ਬਹੁਤੀ ਥਾਈਂ ਨਹੀਂ ਹੋਈ ਸਫਾਈ, ਪਾਥੀਆਂ ਦੇ ਲੱਗੇ ਢੇਰ

Monday, Apr 02, 2018 - 01:09 AM (IST)

ਸੰਗਰੂਰ/ਸੰਦੌੜ/ਮਾਲੇਰਕੋਟਲਾ, (ਬੇਦੀ/ਰਿਖੀ/ਜ਼ਹੂਰ)— ਭਾਵੇਂ ਅਨਾਜ ਮੰਡੀਆਂ ਵਿਚ ਕਣਕ ਦੀ ਸਰਕਾਰੀ ਖਰੀਦ ਦਾ ਕੰਮ 1 ਅਪ੍ਰੈਲ ਤੋਂ ਸ਼ੁਰੂ ਹੋ ਗਿਆ ਪਰ ਜ਼ਿਲੇ ਦੀਆਂ ਬਹੁਤੀਆਂ ਮੰਡੀਆਂ ਵਿਚ ਮਾਰਕੀਟ ਕਮੇਟੀਆਂ ਵੱਲੋਂ ਸਾਰੇ ਪ੍ਰਬੰਧ ਅਜੇ ਪੂਰੇ ਨਹੀਂ ਕੀਤੇ ਗਏ ਅਤੇ ਬਹੁਤੀ ਥਾਈਂ ਨੇੜੇ ਆਈ ਜੰਞ ਵਿੰਨੋ ਕੁੜੀ ਦੇ ਕੰਨ ਵਾਲੀ ਕਹਾਵਤ ਨੂੰ ਸਿੱਧ ਕਰਦੇ ਹੋਏ ਮਾਰਕੀਟ ਕਮੇਟੀ ਜਾਂ ਠੇਕੇਦਾਰ ਹੁਣ ਅਨਾਜ ਮੰਡੀਆਂ ਦੇ ਪ੍ਰਬੰਧਾਂ ਦੀ ਸਾਰ ਲੈਣ ਪੁੱਜੇ ਹਨ । ਇਸ ਸਬੰਧੀ ਜਦੋਂ ਜ਼ਿਲੇ ਦੀਆਂ ਅਨੇਕਾਂ ਮੰਡੀਆਂ ਦਾ ਦੌਰਾ ਕੀਤਾ ਤਾਂ ਖਬਰ ਲਿਖੇ ਜਾਣ ਤੱਕ ਬਹੁਤੀਆਂ ਪੇਂਡੂ ਮੰਡੀਆਂ 'ਚ ਪਾਥੀਆਂ ਪਈਆਂ ਸਨ ਅਤੇ ਕੂੜੇ ਦੇ ਢੇਰ ਲੱਗੇ ਹੋਏ ਸਨ।
ਪੇਂਡੂ ਖੇਤਰ ਦੇ ਨਾਲ ਸਬੰਧ ਰੱਖਦੀ ਮਾਰਕੀਟ ਕਮੇਟੀ ਸੰਦੌੜ 'ਚ ਸਕੱਤਰ ਦਾ ਅਹਿਮ ਅਹੁਦਾ ਖਾਲੀ ਪਿਆ ਹੈ। ਅਜਿਹੇ ਵਿਚ ਅੱਜ ਸ਼ੁਰੂ ਹੋਣ ਵਾਲੇ ਕਣਕ ਦੇ ਸੀਜ਼ਨ 'ਚ ਕਿਸਾਨਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਦੱਸਣਯੋਗ ਹੈ ਕਿ ਸੰਦੌੜ ਕਮੇਟੀ ਦਾ ਵਾਧੂ ਚਾਰਜ ਇਸ ਮੌਕੇ ਮਾਲੇਰਕੋਟਲਾ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਦਿੱਤਾ ਗਿਆ ਹੈ।
ਬਰਨਾਲਾ,  (ਵਿਵੇਕ ਸਿੰਧਵਾਨੀ, ਰਵੀ)— ਜ਼ਿਲੇ 'ਚ ਕਣਕ ਦੀ ਕੋਈ ਢੇਰੀ ਅਨਾਜ ਮੰਡੀਆਂ 'ਚ ਵਿਕਣ ਲਈ ਨਹੀਂ ਆਈ ਅਤੇ ਦੂਜੇ ਪਾਸੇ ਅਨਾਜ ਮੰਡੀਆਂ 'ਚ ਫਸਲ ਖਰੀਦਣ ਲਈ ਖਰੀਦ ਏਜੰਸੀਆਂ, ਮਾਰਕੀਟ ਕਮੇਟੀ ਅਤੇ ਜ਼ਿਲਾ ਪ੍ਰਸ਼ਾਸਨ ਨੇ ਕੋਈ ਤਿਆਰੀ ਸ਼ੁਰੂ ਨਹੀਂ ਕੀਤੀ। ਦੌਰਾ ਕਰਨ 'ਤੇ ਦੇਖਿਆ ਤਾਂ ਅਨਾਜ ਮੰਡੀਆਂ 'ਚ ਜਿਥੇ ਗੰਦਗੀ ਫੈਲੀ ਹੋਈ ਸੀ, ਉਥੇ ਕਿਸਾਨਾਂ ਦੇ ਆਰਾਮ ਕਰਨ ਲਈ ਵੀ ਅਨਾਜ ਮੰਡੀਆਂ 'ਚ ਕੋਈ ਪ੍ਰਬੰਧ ਨਹੀਂ ਸੀ। ਖਾਸ ਤੌਰ 'ਤੇ ਪਿੰਡਾਂ ਦੀਆਂ ਅਨਾਜ ਮੰਡੀਆਂ 'ਚ  ਪੀਣ ਵਾਲੇ ਪਾਣੀ ਦਾ ਵੀ ਇੰਤਜ਼ਾਮ ਨਹੀਂ ਸੀ। ਕਈ ਅਨਾਜ ਮੰਡੀਆਂ 'ਚ ਤਾਂ ਪਾਥੀਆਂ ਪਈਆਂ ਸਨ। ਬਾਥਰੂਮ ਜਾਣ ਲਈ ਕੋਈ ਪ੍ਰਬੰਧ ਨਹੀਂ ਸੀ। ਇਹ ਹਾਲ ਤਾਂ ਪਿੰਡਾਂ ਦੀਆਂ ਮੰਡੀਆਂ ਦਾ ਸੀ। ਜ਼ਿਲਾ ਬਰਨਾਲਾ ਦੀ ਅਨਾਜ ਮੰਡੀ ਜੋ ਕਿ ਏਸ਼ੀਆ ਦੀ ਪਹਿਲੀ ਸ਼੍ਰੇਣੀ ਦੀਆਂ ਅਨਾਜ ਮੰਡੀਆਂ 'ਚ ਆਉਂਦੀ ਹੈ, ਉਥੇ ਵੀ ਪ੍ਰਬੰਧਾਂ 'ਚ ਕਮੀਆਂ ਦੇਖਣ ਨੂੰ ਮਿਲੀਆਂ। ਮੰਡੀ 'ਚ ਕਈ ਜਗ੍ਹਾ 'ਤੇ ਗੰਦਗੀ ਫੈਲੀ ਹੋਈ ਸੀ। ਬਾਥਰੂਮਾਂ ਨੂੰ ਤਾਲਾ ਲੱਗਾ ਹੋਇਆ ਸੀ, ਜਿਸ ਦੇ ਬਾਵਜੂਦ ਉਥੇ ਗੰਦਗੀ ਫੈਲੀ ਹੋਈ ਸੀ। ਮੰਡੀਆਂ 'ਚ ਨਾ ਤਾਂ ਬਿਜਲੀ ਦਾ ਪ੍ਰਬੰਧ ਸੀ ਅਤੇ ਨਾ ਹੀ ਜਨਰੇਟਰ ਦਾ। ਚੌਕੀਦਾਰਾਂ ਦੀ ਵੀ ਕੋਈ ਤਾਇਨਾਤੀ ਨਹੀਂ ਕੀਤੀ ਗਈ। ਪਿੰਡਾਂ ਦੀਆਂ ਅਨਾਜ ਮੰਡੀਆਂ 'ਚ ਤਾਂ ਚਾਰਦੀਵਾਰੀ ਵੀ ਨਹੀਂ ਹੋਈ, ਜਿਸ ਕਾਰਨ ਕਿਸਾਨਾਂ ਦੀ ਫ਼ਸਲ ਦਾ ਨੁਕਸਾਨ ਹੋਣ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ।
ਪੰਜਾਬ ਭਰ 'ਚ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਵੀ ਨਹੀਂ ਲਾਏ ਗਏ
ਪੰਜਾਬ ਭਰ ਦੀਆਂ ਮਾਰਕੀਟ ਕਮੇਟੀਆਂ 'ਚ ਚੇਅਰਮੈਨ ਵਰਗੇ ਅਹਿਮ ਅਹੁਦੇ ਖਾਲੀ ਪਏ ਹਨ । ਇਨ੍ਹਾਂ ਅਹੁਦਿਆਂ ਨਾਲ ਵੀ ਅਨਾਜ ਮੰਡੀਆਂ ਦੇ ਸਾਰੇ ਕੰਮ ਬਹੁਤ ਸੁਚੱਜੇ ਢੰਗ ਦੇ ਨਾਲ ਚਲਾਏ ਜਾਂਦੇ ਰਹੇ ਹਨ ਕਿਉਂਕਿ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਚੇਅਰਮੈਨ ਅਨਾਜ ਮੰਡੀਆਂ 'ਚ ਜਾਂਦੇ ਹਨ ਅਤੇ ਜਿਥੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ  ਲੈਂਦੇ ਹਨ, ਉਥੇ ਬਹੁਤੀਆਂ ਸਮੱਸਿਆਵਾਂ ਦਾ ਮੌਕੇ 'ਤੇ ਹੀ ਹੱਲ ਹੋ ਜਾਂਦਾ ਹੈ ਪਰ ਇਸ ਵਾਰ ਕਿਸਾਨਾਂ ਨੂੰ ਖਾਲੀ ਪਏ ਇਨ੍ਹਾਂ ਅਹੁਦਿਆਂ ਕਰਕੇ ਵੀ ਵੱਡੀਆਂ ਸਮੱਸਿਆਵਾਂ ਆਉਣ ਦਾ ਖਦਸ਼ਾ ਹੈ। 
ਅਨਾਜ ਮੰਡੀ ਸੰਗਰੂਰ ਦੇ ਸ਼ੈੱਡਾਂ ਹੇਠ ਖੜ੍ਹੇ ਪ੍ਰਾਈਵੇਟ ਵਾਹਨ 
ਸੰਗਰੁਰ, (ਵਿਵੇਕ ਸਿੰਧਵਾਨੀ, ਯਾਦਵਿੰਦਰ)—ਸੰੰਗਰੁਰ ਦੀ ਅਨਾਜ ਮੰਡੀ 'ਚ ਵੀ ਕਣਕ ਦੀ ਖਰੀਦ ਦੇ ਪ੍ਰਬੰਧ ਅਧੂਰੇ ਨਜ਼ਰ ਆਏ। ਸੰਗਰੂਰ ਦੀ ਮੁੱਖ ਅਨਾਜ ਮੰਡੀ ਦਾ ਦੌਰਾ ਕਰਨ 'ਤੇ ਅਜਿਹਾ ਲੱਗ ਹੀ ਨਹੀਂ ਰਿਹਾ ਸੀ ਕਿ  ਇਥੇ ਕਣਕ ਦੀ ਖਰੀਦ ਸ਼ੁਰੂ ਹੋਣੀ ਹੈ। ਅਨਾਜ ਮੰਡੀ 'ਚ ਫਸਲਾਂ ਨੂੰ ਖਰਾਬ ਮੌਸਮ ਤੋਂ ਬਚਾਉਣ ਲਈ ਬੇਸ਼ੱਕ ਸ਼ੈੱਡ ਬਣੇ ਹੋਏ ਹਨ ਪਰ ਇਨ੍ਹਾਂ ਸ਼ੈੱਡਾਂ ਹੇਠਾਂ ਅਨੇਕਾਂ ਪ੍ਰਾਈਵੇਟ ਵਾਹਨ ਖੜ੍ਹੇ ਨਜ਼ਰ ਆਏ।
ਬਾਥਰੂਮਾਂ ਨੂੰ ਲੱਗੇ ਨੇ ਤਾਲੇ 
ਅਨਾਜ ਮੰਡੀ 'ਚ ਬਣੇ ਬਾਥਰੂਮ ਤਾਲੇ ਲਾ ਕੇ ਬੰਦ ਕੀਤੇ ਹੋਏ ਹਨ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮਾਰਕੀਟ ਕਮੇਟੀ ਨੇ ਬੇਸ਼ੱਕ ਇੱਥੇ ਅਪਾਹਜਾਂ, ਔਰਤਾਂ ਅਤੇ ਮਰਦਾਂ ਲਈ ਵੱਖਰੇ-ਵੱਖਰੇ ਬਾਥਰੂਮ ਬਣਾਏ ਹੋਏ ਹਨ ਪਰ ਇਨ੍ਹਾਂ ਦਾ ਫਾਇਦਾ ਫਿਰ ਹੀ ਹੈ ਜੇਕਰ ਇਨ੍ਹਾਂ ਦਾ ਤਾਲਾ ਖੋਲ੍ਹਿਆ ਜਾਵੇ।
ਵਾਟਰ ਕੂਲਰ ਦੀ ਟੂਟੀ ਗਾਇਬ 
ਖਰੀਦ ਕੇਂਦਰ ਵਿਚ ਆਉਣ ਵਾਲੇ ਮਜ਼ਦੂਰਾਂ, ਕਿਸਾਨਾਂ ਅਤੇ ਹੋਰਨਾਂ ਲੋਕਾਂ ਲਈ ਬੇਸ਼ੱਕ ਇੱਥੇ ਵਾਟਰ ਕੂਲਰ ਲੱਗਿਆ ਹੋਇਆ ਹੈ ਪਰ ਵਾਟਰ ਕੂਲਰ ਤੋਂ ਇਕ ਟੂਟੀ ਕਈ ਮਹੀਨਿਆਂ ਤੋਂ ਗਾਇਬ ਹੈ, ਜਿਸ ਨੂੰ ਅਜੇ ਤੱਕ ਲਵਾਉਣਾ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਜ਼ਰੂਰੀ ਨਹੀਂ ਸਮਝਿਆ। ਦੂਜੇ ਪਾਸੇ ਮੁਲਾਜ਼ਮ ਮੰਡੀ 'ਚ ਲਾਈਟਾਂ ਲਾਉਂਦੇ ਨਜ਼ਰ ਆਏ।
ਕੀ ਕਹਿੰਦੇ ਨੇ ਸੈਕਟਰੀ
ਜਦੋਂ ਇਸ ਸਬੰਧੀ ਮਾਰਕੀਟ ਕਮੇਟੀ ਦੇ ਸੈਕਟਰੀ ਜਸਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰੀ ਤੌਰ 'ਤੇ ਭਾਵੇਂ ਅੱਜ ਖਰੀਦ ਸ਼ੁਰੂ ਹੋ ਚੁੱਕੀ ਹੈ ਪਰ ਸੰਗਰੂਰ ਦੀਆਂ ਮੰਡੀਆਂ 'ਚ ਕਣਕ ਦੀ ਫਸਲ ਹਫਤੇ-10 ਦਿਨਾਂ ਤੱਕ ਆਵੇਗੀ। ਸੰਗਰੁਰ ਸਣੇ ਕਮੇਟੀ ਅਧੀਨ 14 ਹੋਰ ਮੰਡੀਆਂ ਹਨ, ਜਿੱਥੇ ਸਫਾਈ ਆਦਿ ਦੇ ਪ੍ਰਬੰਧ ਮੁਕੰਮਲ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੰਡੀ ਦੇ ਸ਼ੈੱਡਾਂ ਹੇਠ ਖੜ੍ਹੇ ਵਾਹਨਾਂ ਨੂੰ ਹਟਾ ਦਿੱਤਾ ਜਾਵੇਗਾ ਅਤੇ ਬਾਥਰੂਮਾਂ ਦੇ ਤਾਲੇ ਖੱਲ੍ਹਵਾ ਦਿੱਤੇ ਜਾਣਗੇ।


Related News