ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ’ਚ ਝੋਨੇ ਦੀ ਖਰੀਦ ਹੋਈ ਬੰਦ

Tuesday, Nov 18, 2025 - 06:28 PM (IST)

ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ’ਚ ਝੋਨੇ ਦੀ ਖਰੀਦ ਹੋਈ ਬੰਦ

ਬੁਡਲਾਡਾ (ਬਾਂਸਲ) : ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਨਵੇਂ ਫਰਮਾਨਾਂ ਤੋਂ ਬਾਅਦ ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿਚ ਲਗਭਗ ਝੋਨੇ ਦੀ ਖਰੀਦ ਬੰਦ ਹੋ ਗਈ ਹੈ। ਇਸ ਸਬੰਧੀ ਜ਼ਿਲ੍ਹਿਆਂ ਖੁਰਾਕ ਅਤੇ ਸਪਲਾਈਜ਼ ਕੰਟਰੋਲਰ ਵੱਲੋਂ ਬਕਾਇਦਾ ਸਰਕਾਰੀ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰ ਪੱਤਰ ਜਾਰੀ ਕਰ ਦਿੱਤੇ ਗਏ ਹਨ। ਭਾਵੇਂ ਕਿਸਾਨ ਜਥੇਬੰਦੀਆਂ ਖਰੀਦ ਬੰਦ ਕਰਨ ਨੂੰ ਲੈਕੇ ਤੇਵਰ ਤਿੱਖੇ ਹੋ ਗਏ ਹਨ, ਪਰ ਅਜੇ ਤੱਕ ਕਿਸੇ ਵੀ ਖਰੀਦ ਕੇਂਦਰ ਵਿੱਚ ਝੋਨਾ ਖਰੀਦ ਲਈ ਕੋਈ ਸਰਕਾਰੀ ਪੱਤਰ ਨਵੇਂ ਸਿਰੇ ਤੋਂ ਜਾਰੀ ਨਹੀਂ ਹੋਇਆ ਹੈ। ਇਥੇ ਜ਼ਿਕਰਯੋਗ ਹੈ ਕਿ ਮਾਨਸਾ ਵਿਖੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਦੀ ਰਿਹਾਇਸ਼ ਘੇਰਨ ਦੇ ਬਾਵਜੂਦ ਜ਼ਿਲ੍ਹਾ ਅਧਿਕਾਰੀਆਂ ਸੋਮਵਾਰ ਤੋਂ ਖਰੀਦ ਸ਼ੁਰੂ ਕਰਨ ਦੇ ਮੰਚ ਤੋਂ ਆਕੇ ਦਿੱਤੇ ਗਏ ਭਰੋਸੇ ਦੇ ਬਾਵਜੂਦ ਅੱਜ ਇਹ ਖਰੀਦ ਸ਼ੁਰੂ ਨਹੀਂ ਹੋ ਸਕੀ ਹੈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਸਰਕਾਰੀ ਅਧਿਕਾਰੀਆਂ ਦੇ ਇਸ ਭਰੋਸੇ ਖਿਲਾਫ਼ ਮੁੜ ਤੋਂ ਅੰਦੋਲਨ ਸ਼ੁਰੂ ਕਰਨ ਲਈ ਕੋਈ ਗੁਰੇਜ਼ ਨਹੀਂ ਕੀਤਾ ਜਾਵੇਗਾ ਅਤੇ ਕਿਸਾਨਾਂ ਇੱਕ-ਇੱਕ ਦਾਣਾ ਝੋਨਾ ਦਾ ਬਕਾਇਦਾ ਵਿਕਾਇਆ ਜਾਵੇਗਾ।

ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਦੱਸਿਆ ਕਿ ਮਾਨਸਾ ਸਮੇਤ ਬਰਨਾਲਾ, ਸੰਗਰੂਰ,ਬਠਿੰਡਾ, ਮੁਕਤਸਰ,ਫਰੀਦਕੋਟ,ਮੋਗਾ ਜ਼ਿਲ੍ਹਿਆਂ ਦੇ ਜਥੇਬੰਦਕ ਆਗੂਆਂ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ ਅਜੇ ਵੀ ਖੇਤਾਂ ਵਿਚ ਝੋਨਾ ਵੱਢਣ ਵਾਲਾ ਖੜ੍ਹਾ ਹੈ, ਜਦੋਂ ਕਿ ਸਰਕਾਰ ਨੇ ਝੋਨੇ ਖਰੀਦਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਅਧਿਕਾਰੀਆਂ ਵੱਲੋਂ ਝੋਨੇ ਦਾ ਖਰੀਦ ਟੀਚਾ ਪੂਰਾ ਹੋਣ ਦਾ ਦਾਅਵਾ ਕਰਦਿਆਂ ਇਸ ਖਰੀਦ ਨੂੰ ਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਵਿਚ ਹਜ਼ਾਰ ਏਕੜ ਝੋਨੇ ਦੀ ਫ਼ਸਲ ਹੜ੍ਹਾਂ ਨਾਲ ਮਰ ਗਈ ਅਤੇ ਬੇਮੁਹਾਰੇ ਮੀਂਹਾਂ ਕਾਰਨ 15 ਤੋਂ 20 ਫੀਸਦੀ ਝੋਨੇ ਦਾ ਝਾੜ ਘੱਟ ਗਿਆ, ਫਿਰ ਇਹ ਟੀਚਾ ਪੂਰਾ ਕਿਵੇਂ ਹੋ ਗਿਆ।

ਦਿਲਚਸਪ ਗੱਲ ਹੈ ਕਿ ਪੰਜਾਬ ਵਿੱਚ ਇਹ ਤੀਜੀ ਵਾਰ ਹੋਇਆ ਹੈ ਕਿ ਸਰਕਾਰ ਨੇ ਸਾਉਣੀ ਦੀ ਮੁੱਖ ਫ਼ਸਲ ਨੂੰ ਮੰਡੀਆਂ ਵਿਚ ਲਿਆਉਣ ਤੋਂ ਕਿਸਾਨਾਂ ਨੂੰ ਅੱਧ ਨਵੰਬਰ ਨੂੰ ਰੋਕਿਆ ਗਿਆ ਹੈ, ਪਹਿਲਾਂ ਇਹ ਖਰੀਦ 30 ਨਵੰਬਰ ਤੱਕ ਚੱਲਦੀ ਹੁੰਦੀ ਸੀ, ਪਰ ਐਂਤਕੀ ਸਰਕਾਰ ਨੇ ਇਸ ਖਰੀਦ ਨੂੰ 13 ਨਵੰਬਰ ਤੋਂ ਬੰਦ ਕੀਤਾ ਗਿਆ ਹੈ। ਜ਼ਿਲ੍ਹਾ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਨੇ ਦੱਸਿਆ ਕਿ ਅਨੇਕਾਂ ਪਿੰਡਾਂ ਵਿਚ ਕਿਸਾਨਾਂ ਨੇ ਹਾੜੀ ਦੀ ਬਿਜਾਈ ਸਿਰ ’ਤੇ ਚੜ੍ਹਨ ਕਾਰਨ ਅਤੇ ਮੰਡੀਆਂ ਵਿਚ ਬਿਲਕੁਲ ਥਾਂ ਨਾ ਹੋਣ ਕਾਰਨ ਝੋਨੇ ਦੀ ਕਟਾਈ ਤੋਂ ਬਾਅਦ ਉਸ ਨੂੰ ਘਰਾਂ ਵਿਚ ਸੁੱਟ ਲਿਆ ਸੀ ਅਤੇ ਹੁਣ ਉਹ ਇਸ ਨੂੰ ਮੰਡੀ ਵਿਚ ਵੇਚਣ ਲਈ ਲਿਆਉਣਾ ਚਾਹੁੰਦੇ ਹਨ ਪਰ ਮੰਡੀਆਂ ਵਿਚ ਅਜੇ ਵੀ ਤਿੱਲ ਸੁੱਟਣ ਨੂੰ ਥਾਂ ਨਹੀਂ ਹੈ। ਭਾਰਤੀ ਕਿਸਾਨ ਯੂਨੀਅਨ ਮਾਲਵਾ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਅੱਜ ਪਿੰਡ ਮਾਨਬੀਬੜੀਆਂ ਦੇ ਖਰੀਦ ਕੇਂਦਰ ਵਿੱਚ ਟਰਾਲੀਆਂ ’ਚੋਂ ਝੋਨਾ ਲਾਹੁਣ ਤੋਂ ਇਨਕਾਰ ਕੀਤਾ ਗਿਆ ਤਾਂ ਉਨ੍ਹਾਂ ਨੇ ਇਕੱਠੇ ਹੋਕੇ ਚਿਤਾਵਨੀ ਦਿੱਤੀ ਕਿ ਜੇਕਰ ਝੋਨਾ ਨਾ ਖਰੀਦਿਆ ਗਿਆ ਤਾਂ ਉਹ ਸਰਕਾਰੀ ਏਜੰਸੀਆਂ ਦੇ ਅਧਿਕਾਰੀਆਂ ਦਾ ਵਿਰੋਧ ਕਰਨਗੇ।


author

Gurminder Singh

Content Editor

Related News