15 ਸਾਲਾਂ ਬਾਅਦ ਵੀ ''ਕੈਪਟਨ ਦੇ ਮਹਿਲ'' ਦੀ ਕੀਮਤ 35 ਕਰੋੜ
Tuesday, Apr 30, 2019 - 01:16 PM (IST)
ਚੰਡੀਗੜ੍ਹ : ਪੰਜਾਬ ਦੇ ਮੁੱਖ ਮਤੰਰੀ ਬਣਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਆਮਦਨ 'ਚ ਵਾਧਾ ਹੋਇਆ, ਜੋ ਕਿ ਸ਼ਿਵਾਲਿਕ ਦੀਆਂ ਪਹਾੜੀਆਂ 'ਤੇ ਫਾਰਮਹਾਊਸ ਖਰੀਦਣ ਅਤੇ ਬਣਾਉਣ ਲਈ ਕਾਫੀ ਹੈ ਪਰ ਤੁਹਾਨੂੰ ਇਸ ਗੱਲ ਦੀ ਹੈਰਾਨੀ ਹੋਵੇਗੀ ਕਿ ਕੈਪਟਨ ਦੇ ਪਟਿਆਲਾ ਸਥਿਤ ਮੋਤੀ ਬਾਗ ਪੈਲਸ ਦੀ ਕੀਮਤ ਅੱਜ ਵੀ 15 ਸਾਲ ਪਹਿਲਾਂ ਜਿੰਨੀ, ਮਤਲਬ ਕਿ 35 ਕਰੋੜ ਹੀ ਹੈ। ਸਾਲ 2004 ਦੀਆਂ ਲੋਕ ਸਭਾ ਚੋਣਾਂ ਦੌਰਾਨ ਪਟਿਆਲਾ ਤੋਂ ਉਮੀਦਵਾਰ ਪਰਨੀਤ ਕੌਰ ਨੇ ਇਸ ਮਹਿਲ ਦੀ ਕੀਮਤ 35 ਕਰੋੜ ਰੁਪਏ ਸੂਚੀਬੱਧ ਕਰਵਾਈ ਸੀ।
ਇਸੇ ਤਰ੍ਹਾਂ ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਅਤੇ ਸਾਲ 2009 ਦੀਆਂ ਲੋਕ ਸਭਾ ਚੋਣਾਂ ਦੌਰਾਨ ਪਰਨੀਤ ਕੌਰ ਨੇ ਫਿਰ ਇਸ ਮਹਿਲ ਦੀ ਕੀਮਤ 35 ਕਰੋੜ ਰੁਪਏ ਹੀ ਦੱਸੀ ਗਈ। ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਹ ਸਵਾਲ ਉੱਠਣ ਲੱਗ ਪਏ ਕਿ ਪਟਿਆਲਾ ਦਾ ਦਿਲ ਕਹੇ ਜਾਣ ਵਾਲੀ ਇਸ ਪ੍ਰਾਪਰਟੀ ਦੀ ਇੰਨੇ ਸਾਲਾਂ ਦੌਰਾਨ ਕੀਮਤ ਇੱਕੋ ਕਿਵੇਂ ਹੋ ਸਕਦੀ ਹੈ। ਫਿਰ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਜਦੋਂ ਕੈਪਟਨ ਅਤੇ ਪਰਨੀਤ ਕੌਰ ਪਟਿਆਲਾ ਅਤੇ ਅੰਮ੍ਰਿਤਸਰ ਸੀਟ ਤੋਂ ਇਕੱਠੇ ਖੜ੍ਹੇ ਹੋਏ ਤਾਂ ਉਨ੍ਹਾਂ ਦੇ ਐਫੀਡੇਵਿਟਾਂ 'ਚ ਮੋਤੀ ਬਾਗ ਪੈਲਸ ਦੀ ਕੀਮਤ ਅੱਗੇ ਨਾਲੋਂ ਦੁੱਗਣੀ ਮਤਲਬ ਕਿ 71.3 ਕਰੋੜ ਰੁਪਏ ਦਰਸਾਈ ਗਈ।
ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਅਰੁਣ ਜੇਤਲੀ ਨੂੰ ਹਰਾ ਕੇ ਅੰਮ੍ਰਿਤਸਰ ਸੀਟ ਜਿੱਤ ਗਏ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਫਿਰ ਆਪਣੇ ਹਲਫਨਾਮੇ 'ਚ ਮੋਤੀ ਬਾਗ ਮਹਿਲ ਦੀ ਕੀਮਤ ਘਟਾ ਕੇ 35 ਕਰੋੜ ਰੁਪਏ ਦੱਸੀ ਗਈ ਅਤੇ ਹੁਣ 2019 ਦੀ ਲੋਕ ਸਭਾ ਚੋਣਾਂ ਦੌਰਾਨ ਵੀ ਪਰਨੀਤ ਕੌਰ ਵਲੋਂ ਆਪਣੇ ਹਲਫਨਾਮੇ 'ਚ ਮੋਤੀ ਬਾਗ ਮਹਿਲ ਦੀ ਕੀਮਤ 'ਤੇ ਕੋਈ ਬਦਲਾਅ ਨਹੀਂ ਦਿਖਾਇਆ ਗਿਆ ਹੈ ਅਤੇ ਅੱਜ ਵੀ ਇਸ ਦੀ ਕੀਮਤ 35 ਕਰੋੜ ਰੁਪਿਆ ਹੀ ਦਰਸਾਈ ਗਈ ਹੈ।