ਮਾਂ ਦੀਆਂ ਅਸਥੀਆਂ ਚੁੱਗਦੇ ਸਮੇਂ ਬਰਾਮਦ ਹੋਈ ਅਜਿਹੀ ਚੀਜ਼, ਜਿਸ ਨੂੰ ਦੇਖ ਪਰਿਵਾਰ ਦੇ ਉੱਡੇ ਹੋਸ਼  (ਤਸਵੀਰਾਂ)

09/16/2017 7:04:08 PM

ਫਗਵਾੜਾ(ਅਸ਼ੋਕ, ਹਰਜੋਤ)— ਲੰਬੀ ਬੀਮਾਰੀ ਨਾਲ ਜੂਝਣ ਤੋਂ ਬਾਅਦ ਦਮ ਤੋੜ ਚੁੱਕੀ ਇਕ ਬਜ਼ੁਰਗ ਔਰਤ ਚਰਨ ਕੌਰ (60) ਨਿਵਾਸੀ ਗੁਰੂ ਨਾਨਕਪੁਰਾ ਫਗਵਾੜਾ ਦਾ ਸਥਾਨਕ ਬੰਗਾ ਰੋਡ ਸ਼ਮਸ਼ਾਨ ਭੂਮੀ 'ਚ ਅੰਤਿਮ ਸਸਕਾਰ ਕਰ ਦਿੱਤਾ ਗਿਆ। ਸ਼ੁੱਕਰਵਾਰ ਨੂੰ ਜਦੋਂ ਮ੍ਰਿਤਕਾ ਚਰਨ ਕੌਰ ਦੇ ਰਸਮ ਚੌਥੇ 'ਚ ਅਸਥੀਆਂ ਚੁੱਗਣ ਪਹੁੰਚੇ ਉਨ੍ਹਾਂ ਦੇ ਪੁੱਤਰ ਦਿਲਬਾਗ ਸਿੰਘ ਅਤੇ ਹੋਰ ਰਿਸ਼ਤੇਦਾਰ ਸਮੇਤ ਸਾਕ-ਸਬੰਧੀ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਹੱਡੀਆਂ ਅਤੇ ਸੁਆਹ ਦੇ ਨਾਲ ਇਕ ਟੁੱਟੀ ਕੈਂਚੀ ਵੀ ਬਰਾਮਦ ਹੋਈ।
ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮ੍ਰਿਤਕ ਮਾਤਾ ਦਾ ਪੱਥਰੀਆਂ ਦੀ ਸ਼ਿਕਾਇਤ ਕਾਰਨ ਸਾਲ 2008 'ਚ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ 'ਚੋਂ ਇਲਾਜ ਕਰਵਾਇਆ ਸੀ। ਉਦੋਂ ਤੋਂ ਹੀ ਉਨ੍ਹਾਂ ਦੀ ਮਾਤਾ ਪੇਟ 'ਚ ਕੁਝ ਚੁੱਬਣ ਦੀ ਸ਼ਿਕਾਇਤ ਕਰਦੀ ਸੀ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਕਦੇ ਕੁਝ ਨਹੀਂ ਦੱਸਿਆ ਅਤੇ ਅੰਤ 9 ਸਾਲ ਦੇ ਬਾਅਦ ਉਸ ਦੀ ਮਾਤਾ ਦਾ ਦਿਹਾਂਤ ਹੋ ਗਿਆ। ਦਿਲਬਾਗ ਸਿੰਘ ਨੇ ਉਕਤ ਕੈਂਚੀ ਪੱਤਰਕਾਰਾਂ ਨੂੰ ਵੀ ਦਿਖਾਈ। ਇਸ ਮੌਕੇ ਮੁਹੱਲਾ ਵਾਸੀ ਬਾਬਾ ਗੁਰਬਚਨ ਸਿੰਘ, ਜਸਵਿੰਦਰ ਸਿੰਘ, ਰਣਜੀਤ ਸਿੰਘ ਵੀ ਸ਼ਾਮਲ ਸਨ।


Related News