ਨਸ਼ੇ ਦੀ ਓਵਰਡੋਜ਼ ਨੇ ਲਈ ਮਾਂ ਦੇ ਇਕਲੌਤੇ ਪੁੱਤ ਦੀ ਜਾਨ
Tuesday, Apr 07, 2020 - 07:25 PM (IST)
ਝਬਾਲ, (ਨਰਿੰਦਰ)- ਸਰਹੱਦੀ ਪਿੰਡ ਛੀਨਾ ਬਿਧੀ ਚੰਦ ਵਿਖੇ ਬੀਤੀ ਰਾਤ ਇਕ ਨੌਜਵਾਨ ਦੀ ਹੈਰੋਇਨ ਦੀ ਓਵਰਡੋਜ਼ ਲੈਣ ਕਾਰਣ ਮੌਤ ਹੋ ਗਈ। ਅਮਰਜੀਤ ਸਿੰਘ ਉਰਫ ਘੀਕਾ ਪੁੱਤਰ ਹਰਵੈਲ ਸਿੰਘ ਵਾਸੀ ਛੀਨਾ ਬਿਧੀ ਚੰਦ ਟਰੱਕ 'ਤੇ ਕਲੀਨਰੀ ਕਰਦਾ ਸੀ ਅਤੇ ਅਜੇ ਪਰਸੋਂ ਹੀ 3 ਜਾਣੇ ਕੋਲਕਾਤਾ ਤੋਂ ਟਰੱਕ ਰਾਹੀਂ ਵਾਪਸ ਪਿੰਡ ਆਏ ਸਨ। ਇਸ ਸਬੰਧੀ ਮ੍ਰਿਤਕ ਦੀ ਬਜ਼ੁਰਗ ਮਾਤਾ ਜਸਬੀਰ ਕੌਰ ਨੇ ਦੱਸਿਆ ਕਿ ਅਮਰਜੀਤ ਸਿੰਘ (23) ਉਸ ਦਾ ਇਕੋ-ਇਕ ਸਹਾਰਾ ਸੀ ਅਤੇ ਟਰੱਕ 'ਤੇ ਕਲੀਨਰੀ ਵਜੋਂ ਕੰਮ ਕਰਦਾ ਸੀ ਤੇ ਪਿਛਲੇ 5-6 ਸਾਲ ਤੋਂ ਨਸ਼ੇ ਕਰਨ ਦਾ ਆਦੀ ਸੀ। ਅਮਰਜੀਤ ਸਿੰਘ ਅਤੇ ਪਿੰਡ ਦਾ ਡਰਾਈਵਰ ਸੁਖਰਾਜ ਸਿੰਘ ਅਤੇ ਇਕ ਹੋਰ ਨੌਜਵਾਨ ਪਰਸੋਂ ਹੀ ਕੋਲਕਾਤਾ ਤੋਂ ਵਾਪਸ ਕਿਸੇ ਤਰ੍ਹਾਂ ਪਿੰਡ ਪਰਤੇ ਸਨ ਕਿ ਬੀਤੀ ਰਾਤ ਅਮਰਜੀਤ ਸਿੰਘ ਅਤੇ ਉਸ ਦੇ ਦੋਸਤ ਗੁਰਲਾਲ ਸਿੰਘ ਉਰਫ ਲਾਲੀ ਪੁੱਤਰ ਬਲੇਰ ਸਿੰਘ ਨਾਲ ਮਿਲ ਕੇ ਹੈਰੋਇਨ ਜਾਂ ਸਮੈਕ ਪੀਤੀ ਅਤੇ ਘਰ ਆ ਕੇ ਲੰਮਾ ਪੈ ਗਿਆ। ਜ਼ਿਆਦਾ ਨਸ਼ਾ ਕਰਨ ਕਾਰਣ ਅਮਰਜੀਤ ਸਿੰਘ ਦੀ ਰਾਤ ਨੂੰ ਹੀ ਮੌਤ ਹੋ ਗਈ, ਜਦੋਂ ਕਿ ਇਹ ਵੀ ਪਤਾ ਲੱਗਾ ਹੈ ਕਿ ਮ੍ਰਿਤਕ ਨੇ ਨਸ਼ੇ ਵਾਲਾ ਟੀਕਾ ਵੀ ਲਾਇਆ ਸੀ, ਜੋ ਝੱਲਿਆ ਨਹੀਂ ਗਿਆ ਤੇ ਉਸ ਦੀ ਮੌਤ ਹੋ ਗਈ। ਥਾਣਾ ਮੁਖੀ ਇੰਸ. ਬਲਜੀਤ ਸਿੰਘ ਨੇ ਕਿਹਾ ਕਿ ਮ੍ਰਿਤਕ ਦੀ ਮਾਤਾ ਦੇ ਬਿਆਨਾਂ 'ਤੇ ਪੁਲਸ ਨੇ ਕਾਰਵਾਈ ਕਰਦਿਆਂ ਅਮਰਜੀਤ ਸਿੰਘ ਨਾਲ ਨਸ਼ਾ ਪੀਣ ਵਾਲੇ ਗੁਰਲਾਲ ਸਿੰਘ ਉਰਫ ਲਾਲੀ ਪੁੱਤਰ ਬਲੇਰ ਸਿੰਘ ਖਿਲਾਫ 304 ਦਾ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਿਹਤ ਵਿਭਾਗ ਦੀਆਂ ਟੀਮਾਂ ਪਹੁੰਚੀਆਂ ਪਿੰਡ
ਮ੍ਰਿਤਕ ਸਮੇਤ ਤਿੰਨਾਂ ਵਿਅਕਤੀਆਂ ਦੇ ਕੋਲਕਾਤਾ ਤੋਂ ਆਉਣ ਦੀ ਖ਼ਬਰ ਸੁਣ ਕੇ ਕਸੇਲ ਹਸਪਤਾਲ ਤੋਂ ਐੱਸ. ਐੱਮ. ਓ. ਡਾ. ਬਲਵਿੰਦਰ ਸਿੰਘ ਦੇ ਆਦੇਸ਼ 'ਤੇ ਐੱਸ. ਆਈ. ਹਰਪਾਲ ਸਿੰਘ, ਪਰਮਿੰਦਰ ਸਿੰਘ ਅਤੇ ਸੁਖਜੀਤ ਸਿੰਘ 'ਤੇ ਆਧਾਰਿਤ ਟੀਮ ਨੇ ਪਿੰਡ ਛੀਨਾ ਬਿਧੀ ਚੰਦ ਪਹੁੰਚ ਕੇ ਗੁਹਾਟੀ ਤੋਂ ਆਏ 2 ਵਿਅਕਤੀਆਂ ਅਤੇ ਮ੍ਰਿਤਕ ਦੀ ਮਾਤਾ ਨੂੰ 14 ਦਿਨ ਘਰ 'ਚ ਰਹਿਣ ਲਈ ਲਾਕਡਾਊਨ ਕੀਤਾ ਤੇ ਉਨ੍ਹਾਂ ਦੇ ਜ਼ਰੂਰੀ ਟੈਸਟ ਲੈ ਲਏ ਹਨ ਤਾਂ ਕਿ ਇਨ੍ਹਾਂ 'ਚ ਕੋਰੋਨਾ ਦਾ ਕੋਈ ਸ਼ੱਕੀ ਨਾ ਹੋਵੇ।