ਸੱਸ ਨੇ ਨੂੰਹ ਨੂੰ ਕਰਵਾਚੌਥ ''ਤੇ ਦਿੱਤਾ ਬੇਸ਼ਕੀਮਤੀ ਤੋਹਫਾ, ਪਿਆਰ ਦੀ ਇਹ ਮਿਸਾਲ ਸ਼ਾਇਦ ਹੀ ਕਿਤੇ ਮਿਲੇ
Friday, Oct 06, 2017 - 10:04 AM (IST)

ਮੋਹਾਲੀ (ਨਿਆਮੀਆਂ) : ਸੱਸ ਤੇ ਨੂੰਹ ਦਾ ਰਿਸ਼ਤਾ ਸਮਾਜ ਵਿਚ ਉੱਤਰੀ ਤੇ ਦੱਖਣੀ ਪੋਲ ਵਰਗਾ ਮੰਨਿਆ ਜਾਂਦਾ ਹੈ। ਜੇਕਰ ਇਕ ਦਿਨ ਹੈ ਤਾਂ ਦੂਜਾ ਰਾਤ ਪਰ ਹਰਿਆਣੇ ਦੇ ਕਰਨਾਲ ਦੀ ਇਕ ਸੱਸ ਨੇ ਆਪਣੀ ਨੂੰਹ ਨੂੰ ਆਪਣਾ ਗੁਰਦਾ ਦਾਨ ਕਰ ਕੇ ਸੱਸ ਤੇ ਨੂੰਹ ਦੇ ਰਿਸ਼ਤੇ ਨੂੰ ਮਾਂ-ਧੀ ਵਰਗੇ ਰਿਸ਼ਤੇ ਦੀ ਪਛਾਣ ਦਿੱਤੀ ਹੈ । 55 ਸਾਲ ਦੀ ਬਾਲਾ ਦੇਵੀ ਦੀ ਨੂੰਹ 27 ਸਾਲ ਦੀ ਅੰਜੂ ਨੂੰ 4 ਸਾਲ ਪਹਿਲਾਂ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੋਈ, ਜਿਸ ਕਾਰਨ ਉਸ ਦੇ ਸਿਰ ਵਿਚ ਦਰਦ ਰਹਿਣ ਲੱਗਾ ਪਰ ਅਨਾੜੀ ਡਾਕਟਰਾਂ ਦੇ ਇਲਾਜ ਨਾਲ ਉਸ ਦੇ ਗੁਰਦੇ ਬਿਲਕੁਲ ਖ਼ਰਾਬ ਹੋ ਗਏ । ਅੰਜੂ ਨੂੰ ਡਾਇਲਸਿਸ 'ਤੇ ਰਹਿਣਾ ਪਿਆ ਪਰ ਉਸ ਦੀ ਸੱਸ ਨੇ ਉਸ ਨੂੰ ਇਸ ਕਰਵਾਚੌਥ 'ਤੇ ਇਕ ਅਜਿਹਾ ਤੋਹਫਾ ਦਿੱਤਾ ਜੋ ਉਸ ਲਈ ਸਭ ਤੋਂ ਬੇਸ਼ਕੀਮਤੀ ਸਿੱਧ ਹੋਇਆ ।
ਬਾਲਾ ਦੇਵੀ ਨੇ ਅੰਜੂ ਨੂੰ ਆਪਣਾ ਇਕ ਗੁਰਦਾ ਦਾਨ ਕਰ ਕੇ ਉਸ ਨੂੰ ਤੰਦਰੁਸਤ ਕਰ ਦਿੱਤਾ। ਮੋਹਾਲੀ 'ਚ ਇਸ ਸੱਸ-ਨੂੰਹ ਨੂੰ ਮੀਡੀਆ ਦੇ ਸਾਹਮਣੇ ਲਿਆਉਂਦੇ ਹੋਏ ਕਿਡਨੀ ਟਰਾਂਸਪਲਾਂਟ ਸਪੈਸ਼ਲਿਸਟ ਨੇ ਕਿਹਾ ਕਿ ਆਪਣੇ ਜ਼ਰੂਰਤਮੰਦ ਰਿਸ਼ਤੇਦਾਰਾਂ ਨੂੰ ਗੁਰਦਾ ਦਾਨ ਕਰਦੇ ਸਮੇਂ ਡਰਨ ਦੀ ਜ਼ਰੂਰਤ ਨਹੀਂ। ਗੁਰਦਾ ਦਾਨ ਕਰਨਾ ਪੂਰੀ ਤਰ੍ਹਾਂ ਸੁਰੱਖਿਅਤ ਹੈ । ਇਸੇ ਤਰ੍ਹਾਂ ਜ਼ਿਲਾ ਸੰਗਰੂਰ ਦੇ ਪਿੰਡ ਕੁਲਾਰ ਖੁਰਦ ਦੀ ਰਹਿਣ ਵਾਲੀ ਲੜਕੀ ਗਗਨਦੀਪ ਕੌਰ ਦੇ ਵੀ ਗੁਰਦੇ ਡਾਕਟਰਾਂ ਦੀ ਅਗਿਆਨਤਾ ਕਾਰਨ ਪੇਨ ਕਿੱਲਰ (ਦਰਦ ਨਿਵਾਰਕ) ਦਵਾਈਆਂ ਦੇ ਸੇਵਨ ਨਾਲ ਖ਼ਰਾਬ ਹੋ ਗਏ । ਗਗਨਦੀਪ ਨੇ ਦੱਸਿਆ ਕਿ ਉਸ ਨੂੰ ਹਾਈ ਬਲੱਡ ਪ੍ਰੈਸ਼ਰ ਤੇ ਸਿਰ ਦਰਦ ਦੀ ਸ਼ਿਕਾਇਤ ਰਹਿਣ ਲੱਗੀ । ਸੰਗਰੂਰ ਦੇ ਡਾਕਟਰਾਂ ਨੇ ਉਸ ਨੂੰ ਦਰਦ ਨਿਵਾਰਕ ਗੋਲੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ । ਇਨ੍ਹਾਂ ਦਵਾਈਆਂ ਦਾ ਅਸਰ ਇਹ ਹੋਇਆ ਕਿ ਕੁਝ ਹੀ ਸਮੇਂ ਵਿਚ ਉਸ ਦੇ ਦੋਵੇਂ ਗੁਰਦੇ ਪੂਰੀ ਤਰ੍ਹਾਂ ਖ਼ਰਾਬ ਹੋ ਗਏ । ਉਸ ਦੀ ਮਾਤਾ ਰਣਜੀਤ ਕੌਰ ਨੇ ਉਸ ਨੂੰ ਆਪਣਾ ਗੁਰਦਾ ਦੇ ਕੇ ਆਪਣੇ ਜਿਗਰ ਦੇ ਟੁਕੜੇ ਨੂੰ ਜੀਵਨ ਦਾਨ ਦਿੱਤਾ । ਇਸ ਮੌਕੇ ਡਾਕਟਰ ਨੇ ਕਿਹਾ ਕਿ ਆਮ ਲੋਕਾਂ ਵਿਚ ਇਸ ਗੱਲ ਦਾ ਡਰ ਰਹਿੰਦਾ ਹੈ ਕਿ ਗੁਰਦਾ ਦਾਨ ਕਰਨ ਨਾਲ ਉਨ੍ਹਾਂ ਦੀ ਜ਼ਿੰਦਗੀ 'ਤੇ ਉਲਟਾ ਅਸਰ ਪਵੇਗਾ ਪਰ ਅਜਿਹਾ ਨਹੀਂ ਹੁੰਦਾ। ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ।