ਪੈਸੇ ਡਬਲ ਕਰਨ ਦਾ ਝਾਂਸਾ ਦੇ ਕੇ 1 ਕਰੋੜ 8 ਲੱਖ 85 ਹਜ਼ਾਰ ਦੀ ਠੱਗੀ

Sunday, Mar 13, 2022 - 04:42 PM (IST)

ਤਰਨਤਾਰਨ (ਰਾਜੂ,ਬਲਵਿੰਦਰ ਕੌਰ) : ਤਰਨਤਾਰਨ ਵਿਖੇ ਪੈਸੇ ਡਬਲ ਕਰਨ ਦੇ ਸਬਜ਼ਬਾਗ ਵਿਖਾ ਕੇ 1 ਕਰੋੜ 8 ਲੱਖ 85 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ 6 ਲੋਕਾਂ ਵਿਰੁੱਧ ਧੋਖਾਧੜੀ ਦੇ ਦੋਸ਼ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਹਰਪ੍ਰੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਗੰਗਾ ਸਿੰਘ ਨਗਰ ਤਰਨਤਾਰਨ ਨੇ ਦੱਸਿਆ ਕਿ ਗੁਰਸਾਹਿਬ ਸਿੰਘ ਵਾਸੀ ਸੁਲਤਾਨਪੁਰ ਲੋਧੀ ਜੋ ਕਿ ਜੋਰਡਨ ਬੇਸ ਕੰਪਨੀ ਦਾ ਏਜੰਟ ਹੈ, ਜਿਸ ਨੇ ਉਸ ਨੂੰ ਕਿਹਾ ਕਿ ਉਨ੍ਹਾਂ ਦੀ ਕੰਪਨੀ ਪੈਸੇ ਡਬਲ ਕਰਕੇ ਦਿੰਦੀ ਹੈ, ਜਿਸ ’ਤੇ ਉਕਤ ਵਿਅਕਤੀ ਨੇ ਉਸ ਨੂੰ ਕੰਪਨੀ ਦਾ ਸ਼ੇਅਰ ਹੋਲਡਰ ਬਣਾਉਣ ਅਤੇ ਵਿਦੇਸ਼ਾਂ ਦੇ ਟੂਰ ਆਦਿ ਲਗਵਾਉਣ ਦੇ ਝਾਂਸੇ ਵਿਚ ਫਸਾ ਲਿਆ ਅਤੇ ਉਸ ਨੂੰ ਕੰਪਨੀ ਦੇ ਐੱਮ.ਡੀ. ਸੰਤੋਸ਼ ਸ਼ਾਹ, ਮੈਨੇਜਰ ਵਿਜੈ ਕੁਮਾਰ, ਸ਼ੋਰੀਆ, ਲੱਕੀ ਅਤੇ ਵਿਨੈ ਨਾਲ ਮਿਲਾਇਆ, ਜਿਨ੍ਹਾਂ ਦੀਆਂ ਗੱਲਾਂ ਵਿਚ ਆ ਕੇ ਉਸ ਨੇ ਕੰਪਨੀ ਵਿਚ ਪੈਸੇ ਇਨਵੈਸਟ ਕਰਨ ਦਾ ਮਨ ਬਣਾ ਲਿਆ।

ਇਨ੍ਹਾਂ ਵਿਅਕਤੀਆਂ ਨੇ ਪੈਸੇ ਡਬਲ ਕਰਨ ਅਤੇ ਹੋਰ ਫਾਇਦੇ ਦਿਵਾਉਣ ਦੇ ਸਬਜ਼ਬਾਗ ਵਿਖਾ ਕੇ ਉਸ ਕੋਲੋਂ ਵੱਖ-ਵੱਖ ਤਾਰੀਖ਼ਾਂ ’ਤੇ ਕਰੀਬ 1 ਕਰੋੜ 8 ਲੱਖ 85 ਹਜ਼ਾਰ 540 ਰੁਪਏ ਵਸੂਲ ਕਰ ਲਏ ਪਰ ਕਾਫੀ ਸਮਾਂ ਬੀਤ ਜਾਣ ’ਤੇ ਵੀ ਉਕਤ ਵਿਅਕਤੀਆਂ ਨੇ ਨਾ ਤਾਂ ਉਸ ਦੀ ਰਕਮ ਡਬਲ ਕਰਕੇ ਵਾਪਸ ਦਿੱਤੀ ਅਤੇ ਨਾ ਹੀ ਉਸ ਨੂੰ ਕੋਈ ਜਵਾਬ ਦੇ ਰਹੇ ਹਨ। ਇਨ੍ਹਾਂ ਵਿਅਕਤੀਆਂ ਦੇ ਕੋਲ ਰਿਜ਼ਰਵ ਬੈਂਕ ਆਫ ਇੰਡੀਆ ਦੇ ਲੈਟਰਪੈਡ, ਮੋਹਰਾਂ ਅਤੇ ਆਈ.ਡੀ. ਕਾਰਡ ਵੀ ਹਨ ਅਤੇ ਇਹ ਬਹੁਤ ਵੱਡਾ ਗਿਰੋਹ ਹੈ ਜਿਨ੍ਹਾਂ ਦਾ ਕੰਮ ਦੇਸ਼ ਦੀਆਂ ਵੱਖ-ਵੱਖ ਸਟੇਟਾਂ ਵਿਚ ਚੱਲ ਰਿਹਾ ਹੈ। ਇਸ ਸਬੰਧੀ ਸਬ ਡਵੀਜ਼ਨ ਤਰਨਤਾਰਨ ਦੇ ਡੀ.ਐੱਸ.ਪੀ. ਬਰਜਿੰਦਰ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ ’ਤੇ ਗੁਰਸਾਹਿਬ ਸਿੰਘ ਵਾਸੀ ਸੁਲਤਾਨਪੁਰ ਲੋਧੀ, ਵਿਜੈ ਕੁਮਾਰ, ਸੰਤੋਸ਼ ਸ਼ਾਹ, ਸ਼ੋਰੀਆ, ਲੱਕੀ ਅਤੇ ਵਿਨੈ ਖ਼ਿਲਾਫ ਮੁਕੱਦਮਾ ਨੰਬਰ 39 ਧਾਰਾ 420/467/468/471/120ਬੀ-ਆਈ.ਪੀ.ਸੀ . ਅਧੀਨ ਕੇਸ ਦਰਜ ਕਰਕੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।


Gurminder Singh

Content Editor

Related News