ਮਨੀ ਲਾਂਡਰਿੰਗ ਕੇਸ : ਬਾਂਸਲ ਦੇ ਭਾਣਜੇ ਕੋਲੋਂ 89.68 ਲੱਖ ਦੀ ਰਕਮ ਅਟੈਚ
Wednesday, May 08, 2019 - 09:43 AM (IST)

ਚੰਡੀਗੜ੍ਹ (ਸੁਸ਼ੀਲ) : ਲੋਕ ਸਭਾ ਚੋਣਾਂ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਚੰਡੀਗੜ੍ਹ ਤੋਂ ਕਾਂਗਰਸੀ ਉਮੀਦਵਾਰ ਪਵਨ ਕੁਮਾਰ ਬਾਂਸਲ ਨੂੰ ਵੱਡਾ ਝਟਕਾ ਦਿੱਤਾ ਹੈ। ਸਾਲ 2013 ਦੇ ਰੇਲਵੇ ਰਿਸ਼ਵਤ ਘੋਟਾਲੇ 'ਚ ਈ. ਡੀ. ਨੇ 89.68 ਲੱਖ ਰੁਪਏ ਦੀ ਰਕਮ ਕੇਸ 'ਚ ਅਟੈਚ ਕਰ ਲਈ ਹੈ, ਜੋ ਕਿ ਸਾਲ 2013 'ਚ ਸੀ. ਬੀ. ਆਈ. ਨੇ ਉਸ ਸਮੇਂ ਰੇਲ ਮੰਤਰੀ ਰਹੇ ਪਵਨ ਕੁਮਾਰ ਬਾਂਸਲ ਦੇ ਭਾਣਜੇ ਅਤੇ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਮਾਮਲੇ 'ਚ ਮੁੱਖ ਦੋਸ਼ੀ ਵਿਜੇ ਸਿੰਗਲਾ ਦੇ ਸੈਕਟਰ-28 ਸਥਿਤ ਦਫਤਰ ਤੋਂ ਜ਼ਬਤ ਕੀਤੀ ਸੀ। ਈ. ਡੀ. ਨੇ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ-2002 ਤਹਿਤ ਕੇਸ ਦਰਜ ਕੀਤਾ ਹੈ, ਜਿਸ 'ਚ ਵਿਜੇ ਸਿੰਗਲਾ ਸਮੇਤ 7 ਦੋਸ਼ੀ ਹਨ, ਜਿਨ੍ਹਾਂ ਦੀ ਜਾਂਚ ਸੀ. ਬੀ. ਆਈ. ਕਰ ਰਹੀ ਹੈ। ਬਾਂਸਲ ਨੇ ਈ. ਡੀ. ਦੀ ਇਸ ਕਾਰਵਾਈ ਨੂੰ ਸਾਜਿਸ਼ ਦੱਸਿਆ ਹੈ। ਉਨ੍ਹਾਂ ਨੇ ਉਕਤ ਕਾਰਵਾਈ ਨੂੰ ਭਾਜਪਾ ਉਮੀਦਵਾਰ ਦੀ ਬੌਖਲਾਹਟ ਕਰਾਰ ਦਿੱਤਾ ਹੈ।