ਨਗਰ ਕੌਂਸਲ ਦੀ ਪ੍ਰਧਾਨਗੀ ਦਾ ਮੁੱਕਿਆ ਰੇੜਕਾ, ਗੁਰਜੀਤ ਰਾਮਣਵਾਸੀਆ ਮੁੜ ਨਗਰ ਕੌਂਸਲ ਦੇ ਪ੍ਰਧਾਨ ਬਣੇ

Monday, Sep 16, 2024 - 11:25 AM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਮਾਨਯੋਗ ਹਾਈਕੋਰਟ ਨੇ ਇਕ ਅਹਿਮ ਫੈਸਲਾ ਸੁਣਾਉਂਦੇ ਹੋਏ ਅੱਜ ਗੁਰਜੀਤ ਸਿੰਘ ਰਾਮਨਵਾਸੀਆਂ ਨੂੰ ਮੁੜ ਨਗਰ ਕੌਂਸਲ ਬਰਨਾਲਾ ਦੇ ਕੁਰਸੀ ਉੱਤੇ ਬਿਠਾ ਦਿੱਤਾ ਹੈ। ਗੁਰਜੀਤ ਸਿੰਘ ਨੇ ਆਪਣੇ ਹਟਾਏ ਜਾਣ ਖ਼ਿਲਾਫ ਹਾਈ ਕੋਰਟ ਵਿਚ ਰਿਟ ਪਟੀਸ਼ਨ ਦਾਇਰ ਕੀਤੀ ਸੀ। ਆਪਣੀ ਪਟੀਸ਼ਨ ਵਿਚ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਰਾਜਨੀਤਕ ਦੁਰਭਾਵਨਾ ਦੇ ਚੱਲਦਿਆਂ ਉਨ੍ਹਾਂ ਨੂੰ ਪ੍ਰਧਾਨ ਅਹੁਦੇ ਤੋਂ ਹਟਾਇਆ ਸੀ। ਗੁਰਜੀਤ ਸਿੰਘ ਨੇ ਅਦਾਲਤ ਵਿਚ ਦਲੀਲ ਦਿੱਤੀ ਕਿ ਉਨ੍ਹਾਂ ਦੀ ਬਰਖਾਸਤਗੀ ਸਿਰਫ ਗੈਰ-ਕਾਨੂੰਨੀ ਹੀ ਨਹੀਂ ਸੀ, ਸਗੋਂ ਨਗਰ ਕੌਂਸਲ ਦੇ ਨਿਯਮਾਂ ਅਤੇ ਪ੍ਰਕਿਰਿਆਵਾਂ ਦਾ ਉਲੰਘਣ ਵੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਇਸ ਅਹੁਦੇ ਤੋਂ ਹਟਾਉਣ ਦਾ ਕੋਈ ਵਾਜਬ ਕਾਰਨ ਨਹੀਂ ਸੀ ਅਤੇ ਇਹ ਫ਼ੈਸਲਾ ਬਰਨਾਲਾ ਦੇ ਵਿਕਾਸ ਕਾਰਜਾਂ ਵਿਚ ਰੁਕਾਵਟ ਪਾਉਣ ਦੇ ਮਕਸਦ ਨਾਲ ਕੀਤਾ ਗਿਆ ਸੀ।

ਇਥੇ ਜ਼ਿਕਰਯੋਗ ਹੈ ਕਿ ਕਰੀਬ ਇਕ ਸਾਲ ਪਹਿਲਾਂ ਪੰਜਾਬ ਸਰਕਾਰ ਦੀ ਸਿਫਾਰਿਸ਼ 'ਤੇ ਪੰਜਾਬ ਦੇ ਗਵਰਨਰ ਵੱਲੋਂ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆਂ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾ ਦਿੱਤਾ ਸੀ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਨਵੀਂ ਪ੍ਰਧਾਨਗੀ ਦੀ ਚੋਣ ਕਰਵਾਉਣ ਲਈ ਕਿਹਾ ਸੀ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਤੇ ਆਪਣੇ ਰਾਜਨੀਤਿਕ ਪ੍ਰਭਾਵ ਦੀ ਵਰਤੋਂ ਕਰਕੇ ਫੰਡਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਗਿਆ ਸੀ। ਉਸ ਮਗਰੋਂ ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲ ਬਰਨਾਲਾ ਦੀ ਨਵੀਂ ਪ੍ਰਧਾਨਗੀ ਦੀ ਚੋਣ ਕਰਵਾਉਣ ਲਈ ਹੁਕਮ ਜਾਰੀ ਕੀਤੇ ਗਏ ਸਨ ਜਿਸ ਉੱਤੇ ਐੱਸਡੀਐੱਮ ਬਰਨਾਲਾ ਵੱਲੋਂ 17 ਅਕਤੂਬਰ 2023 ਨੂੰ ਨਗਰ ਕੌਂਸਲ ਬਰਨਾਲਾ ਵਿਚ ਪ੍ਰਧਾਨਗੀ ਦੀ ਚੋਣ ਰੱਖੀ ਗਈ ਸੀ। ਜਿਸ ਵਿਚ 18 ਕੌਂਸਲਰਾਂ ਨੇ ਹਿੱਸਾ ਲੈ ਕੇ ਨਗਰ ਕੌਂਸਲਰ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰੁਪਿੰਦਰ ਸਿੰਘ ਬੰਟੀ ਨੂੰ ਨਗਰ ਕੌਂਸਲ ਦਾ ਪ੍ਰਧਾਨ ਚੁਣ ਲਿਆ ਸੀ, ਜਿਸ ਵਿਰੁੱਧ ਗੁਰਜੀਤ ਸਿੰਘ ਰਾਮਨਵਾਸੀਆਂ ਨੇ ਮਾਨਯੋਗ ਹਾਈਕੋਰਟ ਵਿਚ ਚੁਣੌਤੀ ਦਿੱਤੀ ਸੀ। ਉਸ ਵੇਲੇ ਤੋਂ ਲੈ ਕੇ ਕਰੀਬ ਇਕ ਸਾਲ ਹੁਣ ਤੱਕ ਨਗਰ ਕੌਂਸਲ ਦੇ ਪ੍ਰਧਾਨ ਦੀ ਕੁਰਸੀ ਖਾਲੀ ਰਹੀ, ਜਿਸ ਕਾਰਨ ਲੋਕਾਂ ਨੂੰ ਖੱਜਲ ਖੁਆਰ ਵੀ ਹੋਣਾ ਪਿਆ। ਮਾਨਯੋਗ ਹਾਈਕੋਰਟ ਵਿਚ ਕਰੀਬ ਇਕ ਸਾਲ ਤੱਕ ਇਸ ਮਾਮਲੇ ਦੀ ਸੁਣਵਾਈ ਚੱਲੀ ਅਤੇ ਅਖੀਰ ਅੱਜ ਮਾਨਯੋਗ ਹਾਈਕੋਰਟ ਨੇ ਗੁਰਜੀਤ ਸਿੰਘ ਰਾਮਨਨਿਵਾਸੀਆਂ ਨੂੰ ਦੁਬਾਰਾ ਨਗਰ ਕੌਂਸਲ ਦੇ ਪ੍ਰਧਾਨ ਦੀ ਕੁਰਸੀ ਉੱਤੇ ਬੈਠਣ ਦਾ ਹੁਕਮ ਸੁਣਾਇਆ।

ਕੀ ਸੀ ਮਸਲਾ 

ਜਾਣਕਾਰੀ ਅਨੁਸਾਰ 2021 ਵਿਚ ਨਗਰ ਕੌਂਸਲ ਬਰਨਾਲਾ ਵੱਲੋਂ ਨਗਰ ਪੰਚਾਇਤ ਹੰਡਿਆਇਆ ਨੂੰ 10 ਲੱਖ ਰੁਪਏ ਦਿੱਤੇ ਗਏ ਸੀ ਪਰ ਨਗਰ ਕੌਂਸਲ ਬਰਨਾਲਾ ਵਿਚ ਇਸ ਸਬੰਧੀ ਕੋਈ ਮਤਾ ਨਹੀਂ ਪਾਇਆ ਗਿਆ ਸੀ ਜਦਕਿ ਨਿਯਮਾਂ ਅਨੁਸਾਰ ਕਿਸੇ ਨੂੰ ਵਿੱਤੀ ਮਦਦ ਕਰਨ ਲਈ ਅਧਿਕਾਰ ਸਿਰਫ ਹਾਊਸ ਕੋਲ ਹੁੰਦਾ ਹੈ ਅਤੇ ਬਿਨਾਂ ਮਤਾ ਪਾਏ ਹੀ 10 ਲੱਖ ਰੁਪਏ ਦੀ ਰਾਸ਼ੀ ਨਗਰ ਕੌਂਸਲ ਬਰਨਾਲਾ ਵੱਲੋਂ ਨਗਰ ਪੰਚਾਇਤ ਹੰਡਿਆਇਆ ਨੂੰ ਜਾਰੀ ਕਰ ਦਿੱਤੀ ਗਈ ਸੀ ਜਿਸ ਦੀ ਜਾਂਚ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਸੀ ਅਤੇ ਇਸ ਜਾਂਚ ਵਿਚ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਨੂੰ ਦੋਸ਼ੀ ਪਾਇਆ ਗਿਆ ਸੀ ਅਤੇ ਪੰਜਾਬ ਸਰਕਾਰ ਵੱਲੋਂ ਇਸ ਸੰਬੰਧ ਵਿੱਚ ਪੰਜਾਬ ਦੇ ਗਵਰਨਰ ਨੂੰ ਜਾਨੂ ਕਰਵਾਇਆ ਗਿਆ ਸੀ ਅਤੇ ਪੰਜਾਬ ਸਰਕਾਰ ਦੀ ਇਨਕੁਆਰੀ ਤੇ ਪੰਜਾਬ ਦੇ ਗਵਰਨਰ ਵੱਲੋਂ ਗੁਰਜੀਤ ਸਿੰਘ ਨੂੰ ਨਗਰ ਕੌਂਸਲ ਦੀ ਪ੍ਰਧਾਨਗੀ ਤੋਂ ਹਟਾ ਦਿੱਤਾ ਗਿਆ ਸੀ

ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ :  ਰਾਮਨਿਵਾਸੀਆ 

ਇਸ ਫ਼ੈਸਲੇ ਤੋਂ ਬਾਅਦ ਗੁਰਜੀਤ ਸਿੰਘ ਨੇ ਅਦਾਲਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਨਿਆਂ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਅਹੁਦੇ ਦਾ ਦੁਰਪਯੋਗ ਨਹੀਂ ਕਰ ਰਹੇ ਸਨ ਸਗੋਂ ਜਨਤਾ ਦੀ ਸੇਵਾ ਕਰ ਰਹੇ ਸਨ ਅਤੇ ਉਨ੍ਹਾਂ ਦੀ ਬਰਖਾਸਤਗੀ ਦਾ ਕੋਈ ਤਰਕਸੰਗਤ ਕਾਰਨ ਨਹੀਂ ਸੀ। ਉਨ੍ਹਾਂ ਇਹ ਵੀ ਵਿਸ਼ਵਾਸ ਦਿਵਾਇਆ ਕਿ ਉਹ ਭਵਿੱਖ ਵਿੱਚ ਵੀ ਬਰਨਾਲਾ ਦੇ ਵਿਕਾਸ ਲਈ ਕੰਮ ਕਰਦੇ ਰਹਿਣਗੇ। ਉਹਨਾਂ ਹਾਈਕੋਰਟ ਦੇ ਫੈਸਲੇ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ। ਉਹਨਾਂ ਕਿਹਾ ਮੈਨੂੰ ਭਾਰਤ ਦੀ ਨਿਆ ਪ੍ਰਣਾਲੀ ਵਿੱਚ ਪੂਰਨ ਯਕੀਨ ਸੀ ਅਤੇ ਅੱਜ ਇੱਕ ਵਾਰ ਫਿਰ ਸੱਚ ਦੀ ਜਿੱਤ ਹੋਈ ਹੈ। ਉਹਨਾਂ ਕਿਹਾ ਮੈਂ ਪਹਿਲਾਂ ਵੀ ਬਰਨਾਲਾ ਸ਼ਹਿਰ ਤੇ ਵਿਕਾਸ ਲਈ ਯਤਨਸ਼ੀਲ ਸੀ ਅਤੇ ਹੁਣ ਵੀ ਮੈਂ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਖੜੋਤ ਨਹੀਂ ਆਉਣ ਦੇਵਾਂਗਾ।

ਕਾਂਗਰਸੀ ਆਗੂਆਂ ਵਿਚ ਖੁਸ਼ੀ ਦੀ ਲਹਿਰ 

ਗੁਰਜੀਤ ਸਿੰਘ ਦੇ ਸਮਰਥਕਾਂ ਅਤੇ ਬਰਨਾਲਾ ਦੇ ਰਹਿਣ ਵਾਲਿਆਂ ਨੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਇਸਨੂੰ ਜਨਤਾ ਦੀ ਜਿੱਤ ਅਤੇ ਰਾਜਨੀਤਕ ਦੁਰਭਾਵਨਾ ਦੀ ਹਾਰ ਵਜੋਂ ਵੇਖਿਆ ਹੈ। ਇਸ ਫ਼ੈਸਲੇ ਨਾਲ ਜਿੱਥੇ ਗੁਰਜੀਤ ਸਿੰਘ ਨੂੰ ਰਾਹਤ ਮਿਲੀ ਹੈ, ਉੱਥੇ ਹੀ ਪੰਜਾਬ ਸਰਕਾਰ ਲਈ ਇਹ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਅੱਜ ਜਿਵੇਂ ਹੀ ਮਾਨਯੋਗ ਹਾਈਕੋਰਟ ਨੇ ਗੁਰਜੀਤ ਸਿੰਘ ਰਾਮਨਵਾਸੀਆਂ ਨੂੰ ਮੁੜ ਨਗਰ ਕੌਂਸਲ ਦੇ ਪ੍ਰਧਾਨ ਦੀ ਕੁਰਸੀ ਉੱਤੇ ਬੈਠਣ ਦਾ ਹੁਕਮ ਸੁਣਾਇਆ ਤਾਂ ਕਾਂਗਰਸੀ ਆਗੂ ਇਕ ਦੂਜੇ ਨੂੰ ਵਧਾਈ ਦਿੰਦੇ ਵੇਖੇ ਗਏ। ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋ, ਨਗਰ ਸੁਧਾਰ ਟਰਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਬਲਾਕ ਕਾਂਗਰਸ ਦੇ ਪ੍ਰਧਾਨ ਮਹੇਸ਼ ਲੋਟਾ, ਨਰਿੰਦਰ ਸ਼ਰਮਾ, ਮਨੀਸ਼ ਕਾਕਾ, ਸਤਨਾਮ ਸਿੰਘ ਪੱਤੀ ਸੇਖਵਾਂ ਆਦਿ ਆਗੂਆਂ ਨੇ ਗੁਰਜੀਤ ਸਿੰਘ ਰਾਮਨਿਵਾਸੀਆਂ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟ ਕੀਤੀ ਕਿ ਉਹਨਾਂ ਦੀ ਪ੍ਰਧਾਨਗੀ ਵਿੱਚ ਸ਼ਹਿਰ ਵਿੱਚ ਰਿਕਾਰਡ ਤੋੜ ਵਿਕਾਸ ਦੇ ਕਾਰਜ ਹੋਣਗੇ। ਇਸ ਫ਼ੈਸਲੇ ਤੋਂ ਬਾਅਦ ਗੁਰਜੀਤ ਸਿੰਘ ਇਕ ਵਾਰ ਫਿਰ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਦਾ ਨਿਰਵਾਹਣ ਕਰਨਗੇ।


Gurminder Singh

Content Editor

Related News