5 ਸਾਲਾਂ ਬਾਅਦ ਰਕਮ ਦੁੱਗਣੀ ਕਰਨ ਦਾ ਝਾਂਸਾ ਦੇ ਕੇ ਮਾਰੀ ਠੱਗੀ
Wednesday, Jul 21, 2021 - 04:59 PM (IST)
ਨਾਭਾ (ਜੈਨ) : ਉਂਝ ਤਾਂ ਚਿੱਟ ਫੰਡ ਅਤੇ ਲਾਟਰੀ ਸਕੀਮਾਂ ’ਤੇ ਸਰਕਾਰ ਨੇ ਪਾਬੰਦੀ ਲਾ ਰੱਖੀ ਹੈ ਪਰ ਫਿਰ ਵੀ ਚੋਰੀ-ਛੁਪੇ ਲੋਕ ਅਜਿਹੇ ਕਾਰੋਬਾਰ ਕਰ ਰਹੇ ਹਨ। ਇੱਥੇ ਇਕ ਮਾਮਲੇ ’ਚ ਇਕ ਜਨਾਨੀ ਨੂੰ ਰਕਮ ਦੁੱਗਣੀ ਕਰ ਕੇ ਦੇਣ ਦਾ ਝਾਂਸਾ ਦਿੱਤਾ ਗਿਆ। ਅਜੀਤ ਨਗਰ ਵਾਸੀ ਰਚਨਾ ਗਰਗ ਪਤਨੀ ਕੁਲਦੀਪ ਰਾਏ ਅਨੁਸਾਰ ਸ਼ੇਖਪੁਰਾ ਬਸਤੀ ਸੰਗਰੂਰ ਦੇ ਜਤਿੰਦਰ ਜੈਨ ਪੁੱਤਰ ਕੁੰਦਨ ਲਾਲ ਜੈਨ ਦੀ ਕੰਪਨੀ ’ਚ ਉਸ ਨੇ ਸਾਲ 2014 ’ਚ 85 ਹਜ਼ਾਰ ਰੁਪਏ ਲਾਏ ਸਨ।
ਜਤਿੰਦਰ ਜੈਨ ਨੇ ਉਸ ਸਮੇਂ ਕਿਹਾ ਸੀ ਕਿ 5 ਸਾਲਾਂ ਬਾਅਦ ਰਾਸ਼ੀ ਦੁੱਗਣੀ ਹੋ ਜਾਵੇਗੀ। ਉਸ ਨੇ ਜਨਾਨੀ ਨੂੰ ਬਾਂਡ ਸਰਟੀਫਿਕੇਟ ਵੀ ਦਿੱਤਾ। 5 ਸਾਲਾਂ ਬਾਅਦ ਉਸ ਨੂੰ ਦੁੱਗਣਾ ਤਾਂ ਕਿ ਅਸਲ ਰਾਸ਼ੀ ਵੀ ਨਹੀਂ ਦਿੱਤੀ ਗਈ, ਜਿਸ ਕਰ ਕੇ ਕੋਤਵਾਲੀ ਪੁਲਸ ’ਚ ਧਾਰਾ-420 ਤਹਿਤ ਜਤਿੰਦਰ ਜੈਨ ਖ਼ਿਲਾਫ਼ ਠੱਗੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਐਸ. ਐਚ. ਓ. ਅਨੁਸਾਰ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।