ਮਾਂ ਨੂੰ ਬਣਨਾ ਪਏਗਾ ਰੋਲ ਮਾਡਲ

Saturday, Jul 22, 2017 - 07:43 AM (IST)

ਮਾਂ ਨੂੰ ਬਣਨਾ ਪਏਗਾ ਰੋਲ ਮਾਡਲ

ਚੰਡੀਗੜ੍ਹ  (ਅਰਚਨਾ ਸੇਠੀ)  - ਮਾਮੇ ਦੀ ਹਵਸ ਦਾ ਸ਼ਿਕਾਰ ਹੋਈ ਬੱਚੀ ਦੀ ਹਾਲਤ ਦੇਖ ਅਤੇ ਸੁਣ ਕੇ ਮਨੋਵਿਗਿਆਨੀ ਅਤੇ ਦਿਮਾਗੀ ਰੋਗਾਂ ਦੇ ਮਾਹਿਰ ਵੀ ਚਿੰਤਤ ਹਨ। ਮਨੋਵਿਗਿਆਨੀ ਸਚਿਨ ਕੌਸ਼ਿਕ ਅਨੁਸਾਰ 12 ਸਾਲ ਦੀ ਉਮਰ 'ਚ ਬੱਚੀ ਦਾ ਦਿਮਾਗ ਇੰਨਾ ਵਿਕਸਿਤ ਨਹੀਂ ਹੁੰਦਾ ਕਿ ਉਹ ਮਾਂ ਦਾ ਰੋਲ ਸਹਿਜੇ ਹੀ ਅਦਾ ਕਰ ਸਕੇ। ਜੋ ਖੁਦ ਬੱਚੀ ਹੈ, ਉਸ ਲਈ ਢਿੱਡ ਵਿਚ ਬੱਚਾ ਰੱਖਣਾ ਵੀ ਖਤਰਨਾਕ ਹੈ।
18 ਸਾਲ ਦੀ ਉਮਰ ਵਾਲੀ ਗਰਭਵਤੀ ਜਾਣਦੀ ਹੈ ਕਿ ਉਸਦੇ ਢਿੱਡ ਵਿਚ ਪਲਣ ਵਾਲੇ ਬੱਚੇ ਦਾ ਧਿਆਨ ਕਿਵੇਂ ਰੱਖਣਾ ਹੈ। ਉਸ ਨੂੰ ਡਾਕਟਰ ਚੱਲਣ, ਬੈਠਣ ਅਤੇ ਉੱਠਣ ਦੀਆਂ ਖਾਸ ਹਦਾਇਤਾਂ ਦਿੰਦੇ ਹਨ।
ਜਿਵੇਂ ਉੱਚੀ ਅੱਡੀ  ਵਾਲੀ ਚੱਪਲ ਪਾ ਕੇ ਉਹ ਡਿਗ ਸਕਦੀ ਹੈ ਅਤੇ ਉਸਦੇ ਢਿੱਡ ਵਿਚ ਪਲ ਰਹੇ ਬੱਚੇ ਦੇ ਜ਼ਖ਼ਮੀ ਹੋਣ 'ਤੇ ਖੁਦ ਮਾਂ ਦੀ ਜਾਨ ਵੀ ਖਤਰੇ ਵਿਚ ਪੈ ਸਕਦੀ ਹੈ।
ਘੱਟ ਉਮਰ ਵਿਚ ਮਾਂ ਬਣਨ ਵਾਲੀ ਬੱਚੀ ਨੂੰ ਕੌਂਸਲਿੰਗ ਦੇਣਾ ਬਹੁਤ ਜ਼ਰੂਰੀ ਹੈ। ਕੌਂਸਲਿੰਗ ਉਸ ਲਈ ਕਿੰਨੀ ਫਾਇਦੇਮੰਦ ਹੈ, ਇਹ ਬੱਚੀ ਦੀ ਡਿਵੈੱਲਪਮੈਂਟ ਅਤੇ ਸੋਚ 'ਤੇ ਨਿਰਭਰ ਕਰਦਾ ਹੈ। ਇਸ ਉਮਰ ਦੀ ਬੱਚੀ ਦੇ ਮਾਂ ਬਣਨ ਲਈ ਕੌਂਸਲਿੰਗ ਕਰਨਾ ਵੀ ਚੁਣੌਤੀ ਪੂਰਨ ਹੈ। ਬੱਚੀ ਲਈ ਉਸਦੀ ਮਾਂ ਨੂੰ ਹੀ ਰੋਲ ਮਾਡਲ ਬਣਨ ਦੀ ਭੂਮਿਕਾ ਨਿਭਾਉਣੀ ਪਵੇਗੀ।
ਭਾਵੇਂ ਇਸ ਸਮੇਂ ਬੱਚੀ ਨੂੰ ਕਹਿ ਦਿੱਤਾ ਜਾਏ ਕਿ ਢਿੱਡ 'ਚ ਪੱਥਰੀ ਹੈ, ਆਪ੍ਰੇਸ਼ਨ ਦੇ ਬਾਅਦ ਕੱਢਣੀ ਹੈ ਪਰ ਵੱਡੀ ਹੋਣ 'ਤੇ ਬੱਚੀ ਸਮਝ ਜਾਏਗੀ ਕਿ ਉਸ ਨਾਲ ਕੀ ਹੋਇਆ ਸੀ ਅਤੇ ਉਸ ਨੂੰ ਮੈਂਟਲ ਟਰਾਮਾ ਵਿਚੋਂ ਬਾਹਰ ਕੱਢਣ ਲਈ ਪਹਿਲਾਂ ਤੋਂ ਹੀ ਰਿਪੇਅਰ ਕਰਨਾ ਜ਼ਰੂਰੀ ਹੈ।
ਹਸਪਤਾਲ 'ਚ ਪਹੁੰਚ ਰਹੇ ਹਨ ਟੀਨ ਏਜ ਪ੍ਰੈਗਨੈਂਸੀ ਦੇ ਕੇਸ
ਗਾਇਨੀਕਾਲੋਜੀ ਮਾਹਿਰ ਡਾ. ਅਲਕਾ ਸਹਿਗਲ ਦੀ ਮੰਨੀਏ ਤਾਂ ਹਸਪਤਾਲ 'ਚ ਟੀਨ ਏਜ ਪ੍ਰੈਗਨੈਂਸੀ ਦੇ ਕੇਸ ਹਰ ਮਹੀਨੇ ਪਹੁੰਚ ਰਹੇ ਹਨ। 6 ਮਹੀਨਿਆਂ ਵਿਚ 3 ਤੋਂ 4 ਕੇਸ ਪਹੁੰਚ ਚੁੱਕੇ ਹਨ। 12 ਸਾਲਾ ਬੱਚੀ ਤੋਂ ਪਹਿਲਾਂ 3 ਕੇਸ ਆ ਚੁੱਕੇ ਹਨ, ਜਿਨ੍ਹਾਂ ਵਿਚ 14 ਤੋਂ 17 ਸਾਲ ਦੀ ਉਮਰ ਦੀਆਂ ਲੜਕੀਆਂ ਪ੍ਰੈਗਨੈਂਸੀ ਨਾਲ ਪਹੁੰਚੀਆਂ। ਪਹਿਲਾਂ ਵੀ ਇਹੋ ਜਿਹੇ ਕੇਸ ਆਉਂਦੇ ਰਹਿੰਦੇ ਹਨ। ਇਹੋ ਜਿਹੇ ਕੇਸ ਛੋਟੀਆਂ ਬਸਤੀਆਂ ਵਿਚ ਰਹਿਣ ਵਾਲੀਆਂ ਬੱਚੀਆਂ ਦੇ ਹੁੰਦੇ ਹਨ, ਜਿਥੇ ਘਰ ਇਕ-ਦੂਸਰੇ ਨਾਲ ਜੁੜੇ ਹੁੰਦੇ ਹਨ। ਗੁਆਂਢੀ ਜਾਂ ਰਿਸ਼ਤੇਦਾਰ ਬੱਚੀਆਂ ਨਾਲ ਜਬਰ-ਜ਼ਨਾਹ ਕਰਦੇ ਹਨ। ਓਧਰ ਪੰਚਕੂਲਾ ਹਸਪਤਾਲ ਵਿਚ ਦੋ ਦਿਨ ਪਹਿਲਾਂ ਕੋਟ ਬਿੱਲਾ ਦਾ ਇਕ ਕੇਸ ਪਹੁੰਚਿਆ, ਜਿਸ ਵਿਚ 14 ਸਾਲ ਦੀ ਇਕ ਲੜਕੀ ਗਰਭਵਤੀ ਸੀ। ਡਾ. ਅਨੀਤਾ ਵਰਮਾ ਦਾ ਕਹਿਣਾ ਹੈ ਕਿ ਪੰਚਕੂਲਾ ਵਿਚ ਹਰ ਰੋਜ਼ ਟੀਨ ਏਜ ਪ੍ਰੈਗਨੈਂਸੀ ਨਾਲ ਸਬੰਧਿਤ ਇਕ ਕੇਸ ਪਹੁੰਚ ਰਿਹਾ ਹੈ। ਬੱਚੀਆਂ ਮਾਂ ਦੇ ਨਾਲ ਅਬਾਰਸ਼ਨ ਕਰਵਾਉਣ ਪਹੁੰਚ ਰਹੀਆਂ ਹਨ ਕਿਉਂਕਿ ਜਬਰ-ਜ਼ਨਾਹ ਕਰਨ ਵਾਲੇ ਪਰਿਵਾਰ ਦੇ ਮੈਂਬਰ ਅਤੇ ਰਿਸ਼ਤੇਦਾਰ ਹੀ ਹੁੰਦੇ ਹਨ, ਇਸ ਲਈ ਪੁਲਸ ਕੇਸ ਬਣਵਾਏ ਬਿਨਾਂ ਮਾਵਾਂ ਬੱਚੀਆਂ ਦੇ ਅਬਾਰਸ਼ਨ ਕਰਵਾ ਰਹੀਆਂ ਹਨ।


Related News