱਚੀ ਸਮੁੱਚੀ 'ਆਪ' ਲੀਡਰਸ਼ਿਪ ਨੂੰ ਘੇਰਿਆ ਹੈ। ਖਹਿਰਾ ਨੇ ਕਿਹਾ ਕਿ ਹੁਣ ਜਦੋਂ ਵਿਧਾਨ ਸਭਾ ਦੇ ਰਿਕਾਰਡ ਅਤੇ ਫੋਰੈਂਸਿਕ ਰਿਪੋਰਟ ਨੇ ਪੁਸ਼ਟੀ ਕਰ ਦਿੱਤੀ ਹੈ ਕਿ LOP ਅਤੀਸ਼ੀ ਨੇ ਸਾਡੇ ਗੁਰੂਆਂ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕੀਤੀਆਂ ਹਨ, ਤਾਂ ਅਤੀਸ਼ੀ ਨੂੰ ਸਿੱਖ ਭਾਈਚਾਰੇ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਆਤਿਸ਼ੀ ਦੇ ਖ਼ਿਲਾਫ਼ ਪਰਚਾ ਦਰਜ ਕਰਨ ਦੀ ਵੀ ਮੰਗ ਕੀਤੀ ਹੈ। 

ਖਹਿਰਾ ਨੇ ਦਿੱਲੀ ਵਿਧਾਨ ਸਭਾ ਦੇ ਬੁਲੇਟਿਨ ਦੀ ਕਾਪੀ ਦਿਖਾਉਂਦਿਆਂ ਕਿਹਾ ਕਿ 6 ਜਨਵਰੀ ਨੂੰ ਦਿੱਲੀ ਵਿਧਾਨ ਸਭਾ ਵਿਚ ਪ੍ਰਦੂਸ਼ਣ ਦੇ ਮੁੱਦੇ 'ਤੇ ਹੋ ਰਹੀ ਬਹਿਸ ਦੌਰਾਨ ਅਤੀਸ਼ੀ ਮਾਰਲੇਨਾ ਨੇ ਸਿੱਖ ਗੁਰੂਆਂ ਵਿਰੁੱਧ ਅਪਸ਼ਬਦ ਬੋਲੇ ਸਨ। ਉਨ੍ਹਾਂ ਕਿਹਾ ਕਿ ਇਹ ਰਿਕਾਰਡ ਵਿਧਾਨ ਸਭਾ ਦੇ ਕਰਮਚਾਰੀ ਪ੍ਰਦੀਪ ਕੁਮਾਰ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਵਿਚ ਅਤੀਸ਼ੀ ਵੱਲੋਂ ਕੀਤੀ ਗਈ ਗਲਤ ਸ਼ਬਦਾਵਲੀ ਦਰਜ ਹੈ। ਉਨ੍ਹਾਂ ਕਿਹਾ ਕਿ ਅਤੀਸ਼ੀ ਦਾ ਬਿਆਨ ਕਿਸੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਲਈ ਬਰਦਾਸ਼ਤ ਤੋਂ ਬਾਹਰ ਹੈ।

PunjabKesari

ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਪੰਜਾਬ ਪੁਲਸ ਨੇ ਮਹਿਜ਼ ਛੇ ਘੰਟਿਆਂ ਦੇ ਅੰਦਰ ਉਨ੍ਹਾਂ ਸਮੇਤ ਪ੍ਰਗਟ ਸਿੰਘ ਅਤੇ ਸੁਖਬੀਰ ਸਿੰਘ ਬਾਦਲ 'ਤੇ ਕੇਸ ਦਰਜ ਕਰ ਦਿੱਤਾ ਸੀ। ਪੰਜਾਬ ਪੁਲਸ ਨੇ ਮੋਹਾਲੀ ਫੋਰੈਂਸਿਕ ਲੈਬ ਦੀ ਰਿਪੋਰਟ ਦੇ ਹਵਾਲੇ ਨਾਲ ਇਸ ਨੂੰ 'ਡਾਕਟਰਡ' ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦਾ ਕੰਮ ਦੱਸਿਆ ਸੀ, ਪਰ ਖਹਿਰਾ ਨੇ ਸਵਾਲ ਉਠਾਇਆ ਕਿ ਮੋਹਾਲੀ ਲੈਬ ਨੇ ਅਤੀਸ਼ੀ ਦਾ ਵੁਆਇਸ ਸੈਂਪਲ ਲਏ ਬਿਨਾਂ ਇਹ ਰਿਪੋਰਟ ਕਿਵੇਂ ਦੇ ਦਿੱਤੀ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਦਿੱਲੀ ਵਿਧਾਨ ਸਭਾ ਦੇ ਸਪੀਕਰ ਵੱਲੋਂ ਦਿੱਲੀ ਦੀ ਫੋਰੈਂਸਿਕ ਲੈਬ ਤੋਂ ਕਰਵਾਈ ਗਈ ਜਾਂਚ ਵਿਚ ਇਹ ਵੀਡੀਓ 100 ਫੀਸਦੀ ਅਸਲੀ ਪਾਈ ਗਈ ਹੈ। ਖਹਿਰਾ ਨੇ ਅਤੀਸ਼ੀ 'ਤੇ ਤੰਜ਼ ਕੱਸਦਿਆਂ ਕਿਹਾ ਕਿ ਉਹ ਪਿਛਲੇ 11 ਦਿਨਾਂ ਤੋਂ ਲਾਪਤਾ ਹੈ ਅਤੇ ਜੇਕਰ ਉਹ ਸੱਚੀ ਹੁੰਦੀ ਤਾਂ ਸਾਹਮਣੇ ਆ ਕੇ ਸਪੱਸ਼ਟੀਕਰਨ ਦਿੰਦੀ।


author

Anmol Tagra

Content Editor

Related News