''ਕਾਂਗਰਸ ਸਰਕਾਰ ਹਾਏ-ਹਾਏ'' ਦੇ ਨਾਅਰਿਆਂ ਨਾਲ ਗੂੰਜਿਆ ਨਗਰ ਨਿਗਮ

Saturday, Sep 02, 2017 - 03:42 AM (IST)

ਹੁਸ਼ਿਆਰਪੁਰ, (ਘੁੰਮਣ)- ਨਗਰ ਨਿਗਮ ਦੇ ਸਮੂਹ ਅਕਾਲੀ-ਭਾਜਪਾ ਕੌਂਸਲਰਾਂ ਨੇ ਅੱਜ ਨਗਰ ਨਿਗਮ ਦਫ਼ਤਰ ਅੱਗੇ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਕਮਿਸ਼ਨਰ ਦੀ ਤਾਇਨਾਤੀ ਨਾ ਕਰਨ ਅਤੇ ਵਿਕਾਸ ਲਈ ਫੰਡ ਜਾਰੀ ਨਾ ਕਰਨ ਵਿਰੁੱਧ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਅਤੇ 'ਕਾਂਗਰਸ ਸਰਕਾਰ ਹਾਏ-ਹਾਏ' ਦੇ ਨਾਅਰੇ ਲਾਏ।
ਮੇਅਰ ਸ਼ਿਵ ਸੂਦ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਨੂੰ ਬਿਲਕੁਲ ਲਾਵਾਰਿਸ ਕਰ ਦਿੱਤਾ ਗਿਆ ਹੈ ਕਿਉਂਕਿ ਪਿਛਲੇ ਢਾਈ ਮਹੀਨਿਆਂ ਤੋਂ ਕਮਿਸ਼ਨਰ ਨਾ ਹੋਣ ਕਾਰਨ ਨਗਰ ਨਿਗਮ ਦੇ ਸਾਰੇ ਕੰਮ ਠੱਪ ਹੋ ਕੇ ਰਹਿ ਗਏ ਹਨ। ਸਿੱਟੇ ਵਜੋਂ ਜਨਤਾ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਦਾ ਕੋਈ ਵੀ ਕੰਮ ਨਗਰ ਨਿਗਮ ਦੇ ਦਫ਼ਤਰ 'ਚ ਨਹੀਂ ਹੋ ਰਿਹਾ। ਇਸ ਤੋਂ ਇਲਾਵਾ ਮੌਜੂਦਾ ਸਰਕਾਰ ਵੱਲੋਂ ਪਿਛਲੀ ਸਰਕਾਰ ਸਮੇਂ ਸ਼ੁਰੂ ਕੀਤੇ ਗਏ ਸਾਰੇ ਫੰਡਾਂ ਦੀ ਅਦਾਇਗੀ 'ਤੇ ਰੋਕ ਲਾ ਕੇ ਫੰਡ ਵਾਪਸ ਮੰਗਵਾ ਲਏ ਗਏ ਹਨ, ਜਿਸ ਕਾਰਨ ਲੋਕਾਂ ਨੂੰ ਮੁੱਢਲੀਆਂ ਸ਼ਹਿਰੀ ਸਹੂਲਤਾਂ ਤੋਂ ਵਾਂਝੇ ਰਹਿਣਾ ਪਵੇਗਾ ਅਤੇ ਅਧੂਰੇ ਪਏ ਵਿਕਾਸ ਦੇ ਕੰਮ ਅਣਮਿੱਥੇ ਸਮੇਂ ਤੱਕ ਲੋਕਾਂ ਦੀ ਸਿਰਦਰਦੀ ਦਾ ਕਾਰਨ ਬਣਨਗੇ। 
ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੇ ਪਾਣੀ, ਸੀਵਰੇਜ, ਸਟਰੀਟ ਲਾਈਟ ਆਦਿ ਦਾ ਸਾਮਾਨ ਸਟਾਕ ਵਿਚ ਖਤਮ ਹੋਣ ਕਾਰਨ ਵਿਕਾਸ ਦੇ ਕੰਮ ਰੁਕ ਗਏ ਹਨ। ਕਮਿਸ਼ਨਰ ਲਾਉਣ ਸਬੰਧੀ ਸਰਕਾਰ ਨੂੰ 3 ਵਾਰ ਲਿਖੇ ਜਾਣ ਦੇ ਬਾਵਜੂਦ ਅਜੇ ਤੱਕ ਕਮਿਸ਼ਨਰ ਨਾ ਲਾਉਣ ਤੋਂ ਸਰਕਾਰ ਦੀ ਕਮਜ਼ੋਰੀ ਸਾਬਤ ਹੁੰਦੀ ਹੈ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਨਗਰ ਨਿਗਮ ਹੁਸ਼ਿਆਰਪੁਰ ਵਿਖੇ ਜਲਦ ਤੋਂ ਜਲਦ ਕਮਿਸ਼ਨਰ ਲਾਇਆ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਮਿਲ ਸਕੇ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿੱਪਲਾਂਵਾਲਾ, ਡਿਪਟੀ ਮੇਅਰ ਸ਼ੁਕਲਾ ਸ਼ਰਮਾ, ਕੌਂਸਲਰ ਮੀਨੂੰ ਸੇਠੀ, ਨਿਪੁਨ ਸ਼ਰਮਾ, ਸੁਰੇਸ਼ ਭਾਟੀਆ ਬਿੱਟੂ, ਮਲਕੀਤ ਸਿੰਘ, ਰਮੇਸ਼ ਠਾਕੁਰ, ਮਨਜੀਤ ਸਿੰਘ ਰਾਏ, ਬਿਕਰਮਜੀਤ ਸਿੰਘ ਕਲਸੀ ਅਤੇ ਨਰਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ ਅਤੇ ਕੌਂਸਲਰਾਂ ਨੂੰ ਵਿਕਾਸ ਕੰਮਾਂ ਸਬੰਧੀ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਦਿੱਤੀ।
ਇਸ ਰੋਸ ਪ੍ਰਦਰਸ਼ਨ ਵਿਚ ਸ਼ਹਿਰ ਵਾਸੀਆਂ ਤੋਂ ਇਲਾਵਾ ਕੌਂਸਲਰ ਰਾਕੇਸ਼ ਸੂਦ, ਨੀਤੀ ਸਿੰਘ, ਰਣਜੀਤ ਚੌਧਰੀ, ਨਰਿੰਦਰ ਕੌਰ, ਰੀਨਾ, ਪ੍ਰਿਆ, ਗੁਰਪ੍ਰੀਤ ਕੌਰ, ਬਲਵਿੰਦਰ ਬਿੰਦੀ, ਸੁਨੀਤਾ ਦੂਆ, ਸੁਰੇਖਾ ਬਰਜਾਤਾ, ਕੁਲਵੰਤ ਸਿੰਘ ਸੈਣੀ, ਸਰਬਜੀਤ ਸਿੰਘ, ਰੂਪ ਲਾਲ ਥਾਪਰ, ਸੰਤੋਖ ਸਿੰਘ ਔਜਲਾ ਆਦਿ ਵੀ ਮੌਜੂਦ ਸਨ।


Related News