ਸੰਘਣੀ ਅਬਾਦੀ ਵਾਲੇ ਖੇਤਰ ’ਚ ਟਾਵਰ ਲੱਗਣ ਤੋਂ ਰੋਕਣ ਲਈ ਲਾਏ ਪੱਕੇ ਮੋਰਚੇ ਵਾਲੀ ਜਗ੍ਹਾ ’ਤੇ ਲੋਕਾਂ ਕੀਤੀ ਨਾਅਰੇਬਾਜ਼ੀ

Sunday, Jan 26, 2025 - 05:31 AM (IST)

ਸੰਘਣੀ ਅਬਾਦੀ ਵਾਲੇ ਖੇਤਰ ’ਚ ਟਾਵਰ ਲੱਗਣ ਤੋਂ ਰੋਕਣ ਲਈ ਲਾਏ ਪੱਕੇ ਮੋਰਚੇ ਵਾਲੀ ਜਗ੍ਹਾ ’ਤੇ ਲੋਕਾਂ ਕੀਤੀ ਨਾਅਰੇਬਾਜ਼ੀ

ਭਵਾਨੀਗੜ੍ਹ (ਕਾਂਸਲ) - ਭਵਾਨੀਗੜ੍ਹ ਬਲਿਆਲ ਰੋਡ ਉੱਪਰ ਐੱਫ. ਸੀ. ਆਈ. ਗੋਦਾਮਾਂ ਦੇ ਨੇੜੇ ਆਦਰਸ਼ ਨਗਰ ਵਿਖੇ ਜੇ. ਡੀ. ਨਿਰਾਲੇ ਬਾਬਾ ਮੰਦਰ ਅਤੇ ਪਸ਼ੂ ਪੰਛੀ ਹਸਪਤਾਲ ਦੇ ਨੇੜੇ ਸ਼ਹਿਰ ਨਿਵਾਸੀਆਂ ਦੇ ਵਿਰੋਧ ਦੇ ਬਾਵਜੂਦ ਇਕ ਨਿੱਜੀ ਕੰਪਨੀ ਵੱਲੋਂ ਲਾਏ ਜਾ ਰਹੇ ਮੋਬਾਈਲ ਟਾਵਰ ਦੇ ਵਿਰੋਧ ’ਚ ਸ਼ਹਿਰ ਨਿਵਾਸੀਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਹਿਯੋਗ ਨਾਲ ਲਾਇਆ ਗਿਆ ਪੱਕਾ ਮੋਰਚਾ ਅੱਜ ਲਗਾਤਾਰ 24ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਵੱਡੀ ਗਿਣਤੀ ’ਚ ਇਕੱਠੇ ਹੋਏ ਸ਼ਹਿਰ ਨਿਵਾਸੀਆਂ ਵੱਲੋਂ ਟਾਵਰ ਲਾਉਣ ਵਾਲੀ ਮੋਬਾਈਲ ਫੋਨ ਨੈੱਟਵਰਕ ਵਾਲੀ ਕੰਪਨੀ ਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।

ਇਸ ਮੌਕੇ ਆਪਣੇ ਸੰਬੋਧਨ ਦੌਰਾਨ ਬਲਾਕ ਆਗੂ ਭਾਤਰੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਾਲਕ ਆਗੂ ਮਨਜੀਤ ਸਿੰਘ ਘਰਾਚੋਂ, ਕੁਲਦੀਪ ਸਿੰਘ ਲਾਡੀ ਬਖੋਪੀਰ, ਸ਼ਹਿਰੀ ਇਕਾਈ ਦੇ ਪ੍ਰਧਾਨ ਹਰਦੇਵ ਸਿੰਘ ਤੇ ਸੁਖਜਿੰਦਰ ਸਿੰਘ ਬਿੱਟੂ ਤੂਰ ਸਾਬਕਾ ਪ੍ਰਧਾਨ ਸਮੇਤ ਵੱਡੀ ਗਿਣਤੀ ’ਚ ਹੋਰ ਆਗੂਆਂ ਨੇ ਕਿਹਾ ਕਿ ਪਹਿਲਾਂ ਤਾਂ ਇਹ ਗੱਲ ਬਹੁਤ ਹੀ ਨਿੰਦਣਯੋਗ ਹੈ ਕਿ ਪ੍ਰਸ਼ਾਸਨ ਵੱਲੋਂ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਸ ਖੇਤਰ ’ਚ ਟਾਵਰ ਲਗਾਉਣ ਸਬੰਧੀ ਐੱਨ.ਓ.ਸੀ. ਜਾਰੀ ਕੀਤੀ ਗਈ। ਹੁਣ ਇਸ ਤੋਂ ਵੀ ਨਿੰਦਣਯੋਗ ਗੱਲ ਇਹ ਹੈ ਕਿ ਇਸ ਟਾਵਰ ਨੂੰ ਇਥੇ ਲੱਗਣ ਤੋਂ ਰੋਕਣ ਲਈ ਵਿਰੋਧ ਕਰ ਰਹੇ ਸ਼ਹਿਰ ਨਿਵਾਸੀ ਜਿਸ ’ਚ ਜ਼ਿਆਦਾਤਰ੍ ਸੀਨੀਅਰ ਸਿਟੀਜ਼ਨ ਸ਼ਾਮਲ ਹਨ ਪਿਛਲੇ 20 ਦਿਨਾਂ ਤੋਂ ਵੀ ਵੱਧ ਸਮੇਂ ਤੋਂ ਇਥੇ ਬਲਿਆਲ ਰੋਡ ਉਪਰ ਖੁੱਲ੍ਹੇ ਆਸਮਾਨ ਹੇਠ ਹੱਡ ਚਿਰਵੀਂ ਠੰਢ ’ਚ ਪੱਕਾ ਮੋਰਚਾ ਲਾ ਕੇ ਬੈਠੇ ਹਨ ਅਤੇ ਨਾ ਹੀ ਸਰਕਾਰ ਦਾ ਕੋਈ ਨੁਮਾਇੰਦਾ ਜਾਂ ਆਗੂ ਅਤੇ ਨਾ ਹੀ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਇਨ੍ਹਾਂ ਦੀ ਸਾਰ ਲੈਣ ਲਈ ਆਇਆ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਕੀਮਤ ’ਤੇ ਇਹ ਟਾਵਰ ਇਥੇ ਨਹੀਂ ਲੱਗਣ ਦੇਣਗੇ।

ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੰਘਣੀ ਅਬਾਦੀ ਵਾਲੇ ਖੇਤਰ ਇਸ ਟਾਵਰ ਨੂੰ ਲਗਾਉਣ ਦੀ ਐੱਨ.ਓ.ਸੀ. ਜਾਰੀ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ ਤੇ ਇਸ ਟਾਵਰ ਦੀ ਐੱਨ.ਓ.ਸੀ. ਨੂੰ ਰੱਦ ਕਰ ਕੇ ਇਸ ਨੂੰ ਤਿੰਨ-ਚਾਰ ਕਿਲੋਮੀਟਰ ਅੱਗੇ ਖੇਤਾਂ ’ਚ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਇਸ ਟਾਵਰ ਦੀ ਐੱਨ. ਓ. ਸੀ. ਨੂੰ ਰੱਦ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਹ ਪੱਕਾ ਮੋਰਚਾ ਇਸੇ ਤਰ੍ਹਾਂ ਜਾਰੀ ਰਹੇਗਾ।

ਇਸ ਮੌਕੇ ਜੌਗਿੰਦਰ ਸਿੰਘ ਸੈਕਟਰੀ, ਸਤਨਾਮ ਸਿੰਘ ਲੋਟੇ, ਮਲਕੀਤ ਸਿੰਘ ਗੰਡਾਸ਼ਾ, ਰਾਮ ਸਿੰਘ, ਮੇਲਾ ਸਿੰਘ, ਦਵਿੰਦਰ ਰਟੋਲ, ਜਗਦੇਵ ਸਿੰਘ, ਰਾਜਾ ਰਾਮ, ਸੋਹਨ ਲਾਲ, ਮਲਕੀਤ ਸਿੰਘ, ਕਰਨੈਲ ਸਿੰਘ, ਨੋਨੀ ਸ਼ਰਮਾ, ਨਿਰਮਲ ਸਿੰਘ, ਤੇਜੀ ਸਿੰਘ, ਕਰਨੈਲ ਸਿਘ ਸਾਬਕਾ ਪ੍ਰਧਾਨ ਐੱਫ. ਸੀ. ਆਈ ਵਰਕਰ ਯੂਨੀਅਨ ਸਮੇਤ ਵੱਡੀ ਗਿਣਤੀ ’ਚ ਮੌਜੂਦ ਸ਼ਹਿਰ ਨਿਵਾਸੀ ਮੌਜੂਦ ਸਨ।


author

Inder Prajapati

Content Editor

Related News