ਅਜਿਹੀ ਗ੍ਰਿਫਤਾਰੀ ਜਿਸ ਨੇ ਅੰਤਰ-ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ

Friday, Apr 05, 2024 - 03:00 PM (IST)

ਅਜਿਹੀ ਗ੍ਰਿਫਤਾਰੀ ਜਿਸ ਨੇ ਅੰਤਰ-ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ

ਮੈਂ ਅਰਵਿੰਦ ਕੇਜਰੀਵਾਲ ਨੂੰ ਸਿਰਫ ਇਕ ਵਾਰ ਮਿਲਿਆ ਹਾਂ। ਇਹ ਮੁਲਾਕਾਤ 2005 ਜਾਂ 2006 ’ਚ ਪੀ. ਸੀ. ਜੀ. ਟੀ. ਦੇ ਟਰੱਸਟੀਆਂ ਦੀ ਬੈਠਕ ਸਮੇਂ ਹੋਈ ਸੀ। ਉਦੋਂ ਭਾਰਤ ਸਰਕਾਰ ਦੇ ਸਾਬਕਾ ਕੈਬਨਿਟ ਸਕੱਤਰ ਅਤੇ ਪ੍ਰਧਾਨ ਮੰਤਰੀ ਦੇ ਸਾਬਕਾ ਪ੍ਰਿੰਸੀਪਲ ਨਿੱਜੀ ਸਕੱਤਰ ਬੀ. ਜੀ. ਦੇਸ਼ਮੁਖ ਪੀ. ਸੀ. ਜੀ. ਟੀ. ਦੇ ਮੁਖੀ ਸਨ।

ਉਨ੍ਹਾਂ ਨੇ ਕੇਜਰੀਵਾਲ ਨੂੰ ਪੀ. ਸੀ. ਜੀ. ਟੀ. ਨਾਲ ਮਿਲਣ ਦੇ ਸੱਦੇ ਨੂੰ ਪ੍ਰਵਾਨਗੀ ਦਿੱਤੀ ਸੀ। ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਹ ਇਹ ਦੱਸਣ ਕਿ ਦਿੱਲੀ ’ਚ ਆਮਦਨ ਕਰ ਵਿਭਾਗ ’ਚ ਭ੍ਰਿਸ਼ਟਾਚਾਰ ਨਾਲ ਨਜਿੱਠਣ ਲਈ ਉਹ ਕੀ ਕੰਮ ਕਰ ਰਹੇ ਹਨ।

ਕੇਜਰੀਵਾਲ ਉਦੋਂ ਇਕ ਇਨਕਮ ਟੈਕਸ ਅਧਿਕਾਰੀ ਸਨ। ਉਸ ਸਮੇਂ ਉਨ੍ਹਾਂ ਦੀ ਭਰਤੀ ਯੂ. ਪੀ. ਐੱਸ. ਸੀ. ਦੀ ਸਿਵਲ ਸੇਵਾ ਪ੍ਰੀਖਿਆ ਰਾਹੀਂ ਭਾਰਤੀ ਮਾਲੀਆ ਸੇਵਾ (ਆਈ. ਆਰ. ਐੱਸ.) ’ਚ ਹੋਈ ਸੀ। ਇਸ ਸੇਵਾ ਲਈ ਬੀ. ਜੀ. ਦੇਸ਼ਮੁਖ ਅਤੇ ਮੈਂ ਖੁਦ ਕਈ ਸਾਲ ਪਹਿਲਾਂ ਕੋਸ਼ਿਸ਼ ਕੀਤੀ ਸੀ।

ਕੇਜਰੀਵਾਲ ਅਧਿਕਾਰਤ ਸਮੇਂ ਤੋਂ ਇਕ ਘੰਟਾ ਪਹਿਲਾਂ ਕੰਮ ’ਤੇ ਪਹੁੰਚ ਗਏ ਸਨ ਅਤੇ ਸੈਂਟਰਲ ਆਈ. ਟੀ. ਦਫਤਰ ਦੇ ਬਾਹਰ ਕੁਰਸੀ ਨਾਲ ਇਕ ਛੋਟੀ ਜਿਹੀ ਮੇਜ਼ ਲਾ ਲੈਂਦੇ ਸਨ। ਆਈ. ਟੀ. ਲਈ ਬਿਨੈਕਾਰ ਰਿਫੰਡ ਲੈਣ ਜਾਂ ਪੈਨ ਕਾਰਡ ਲਈ ਉਨ੍ਹਾਂ ਦੀ ਮਦਦ ਲੈਂਦੇ ਸਨ ਤਾਂ ਜੋ ਉਨ੍ਹਾਂ ਦੇ ਕੰਮ ‘ਸਪੀਡ ਮਨੀ’ ਦਾ ਭੁਗਤਾਨ ਕੀਤੇ ਜਾਣ ਤੋਂ ਬਿਨਾਂ ਹੀ ਜਲਦੀ ਮੁਕੰਮਲ ਹੋ ਜਾਣ। ਉਨ੍ਹਾਂ ਨੇ ਆਪਣੇ ਕਈ ਸਾਥੀ ਅਧਿਕਾਰੀਆਂ ਨੂੰ ਨਾਰਾਜ਼ ਕਰ ਦਿੱਤਾ। ਅੱਜ ਉਨ੍ਹਾਂ ਵਿਚੋਂ ਕਿੰਨੇ ਐਨਫੋਰਸਮੈਂਟ ਡਾਇਰੈਕਟੋਰੇਟ ’ਚ ਹਨ? ਕੀ ਉਨ੍ਹਾਂ ਵਿਚੋਂ ਕੋਈ ਆਪਣੇ ਪੁਰਾਣੇ ਸਾਥੀ ਕੇਜਰੀਵਾਲ ਵਿਰੁੱਧ ਜਾਂਚ ਸੰਭਾਲ ਰਿਹਾ ਹੈ?

ਮੁੰਬਈ ਦੇ ਆਮ ਲੋਕਾਂ ਦੀ ਜ਼ਿੰਦਗੀ ਦੀ ਗੁਣਵੱਤਾ ’ਚ ਸੁਧਾਰ ਲਿਆਉਣ ਦੇ ਸਪੱਸ਼ਟ ਇਰਾਦੇ ਨਾਲ ਪੀ. ਸੀ. ਜੀ. ਟੀ. ਨੂੰ ਸਥਾਪਤ ਕੀਤਾ ਗਿਆ ਸੀ। ਕੇਜਰੀਵਾਲ ਨੇ ਸਾਨੂੰ ਇਕ ਐੱਨ. ਜੀ. ਓ. ਬਾਰੇ ਦੱਸਿਆ ਸੀ।

ਰਾਜਧਾਨੀ ’ਚ ਉਹ ਮਾਰਗਦਰਸ਼ਨ ਕਰ ਰਹੇ ਸਨ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ। ਪੀ. ਸੀ. ਜੀ. ਟੀ. ਦੇ ਟਰੱਸਟੀ ਇਮਾਨਦਾਰੀ ਅਤੇ ਨਿਆਂ ਪ੍ਰਤੀ ਕੇਜਰੀਵਾਲ ਦੀ ਪ੍ਰਤੀਬੱਧਤਾ ਤੋਂ ਪ੍ਰਭਾਵਿਤ ਹੋਏ।

ਕੀ ਚੰਗੇ ਰਾਜ ਦੀਆਂ ਕਦਰਾਂ-ਕੀਮਤਾਂ ਪ੍ਰਤੀ ਇੰਨਾ ਸਮਰਪਿਤ ਵਿਅਕਤੀ ਰਾਤੋਂ-ਰਾਤ ਇਕ ਰਾਕਸ਼ਸ ’ਚ ਬਦਲ ਸਕਦਾ ਹੈ ਜੋ ਗੰਦੀ ਕਮਾਈ ਨਾਲ ਆਪਣਾ ਪੇਟ ਭਰਨ ’ਤੇ ਉਤਾਰੂ ਹੈ? ਜਿਹੜੇ ਵਿਅਕਤੀ ਉਨ੍ਹਾਂ ਦੀ ਸ਼ਖਸੀਅਤ, ਉਨ੍ਹਾਂ ਦੀ ਸੋਚ ਅਤੇ ਉਨ੍ਹਾਂ ਦੇ ਦਿਲ-ਦਿਮਾਗ ਦੇ ਵਤੀਰੇ ਤੋਂ ਜਾਣੂ ਹੋਏ ਹਨ, ਉਨ੍ਹਾਂ ਲਈ ਇਕ ਪਲ ਲਈ ਵੀ ਇਹ ਅਸੰਭਵ ਲੱਗਦਾ ਹੈ, ਜਿਵੇਂ ਕਿ ‘ਆਪ’ ਦੇ ਸੰਜੇ ਸਿੰਘ ਕੋਲ ਪੈਸਿਆਂ ਦਾ ਕੋਈ ਪਤਾ ਨਹੀਂ ਲੱਗਾ।

ਅਗਲੀ ਵਾਰ ਅਰਵਿੰਦ ਕੇਜਰੀਵਾਲ ਮੇਰੇ ਧਿਆਨ ’ਚ ਉਦੋਂ ਆਏ ਜਦੋਂ ਉਹ ਚੰਗੇ ਆਚਰਣ ਅਤੇ ਇਮਾਨਦਾਰ, ਸਾਦੀ ਜ਼ਿੰਦਗੀ ਦੇ ਮਹਾਨ ਪ੍ਰਤੀਪਾਦਕ-ਅੰਨਾ ਹਜ਼ਾਰੇ ਦੇ ਸੰਪਰਕ ’ਚ ਆਏ। ਆਪਣੇ ਸੂਬੇ ਦੇ ਕਈ ਲੋਕਾਂ ਵਾਂਗ ਮੈਂ ਵੀ ਅੰਨਾ ਹਜ਼ਾਰੇ ਸਬੰਧੀ ਵਧੇਰੇ ਗੱਲਾਂ ਜਾਣਦਾ ਹਾਂ ਅਤੇ ਮੈਨੂੰ ਕਈ ਮੌਕਿਆਂ ’ਤੇ ਉਨ੍ਹਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਹੈ।

ਅੰਨਾ ਹਜ਼ਾਰੇ ਇਕ ਸਾਧਾਰਨ ਵਿਅਕਤੀ ਹਨ। ਉਨ੍ਹਾਂ ਨੂੰ ਕਿਉਂਕਿ ਕਈ ਵਾਰ ਲੋਕਾਂ ਵੱਲੋਂ ਸ਼ਲਾਘਾ ਮਿਲੀ ਹੈ, ਸਤਿਕਾਰ ਮਿਲਿਆ ਹੈ, ਇਸ ਲਈ ਇਸ ਸ਼ਲਾਘਾ ਨੇ ਸੰਭਾਵਨਾਵਾਂ ਨੂੰ ਸ਼ਾਂਤੀ ਨਾਲ ਤੋਲਣ ਦੀ ਉਨ੍ਹਾਂ ਦੀ ਸਮਰੱਥਾ ਨੂੰ ਪ੍ਰਭਾਵਿਤ ਕੀਤਾ ਹੈ।

ਅੰਨਾ ਅਤੇ ਕੇਜਰੀਵਾਲ ਦੀ ਜੋੜੀ ਗੇਮ ਚੇਂਜਰ ਬਣਨ ਦਾ ਵਾਅਦਾ ਕਰ ਰਹੀ ਸੀ ਪਰ ਕੇਜਰੀਵਾਲ ਦੇ ਵਿਚਾਰ ਕੁਝ ਹੋਰ ਹੀ ਸਨ। ਇਨ੍ਹਾਂ ਵਿਚਾਰਾਂ ਦੀ ਨਾ ਤਾਂ ਅੰਨਾ ਨੂੰ ਉਮੀਦ ਸੀ ਅਤੇ ਨਾ ਹੀ ਵਧੇਰੇ ਨਾਗਰਿਕਾਂ ਨੂੰ ਜਿਨ੍ਹਾਂ ਨੇ ਭਾਰਤ ਦੀ ਤਰੱਕੀ ’ਚ ਸਭ ਤੋਂ ਵੱਡੀਆਂ ਰੁਕਾਵਟਾਂ ’ਚੋਂ ਇਕ ਭ੍ਰਿਸ਼ਟਾਚਾਰ ਵਿਰੁੱਧ ਬਗਾਵਤ ਦਾ ਝੰਡਾ ਬੁਲੰਦ ਕਰਨਾ ਸੀ। ਜਿਵੇਂ ਹੀ ਲੜਾਈ ਜੇਤੂ ਮੋੜ ਲੈ ਰਹੀ ਸੀ, ਕੇਜਰੀਵਾਲ ਨੇ ਭਵਿੱਖ ’ਚ ਚੋਣਾਂ ਲੜਨ ਲਈ ਆਮ ਆਦਮੀ ਪਾਰਟੀ (ਆਪ) ਦਾ ਗਠਨ ਕਰ ਕੇ ਸਿਆਸੀ ਖੇਤਰ ’ਚ ਆਉਣ ਦੇ ਆਪਣੇ ਇਰਾਦੇ ਦਾ ਐਲਾਨ ਕਰ ਦਿੱਤਾ।

ਇਸ ਫੈਸਲੇ ਨਾਲ ਅੰਨਾ ਅਤੇ ਮੇਰੇ ਵਰਗੇ ਸੈਂਕੜੇ ਹੋਰ ਪ੍ਰਸ਼ੰਸਕ ਨਾਰਾਜ਼ ਹੋ ਗਏ। ਉਸ ਨੇ ਇਸ ਕਦਮ ’ਚ ਉਸ ਵਿਅਕਤੀ ਵੱਲੋਂ ਧੋਖਾ ਦੇਖਿਆ ਜਿਸ ’ਤੇ ਉਸ ਨੇ ਭਰੋਸਾ ਕੀਤਾ ਸੀ। ਅੰਨਾ ਨੇ ਹਮੇਸ਼ਾ ਆਪਣੇ ਆਪ ਨੂੰ ਇਕ ਨੈਤਿਕ ਸ਼ਕਤੀ ਵਜੋਂ ਦੇਖਣ ਦਾ ਸੁਫਨਾ ਵੇਖਿਆ ਸੀ ਜੋ ਸਿਆਸਤ ਵਿਚ ਪੈਦਾ ਹੋਣ ਵਾਲੀ ਲੁੱਟ ਤੋਂ ਦੂਰ ਰਹੇ ਪਰ ਇਹ ਕਹਾਣੀ ਇਕ ਵੱਖਰੀ ਹੈ। ਅੱਜ ਅਸੀਂ ਆਪਣੇ ਸਿਆਸੀ ਪ੍ਰਭੂਤੱਵ ਵਿਰੁੱਧ ਸਭ ਭਰੋਸੇਯੋਗ ਵਿਰੋਧ ਖਤਮ ਕਰਨ ਦੀ ਭਾਜਪਾ ਦੀ ਗੁੰਝਲਦਾਰ ਯੋਜਨਾ ਤੋਂ ਚਿੰਤਿਤ ਹਾਂ।

ਅਰਵਿੰਦ ਕੇਜਰੀਵਾਲ ’ਤੇ ਦੇਸ਼ ਦੀ ਰਾਜਧਾਨੀ ’ਚ ਸ਼ਰਾਬ ਦੀ ਵਿਕਰੀ ਨੂੰ ਕੰਟਰੋਲ ਕਰਨ ਵਾਲੀ ਨੀਤੀ ਨਾਲ ਛੇੜਛਾੜ ਕਰ ਕੇ ਦਿੱਲੀ ਸਰਕਾਰ ਦੀ ਐਕਸਾਈਜ਼ ਡਿਊਟੀ ਘਪਲੇ ਦੀ ਕਲਪਨਾ ਕਰਨ ਅਤੇ ਉਸ ਨੂੰ ਨਿਰਦੇਸ਼ਿਤ ਕਰਨ ਦਾ ਦੋਸ਼ ਹੈ। ਜੇ ਉਸ ਨੀਤੀ ਨੂੰ ਆਕਾਰ ਦੇਣ ਜਾਂ ਬਦਲਣ ’ਚ ਉਨ੍ਹਾਂ ਦਾ ਹੱਥ ਹੁੰਦਾ ਤਾਂ ਮੈਨੂੰ ਹੈਰਾਨੀ ਨਹੀਂ ਹੋਣੀ ਸੀ। ਸਭ ਸਿਆਸੀ ਪਾਰਟੀਆਂ ਨੂੰ ਚਲਾਉਣ ਲਈ ਪੈਸਿਆਂ ਦੀ ਲੋੜ ਹੁੰਦੀ ਹੈ। ਉਨ੍ਹਾਂ ਕੋਲ ਠੇਕਿਆਂ ਤੋਂ ਰਿਸ਼ਵਤ ਅਤੇ ਕਾਰੋਬਾਰੀ ਘਰਾਣਿਆਂ ਨੂੰ ਲਾਭ ਪਹੁੰਚਾਉਣ ਤੋਂ ਇਲਾਵਾ ਆਪਣੀਆਂ ਸਰਗਰਮੀਆਂ ਦੇ ਵਿੱਤੀ ਪੋਸ਼ਣ ਦਾ ਕੋਈ ਸਾਧਨ ਨਹੀਂ ਹੈ। ਬੋਫੋਰਜ਼ ਤੋਪਾਂ ਜਾਂ ਰਾਫੇਲ ਜੈੱਟ ਲੜਾਕੂ ਹਵਾਈ ਜਹਾਜ਼ਾਂ ਦੀ ਖਰੀਦ ਵਰਗੀਆਂ ਯੋਜਨਾਵਾਂ ਸਭ ਤੋਂ ਸਪੱਸ਼ਟ ਉਦਾਹਰਣ ਹਨ। ਹਰ ਨਾਗਰਿਕ ਜਾਣਦਾ ਹੈ ਕਿ ਇਹ ਨਿਯਮਿਤ ਰੂਪ ਨਾਲ ਸੱਤਾਧਾਰੀ ਸਰਕਾਰਾਂ ਵੱਲੋਂ ਕੀਤਾ ਜਾਂਦਾ ਹੈ ਅਤੇ ਵਿਰੋਧੀ ਪਾਰਟੀਆਂ ਵੱਲੋਂ ਇਸ ਦੀ ਨਿੰਦਾ ਕੀਤੀ ਜਾਂਦੀ ਹੈ ਪਰ ਭਾਰਤੀ ਨਾਗਰਿਕ ਅਜਿਹੀਆਂ ਗੱਲਾਂ ਤੋਂ ਬਚੇ ਹੋਏ ਹਨ।

ਭਾਰਤੀ ਨਾਗਰਿਕ ਐਨਫੋਰਸਮੈਂਟ ਡਾਇਰੈਕਟੋਰੇਟ ਅਤੇ ਆਈ. ਟੀ. ਨੂੰ ਉਕਸਾ ਕੇ ਵਿਰੋਧੀ ਪਾਰਟੀਆਂ ਅਤੇ ਉਨ੍ਹਾਂ ਦੇ ਆਗੂਆਂ ’ਤੇ ਅਚਾਨਕ ਹਮਲਾ ਕਰਨ ਦੇ ਆਦੀ ਨਹੀਂ ਹਨ। ਭਾਰਤ ਵਿਚ ਵਿਰੋਧੀ ਧਿਰ ਮੁਕਤ ਸਿਆਸਤ ਨੂੰ ਯਕੀਨੀ ਕਰਨ ਲਈ ਅਧਿਕਾਰੀ ਲਗਾਤਾਰ ਸਰਕਾਰ ਦੇ ਵਿਰੋਧੀਆਂ ਦੇ ਪਿੱਛੇ ਪਏ ਰਹਿੰਦੇ ਹਨ।

ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੇ ਦੇਸ਼ ਦੀ ਸਹੀ ਸੋਚ ਵਾਲੇ ਨਾਗਰਿਕਾਂ ਦੀ ਅੰਤਰ-ਆਤਮਾ ਨੂੰ ਆਈ. ਟੀ. ਤੋਂ ਵੀ ਵੱਧ ਝੰਜੋੜ ਦਿੱਤਾ ਹੈ। ਆਈ. ਟੀ. ਦੀ ਵਸੂਲੀ ਲਈ ਕਾਂਗਰਸ ਪਾਰਟੀ ਦੇ ਬੈਂਕ ਖਾਤਿਆਂ ਨੂੰ ਫ੍ਰੀਜ਼ ਕੀਤਾ ਗਿਆ ਹੈ।

ਭਾਜਪਾ ਵੱਲੋਂ ਚੋਣਾਂ ਲੜਨ ਦੀ ਲਾਗਤ ਲਈ ਵਿੱਤੀ ਪ੍ਰਬੰਧ ਕਰਨ ਦੇ ਇਰਾਦੇ ਨਾਲ ਚੋਣ ਬਾਂਡ ਲਿਆਂਦੇ ਗਏ। ਇਸ ਦੀਆਂ ਚੁਣੌਤੀਆਂ ਉਨ੍ਹਾਂ ਨੂੰ ਜਿੱਤ ਵੱਲ ਲਿਜਾਣਗੀਆਂ ਕਿਉਂਕਿ ਵਿਰੋਧੀ ਪਾਰਟੀਆਂ ਟੁਕੜਿਆਂ ’ਚ ਵੰਡੀਆਂ ਜਾਣਗੀਆਂ।

ਅਜਿਹੇ ਦੇਸ਼ ਵਿਚ ਜਿੱਥੇ ਪੈਸਿਆਂ ਦੀ ਵਰਤੋਂ ਵੋਟ ਖਰੀਦਣ ਅਤੇ ਲੋਕਾਂ ਦੀ ਪਸੰਦ ਦੇ ਆਧਾਰ ’ਤੇ ਬਣੀਆਂ ਸਰਕਾਰਾਂ ਨੂੰ ਡੇਗਣ ਲਈ ਕੀਤੀ ਜਾਂਦੀ ਹੈ, ਉਥੇ ਇਹ ਯਕੀਨ ਵਾਲੀ ਗੱਲ ਨਹੀਂ ਹੈ ਕਿ ‘ਆਪ’ ਵਰਗੀ ਉਭਰਦੀ ਪਾਰਟੀ ਆਪਣੀ ਗੋਲਕ ’ਚ ਪੈਸੇ ਜੋੜਨ ਦੀ ਯੋਜਨਾ ਬਣਾਏਗੀ।

ਯਕੀਨੀ ਤੌਰ ’ਤੇ ਅਰਵਿੰਦ ਕੇਜਰੀਵਾਲ ਨੇ ਸ਼ਰਾਬ ਦੇ ਡੀਲਰਾਂ ਭਾਵੇਂ ਉਹ ਦੱਖਣ ਤੋਂ ਹੋਣ ਜਾਂ ਉੱਤਰ ਤੋਂ, ਕੋਲੋਂ ਰਿਸ਼ਵਤ ਰਾਹੀਂ ਉਨ੍ਹਾਂ ਦੀ ਪਾਰਟੀ ਵੱਲੋਂ ਹਾਸਲ ਕੀਤੇ ਗਏ ਪੈਸਿਆਂ ਦੀ ਵਰਤੋਂ ਆਪਣੇ ਨਿੱਜੀ ਖਰਚੇ ਲਈ ਨਹੀਂ ਕੀਤੀ ਹੈ।

ਜੇ ਉਨ੍ਹਾਂ ’ਤੇ ਇਹ ਦੋਸ਼ ਹੈ ਤਾਂ ਕੋਈ ਵੀ ਯਕੀਨ ਨਹੀਂ ਕਰੇਗਾ ਕਿ ਉਨ੍ਹਾਂ ਦੇ ਦਿਮਾਗ ’ਚ ਅਜਿਹਾ ਵਿਚਾਰ ਵੀ ਆ ਸਕਦਾ ਹੈ। ਇਹ ਚੌਕੀਦਾਰ ’ਤੇ ਚੋਰ ਹੋਣ ਦਾ ਦੋਸ਼ ਲਾਉਣ ਦੇ ਬਰਾਬਰ ਹੈ।

ਜੂਲੀਓ ਰਿਬੈਰੋ (ਸਾਬਕਾ ਡੀ.ਜੀ.ਪੀ. ਪੰਜਾਬ ਅਤੇ ਸਾਬਕਾ ਆਈ.ਪੀ.ਐੱਸ. ਅਧਿਕਾਰੀ)


author

Rakesh

Content Editor

Related News