ਔਰਤ ਨਾਲ ਕੁੱਟ-ਮਾਰ ਤੇ ਛੇੜਛਾੜ ਮਾਮਲੇ ''ਚ ਪਾਰਕਿੰਗ ਦੇ ਦੋ ਕਰਿੰਦੇ ਗ੍ਰਿਫਤਾਰ
Saturday, Mar 17, 2018 - 10:03 AM (IST)
ਚੰਡੀਗੜ੍ਹ (ਸੁਸ਼ੀਲ) - ਸੈਕਟਰ-22 ਸਥਿਤ ਕਿਰਨ ਸਿਨੇਮਾ ਸਾਹਮਣੇ ਪਰਚੀ ਨੂੰ ਲੈ ਕੇ ਔਰਤ ਤੇ ਉਸਦੇ ਭਰਾ ਨੂੰ ਕੁੱਟਣ ਵਾਲੇ ਪਾਰਕਿੰਗ ਦੇ ਦੋ ਕਰਿੰਦਿਆਂ ਨੂੰ ਪੁਲਸ ਨੇ ਦਬੋਚ ਲਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਮੁੱਲਾਂਪੁਰ ਵਾਸੀ ਗੁਰਮੁਖ ਸਿੰਘ ਤੇ ਰੋਪੜ ਵਾਸੀ ਜਗਜੀਤ ਸਿੰਘ ਦੇ ਰੂਪ 'ਚ ਹੋਈ ਹੈ। ਸੈਕਟਰ-17 ਥਾਣਾ ਪੁਲਸ ਨੇ ਦੋਵਾਂ ਨੂੰ ਇਸ ਸਬੰਧੀ ਵਾਇਰਲ ਵੀਡੀਓ ਦੇ ਆਧਾਰ 'ਤੇ ਫੜਿਆ ਹੈ। ਪੁਲਸ ਨੇ ਦੋਵਾਂ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਅਦਾਲਤ ਨੇ ਉਨ੍ਹਾਂ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ।
ਸੈਕਟਰ-20 ਵਾਸੀ ਨੌਜਵਾਨ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਸੀ ਕਿ ਵੀਰਵਾਰ ਨੂੰ ਆਪਣੀਆਂ ਦੋ ਭੈਣਾਂ ਦੇ ਨਾਲ ਸੈਕਟਰ-22 'ਚ ਆਇਆ ਸੀ। ਉਨ੍ਹਾਂ ਆਪਣੀ ਗੱਡੀ ਕਿਰਨ ਸਿਨੇਮਾ ਨੇੜੇ ਪਾਰਕ ਕੀਤੀ ਸੀ। ਇਸ ਦੌਰਾਨ ਪਾਰਕਿੰਗ ਠੇਕੇਦਾਰ ਦੇ ਕਰਿੰਦੇ ਆਏ ਅਤੇ ਪਰਚੀ ਦਿਖਾਉਣ ਸਬੰਧੀ ਦੋਵਾਂ ਧਿਰਾਂ ਵਿਚਕਾਰ ਬਹਿਸ ਹੋ ਗਈ। ਇਸ ਦੌਰਾਨ ਹੋਰ ਕਰਿੰਦੇ ਵੀ ਇਕੱਠੇ ਹੋ ਗਏ ਤੇ ਉਨ੍ਹਾਂ ਉਸ 'ਤੇ ਹਮਲਾ ਕਰ ਦਿੱਤਾ। ਜਦੋਂ ਲੜਕੀਆਂ ਆਪਣੇ ਭਰਾ ਨੂੰ ਬਚਾਉਣ ਲੱਗੀਆਂ ਤਾਂ ਉਨ੍ਹਾਂ ਚਾਹ ਬਣਾਉਣ ਵਾਲਾ ਪਤੀਲਾ ਚੁੱਕ ਕੇ ਉਨ੍ਹਾਂ 'ਤੇ ਵਾਰ ਕੀਤਾ। ਉਨ੍ਹਾਂ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ।
