2022 ’ਚ ਸ਼ਾਮ 6 ਤੋਂ ਰਾਤ 9 ਵਜੇ ਦਰਮਿਆਨ ਸਭ ਤੋਂ ਵੱਧ ਸੜਕ ਹਾਦਸਿਆਂ ’ਚ ਮੌਤਾਂ ਹੋਈਆਂ, ਦੇਖੋ ਹੋਰ ਅੰਕੜੇ
Friday, Dec 29, 2023 - 06:41 PM (IST)
ਚੰਡੀਗੜ੍ਹ (ਬਿਊਰੋ) : ਸੜਕ ਸੁਰੱਖਿਆ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਗਤੀਸ਼ੀਲ ਸੋਚ ਅਧੀਨ ਪੰਜਾਬ ’ਚ ਸਾਲ 2021 ਦੇ ਮੁਕਾਬਲੇ 2022 ਦੌਰਾਨ ਸੜਕ ਹਾਦਸਿਆਂ ’ਚ ਹੋਣ ਵਾਲੀਆਂ ਮੌਤਾਂ ’ਚ 0.24 ਫੀਸਦ ਦੀ ਕਮੀ ਆਈ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ। ਜ਼ਿਕਰਯੋਗ ਹੈ ਕਿ ਸਾਲ 2022 ’ਚ ਪੰਜਾਬ ’ਚ ਸੜਕ ਹਾਦਸਿਆਂ ’ਚ 4,578 ਮੌਤਾਂ ਦਰਜ ਕੀਤੀਆਂ ਗਈਆਂ ਸਨ। ਸੂਬੇ ’ਚ ਸੜਕ ਹਾਦਸਿਆਂ ’ਚ ਹੋਣ ਵਾਲੀਆਂ ਮੌਤਾਂ ’ਚ ਆਈ ਇਹ ਮਹੱਤਵਪੂਰਨ ਗਿਰਾਵਟ ਦੇਸ਼ ਵਿਆਪੀ ਰੁਝਾਨ, ਜਿਸ ਦੌਰਾਨ 2022 ’ਚ ਸੜਕੀ ਮੌਤਾਂ ’ਚ 9.4 ਫੀਸਦੀ ਦਾ ਵਾਧਾ ਹੋਇਆ, ਦੇ ਬਿਲਕੁੱਲ ਉਲਟ ਹੈ, ਜਿਸ ਦੇ ਨਤੀਜੇ ਵਜੋਂ ਭਾਰਤ ’ਚ ਸੜਕ ਹਾਦਸਿਆਂ ’ਚ ਕੁੱਲ 1,68,491 ਮੌਤਾਂ ਹੋਈਆਂ। ਪੰਜਾਬ ਸੜਕੀ ਹਾਦਸੇ ਅਤੇ ਟਰੈਫ਼ਿਕ ਦੀ ਸਾਲਾਨਾ ਰਿਪੋਰਟ-2022 ਲਾਂਚ ਕਰਦਿਆਂ ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਆਪਣੀ ਕਿਸਮ ਦੀ ਪਹਿਲੀ ਸੜਕ ਸੁਰੱਖਿਆ ਫੋਰਸ (ਐੱਸ.ਐੱਸ.ਐੱਫ.), ਜੋ ਕਿ ਸੜਕ ਸੁਰੱਖਿਆ ਅਤੇ ਸਮਾਜ ਵਿਰੋਧੀ ਅਨਸਰਾਂ ’ਤੇ ਨਕੇਲ ਕੱਸਣ ਵਾਲੀ ਵਿਸ਼ੇਸ਼ ਪੁਲਸ ਟੀਮ ਹੈ, ਦੀ ਸ਼ੁਰੂਆਤ ਨਾਲ ਇਸ ਗਿਰਾਵਟ ਦੇ ਰੁਝਾਨ ’ਚ ਹੋਰ ਤੇਜ਼ੀ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਮਾਗ ਦੀ ਉਪਜ-ਐੱਸ.ਐੱਸ.ਐੱਫ. ਜਲਦੀ ਹੀ ਲੋਕਾਂ ਦੀ ਸੇਵਾ ’ਚ ਹਾਜ਼ਰ ਹੋਵੇਗੀ, ਜਿਸ ਨਾਲ ਨਾ ਸਿਰਫ਼ ਦੁਰਘਟਨਾਵਾਂ ’ਚ ਕਮੀ ਲਿਆ ਕੇ ਕੀਮਤੀ ਜਾਨਾਂ ਬਚਾਉਣ ’ਚ ਮਦਦ ਮਿਲੇਗੀ ਸਗੋਂ ਸੂਬੇ ’ਚ ਆਵਾਜਾਈ ਨੂੰ ਵੀ ਸੁਚਾਰੂ ਬਣਾਇਆ ਜਾ ਸਕੇਗਾ।
ਇਹ ਵੀ ਪੜ੍ਹੋ : ਐੱਸ.ਵਾਈ.ਐੱਲ. ਦੀ ਤੀਜੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਦਾ ਦੋ ਟੁੱਕ ’ਚ ਜਵਾਬ
ਡੀ.ਜੀ.ਪੀ. ਨੇ ਪੰਜਾਬ ਪੁਲਸ, ਪੰਜਾਬ ਰੋਡ ਸੇਫਟੀ ਐਂਡ ਟ੍ਰੈਫਿਕ ਰਿਸਰਚ ਸੈਂਟਰ ਦੀਆਂ ਟੀਮਾਂ ਵੱਲੋਂ ਕੀਤੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ। ਵਧੇਰੇ ਜਾਣਕਾਰੀ ਦਿੰਦਿਆਂ ਏ.ਡੀ.ਜੀ.ਪੀ. ਟ੍ਰੈਫਿਕ ਏ.ਐੱਸ. ਰਾਏ ਨੇ ਦੱਸਿਆ ਕਿ ਪੰਜਾਬ ਸੜਕੀ ਹਾਦਸੇ ਅਤੇ ਟਰੈਫ਼ਿਕ ਦੀ ਸਾਲਾਨਾ ਰਿਪੋਰਟ-2022, ਪੰਜਾਬ ਪੁਲਸ ਅਤੇ ਪੰਜਾਬ ਰੋਡ ਸੇਫਟੀ ਐਂਡ ਟ੍ਰੈਫਿਕ ਰਿਸਰਚ ਸੈਂਟਰ ਵੱਲੋਂ ਕੀਤੀ ਗਈ ਪਹਿਲ ਹੈ। ਇਸ ਰਿਪੋਰਟ ’ਚ ਪੰਜਾਬ ’ਚ ਸੜਕ ਹਾਦਸਿਆਂ, ਟ੍ਰੈਫਿਕ ਉਲੰਘਣਾਵਾਂ ਅਤੇ ਸੜਕ ਸੁਰੱਖਿਆ ਉਪਾਵਾਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਇਹ ਰਿਪੋਰਟ ਟ੍ਰੈਫਿਕ ਅਤੇ ਕਾਨੂੰਨ ਲਾਗੂ ਕਰਨ ਵਾਲੇ ਕਰਮਚਾਰੀਆਂ ਲਈ ਸੂਬੇ ’ਚ ਟ੍ਰੈਫਿਕ ਨਾਲ ਸਬੰਧਤ ਮੁੱਦਿਆਂ ਨੂੰ ਸਮਝਣ ਅਤੇ ਹੱਲ ਕਰਨ ਲਈ ਮਦਦਗਾਰ ਸਾਬਤ ਹੋਵੇਗੀ। ਇਸ ਤੋਂ ਇਲਾਵਾ ਇਹ ਰਿਪੋਰਟ ਰੋਡ ਸੇਫਟੀ ਦੇ ਖੇਤਰ ’ਚ ਕੰਮ ਕਰ ਰਹੇ ਵਿਦਵਾਨਾਂ ਅਤੇ ਅਕਾਦਮੀਆਂ ਲਈ ਵੀ ਇੱਕ ਮਹੱਤਵਪੂਰਨ ਹਵਾਲਾ ਸਮੱਗਰੀ ਦਾ ਕੰਮ ਦੇਵੇਗੀ। ਪੰਜਾਬ ਰੋਡ ਸੇਫਟੀ ਐਂਡ ਟਰੈਫਿਕ ਰਿਸਰਚ ਸੈਂਟਰ ਦੇ ਡਾਇਰੈਕਟਰ ਡਾ. ਨਵਦੀਪ ਅਸੀਜਾ ਨੇ ਰਿਪੋਰਟ ਦੀਆਂ ਮੁੱਖ ਲੱਭਤਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2022 ’ਚ 7.44% ਦੀ ਸਾਲਾਨਾ ਵਾਧਾ ਦਰ ਦੇ ਹਿਸਾਬ ਨਾਲ ਪੰਜਾਬ ’ਚ ਕੁੱਲ 5,55,429 ਮੋਟਰ ਵਾਹਨ ਰਜਿਸਟਰਡ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਅਗਸਤ 2023 ਤੱਕ ਪੰਜਾਬ ’ਚ ਕੁੱਲ ਰਜਿਸਟਰਡ ਵਾਹਨਾਂ ਦੀ ਗਿਣਤੀ 1.33 ਕਰੋੜ (1,32,87,350) ਸੀ।
ਇਹ ਵੀ ਪੜ੍ਹੋ : ਐੱਨ. ਆਰ. ਆਈਜ਼ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ, ਮੁੱਖ ਮੰਤਰੀ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
ਉਨ੍ਹਾਂ ਕਿਹਾ ਕਿ ਪਿਛਲੇ ਸਾਲ 2021 ਦੇ ਮੁਕਾਬਲੇ ਫਰਵਰੀ, ਜੁਲਾਈ, ਸਤੰਬਰ, ਅਕਤੂਬਰ, ਨਵੰਬਰ ਅਤੇ ਦਸੰਬਰ ’ਚ ਸੜਕ ਹਾਦਸਿਆਂ ’ਚ ਹੋਣ ਵਾਲੀਆਂ ਮੌਤਾਂ ’ਚ ਕਮੀ ਦੇਖੀ ਗਈ ਹੈ, ਜਦੋਂ ਕਿ ਬਾਕੀ ਹੋਰ ਸਾਰੇ ਮਹੀਨਿਆਂ ’ਚ ਸੜਕ ਹਾਦਸਿਆਂ ’ਚ ਹੋਣ ਵਾਲੀਆਂ ਮੌਤਾਂ ’ਚ ਵਾਧਾ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਸੜਕ ਹਾਦਸਿਆਂ ’ਚ ਹੋਣ ਵਾਲੀਆਂ ਮੌਤਾਂ ਦਾ ਮੁੱਖ ਕਾਰਨ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣਾ ਅਤੇ ਅਵਾਰਾ ਪਸ਼ੂ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸਾਲ 2022 ’ਚ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਕਰਕੇ ਕੁੱਲ 2085 ਲੋਕ ਸੜਕ ਹਾਦਸਿਆਂ ’ਚ ਮਾਰੇ ਗਏ ਅਤੇ 421 ਮੌਤਾਂ ਅਵਾਰਾ ਪਸ਼ੂਆਂ ਕਰਕੇ ਹੋਈਆਂ। ਦੱਸਣਯੋਗ ਹੈ ਕਿ ਸਾਲ 2022 ’ਚ ਸੜਕ ਹਾਦਸਿਆਂ ’ਚ ਹੋਈਆਂ ਸਭ ਤੋਂ ਵੱਧ ਮੌਤਾਂ, ਜੋ ਸੂਬੇ ’ਚ ਸੜਕ ਹਾਦਸਿਆਂ ’ਚ ਹੋਈਆਂ ਕੁੱਲ ਮੌਤਾਂ ਦਾ 26 ਫੀਸਦ ਬਣਦੀਆਂ ਹਨ, ਸ਼ਾਮ 6 ਵਜੇ ਤੋਂ ਰਾਤ 9 ਵਜੇ ਦਰਮਿਆਨ ਦਰਜ ਕੀਤੀਆਂ ਗਈਆਂ ਹਨ, ਜਦੋਂ ਕਿ ਸੜਕ ਹਾਦਸਿਆਂ ’ਚ ਹੋਈਆਂ ਮੌਤਾਂ ’ਚੋਂ ਘੱਟੋ-ਘੱਟ 75 ਫੀਸਦੀ ਮੌਤਾਂ ਪੇਂਡੂ ਖੇਤਰਾਂ ’ਚ ਦਰਜ ਕੀਤੀਆਂ ਗਈਆਂ ਹਨ। ਸਮਾਜਿਕ-ਆਰਥਿਕ ਲਾਗਤ ਵਿਸ਼ਲੇਸ਼ਣ ਦੇ ਅਨੁਸਾਰ ਪੰਜਾਬ ’ਚ ਸਾਲ 2022 ’ਚ ਸੜਕ ਹਾਦਸਿਆਂ ’ਚ 21,517 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ : ਕੋਰੋਨਾ ਦਾ ਨਵਾਂ ਵੇਰੀਐਂਟ ‘ਜੇ. ਐੱਨ.-1’ ਹੋ ਸਕਦੈ ਖ਼ਤਰਨਾਕ ਸਾਬਤ, ਸਿਹਤ ਵਿਭਾਗ ਵਲੋਂ ਸੁਚੇਤ ਰਹਿਣ ਦੀ ਹਦਾਇਤ
‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8