ਨਾਜਾਇਜ਼ ਉਸਾਰੀਆਂ ''ਤੇ ਚੱਲਿਆ ਨਿਗਮ ਦਾ ਪੀਲਾ ਪੰਜਾ
Sunday, Jun 17, 2018 - 02:58 AM (IST)
ਬਠਿੰਡਾ(ਬਲਵਿੰਦਰ)-ਅੱਜ ਸ਼ਹਿਰ 'ਚ ਦੋ ਥਾਂਵਾਂ 'ਤੇ ਨਾਜਾਇਜ਼ ਉਸਾਰੀਆਂ ਨੂੰ ਢਾਹੇ ਜਾਣ ਲਈ ਨਗਰ ਨਿਗਮ ਦਾ ਪੀਲਾ ਪੰਜਾ ਚੱਲਿਆ, ਜਿਸਦਾ ਸਬੰਧਤ ਲੋਕਾਂ ਵੱਲੋਂ ਖਾਸਾ ਵਿਰੋਧ ਕੀਤਾ ਗਿਆ।ਨਾਜਾਇਜ਼ ਉਸਾਰੀਆਂ ਢਾਹੀਆਂ ਨਾਜਾਇਜ਼ ਕਬਜ਼ੇ ਰੋਕਣ ਲਈ ਨਗਰ ਨਿਗਮ ਦੀ ਚੱਲ ਰਹੀ ਵਿਸ਼ੇਸ਼ ਮੁਹਿੰਮ ਤਹਿਤ ਅੱਜ ਐਕਸੀਅਨ ਦਵਿੰਦਰ ਜੌੜਾ ਦੀ ਅਗਵਾਈ ਹੇਠ ਇਕ ਟੀਮ ਨੇ ਮਾਨਸਾ ਰੋਡ 'ਤੇ ਛਾਉਣੀ ਦੇ ਸਾਹਮਣੇ ਬਣ ਰਹੀ ਇਕ ਵਪਾਰਕ ਇਮਾਰਤ ਨੂੰ ਢਾਹ ਦਿੱਤਾ। ਇਸ ਇਮਾਰਤ ਦੀਆਂ ਕੰਧਾਂ ਬਣਾ ਕੇ ਲੈਂਟਰ ਪਾਉਣ ਦੀ ਤਿਆਰੀ ਸੀ ਪਰ ਬੁਲਡੋਜ਼ਰ ਨੇ ਇਕ ਮਿੰਟ 'ਚ ਹੀ ਸਭ ਕੁਝ ਇਕ ਢੇਰ 'ਚ ਤਬਦੀਲ ਕਰ ਦਿੱਤਾ। ਇਸੇ ਤਰ੍ਹਾਂ ਜੁਝਾਰ ਸਿੰਘ ਨਗਰ 'ਚ ਵੀ ਇਕ ਇਮਾਰਤ ਨੂੰ ਢਾਹ ਦਿੱਤਾ ਗਿਆ, ਜਿਸਦਾ ਲੈਂਟਰ ਦੋ ਦਿਨ ਪਹਿਲਾਂ ਹੀ ਪਾਇਆ ਗਿਆ ਸੀ ਪਰ ਲੋੜੀਂਦੀ ਜਗ੍ਹਾ ਖਾਲੀ ਨਹੀਂ ਸੀ ਛੱਡੀ ਗਈ। ਇਸ ਸਬੰਧੀ ਦਵਿੰਦਰ ਜੌੜਾ ਨੇ ਦੱਸਿਆ ਕਿ ਇਹ ਇਮਾਰਤਾਂ ਨਿਯਮਾਂ ਦੀ ਉਲੰਘਣਾ ਕਰ ਕੇ ਬਣਾਈਆਂ ਜਾ ਰਹੀਆਂ ਸਨ। ਇਸ ਲਈ ਇਨ੍ਹਾਂ ਨੂੰ ਢਾਹ ਦਿੱਤਾ ਗਿਆ।
ਸਰਕਾਰ ਸਾਡੀ ਰਿਹਾਇਸ਼ੀ ਜਗ੍ਹਾ ਐਕੁਆਇਰ ਕਰੇ : ਆਮ ਲੋਕ
ਮਾਨਸਾ ਰੋਡ 'ਤੇ ਸਥਿਤ ਜੋਗਾ ਨਗਰ, ਮਤੀ ਦਾਸ ਨਗਰ ਆਦਿ ਇਲਾਕੇ ਦੇ ਰਮਨਦੀਪ ਸਿੰਘ, ਸੂਬੇਦਾਰ ਬਲਵੀਰ ਸਿੰਘ, ਗੁਰ ਅਵਤਾਰ ਸਿੰਘ, ਜੋਗਿੰਦਰ ਸਿੰਘ, ਬਲਜਿੰਦਰ ਸਿੰਘ ਢਿੱਲੋਂ, ਸੁਰਜੀਤ ਸਿੰਘ, ਜਗਜੀਤ ਸਿੰਘ, ਪਰਵਿੰਦਰ ਸਿੰਘ ਆਦਿ ਨੇ ਕਿਹਾ ਕਿ ਛਾਉਣੀ ਦੇ ਅਸਲਾ ਡਿਪੂ ਕੋਲ 16000 ਏਕੜ ਜਗ੍ਹਾ ਹੈ ਪਰ ਉਹ ਨਾਲ ਲੱਗਦੇ ਇਲਾਕੇ 'ਚ ਉਸਾਰੀ 'ਤੇ ਰੋਕ ਲਾ ਰਹੇ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਜਾਂ ਤਾਂ ਉਨ੍ਹਾਂ ਦਾ ਸਾਰਾ ਇਲਾਕਾ ਸਰਕਾਰ ਐਕੁਆਇਰ ਕਰ ਲਵੇ, ਨਹੀਂ ਤਾਂ ਫਿਰ ਉਨ੍ਹਾਂ ਨੂੰ ਇਮਾਰਤਾਂ ਉਸਾਰਨ ਤੋਂ ਨਾ ਰੋਕਿਆ ਜਾਵੇ।
