ਆਨਲਾਈਨ ਭੁਗਤਾਨਾਂ ਨਾਲ ਸਬੰਧਿਤ ਠੱਗੀਆਂ ਦੇ ਲਗਾਤਾਰ ਵੱਧ ਰਹੇ ਮਾਮਲੇ
Monday, May 11, 2026 - 11:48 AM (IST)
ਭੁੱਚੋ ਮੰਡੀ (ਨਾਗਪਾਲ) : ਇਲਾਕੇ ’ਚ ਆਨਲਾਈਨ ਭੁਗਤਾਨਾਂ ਨਾਲ ਸਬੰਧਿਤ ਠੱਗੀਆਂ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਜਿਸ ਕਾਰਨ ਦੁਕਾਨਦਾਰਾਂ ’ਚ ਚਿੰਤਾ ਦਾ ਮਾਹੌਲ ਪਾਇਆ ਜਾ ਰਿਹਾ ਹੈ। ਠੱਗ ਨਵੇਂ ਤਰੀਕਿਆਂ ਨਾਲ ਵਪਾਰੀਆਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ ਅਤੇ ਭੁਗਤਾਨ ਹੋਣ ਦਾ ਝੂਠਾ ਭਰਮ ਪੈਦਾ ਕਰ ਕੇ ਸਾਮਾਨ ਲੈ ਕੇ ਫ਼ਰਾਰ ਹੋ ਰਹੇ ਹਨ। ਸ਼ਾਮ ਨੂੰ ਭੁੱਚੋ ਮੰਡੀ ਦੇ ਰੇਲਵੇ ਰੋਡ ’ਤੇ ਇਕ ਦੁਕਾਨ ’ਤੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਪਹੁੰਚੇ। ਜਿਨ੍ਹਾਂ ਇਕ ਨੌਜਵਾਨ ਮੋਟਰਸਾਈਕਲ ’ਤੇ ਹੀ ਬੈਠਾ ਰਿਹਾ, ਜਦਕਿ ਦੂਜਾ ਨੌਜਵਾਨ ਦੁਕਾਨ ਅੰਦਰ ਗਿਆ ਅਤੇ ਕੁੱਝ ਸਮਾਨ ਖ਼ਰੀਦਿਆ। ਸਮਾਨ ਦੀ ਚੋਣ ਕਰਨ ਤੋਂ ਬਾਅਦ ਉਸਨੇ ਦੁਕਾਨਦਾਰ ਨੂੰ ਦੱਸਿਆ ਕਿ ਉਹ ਆਨਲਾਈਨ ਭੁਗਤਾਨ ਕਰੇਗਾ। ਨੌਜਵਾਨ ਨੇ ਮੋਬਾਇਲ ਫੋਨ ਨੂੰ ਸਕੈਨਰ ਵੱਲ ਕਰ ਕੇ ਭੁਗਤਾਨ ਕਰਨ ਦਾ ਦਿਖਾਵਾ ਕੀਤਾ ਅਤੇ ਕੁੱਝ ਪਲਾਂ ਬਾਅਦ ਇਕ ਪੁਰਾਣਾ ਸਕ੍ਰੀਨਸ਼ਾਟ ਦਿਖਾ ਕੇ ਭੁਗਤਾਨ ਹੋਣ ਦਾ ਦਾਅਵਾ ਕੀਤਾ।
ਦੁਕਾਨਦਾਰ ਨੂੰ ਸ਼ੱਕ ਹੋਣ ’ਤੇ ਉਸਨੇ ਨੌਜਵਾਨ ਨੂੰ ਕੁੱਝ ਸਮਾਂ ਰੁਕਣ ਲਈ ਕਿਹਾ ਅਤੇ ਦੱਸਿਆ ਕਿ ਉਸਦੇ ਮੋਬਾਇਲ ’ਤੇ ਅਜੇ ਤੱਕ ਕੋਈ ਭੁਗਤਾਨ ਸੂਚਨਾ ਪ੍ਰਾਪਤ ਨਹੀਂ ਹੋਈ। ਇਸ ਦੌਰਾਨ ਦੋਵੇਂ ਨੌਜਵਾਨ ਤੁਰੰਤ ਮੋਟਰਸਾਈਕਲ ’ਤੇ ਸਵਾਰ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਏ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਵੀ ਰੇਲਵੇ ਰੋਡ ਬਾਜ਼ਾਰ ’ਚ ਇਕ ਕਰਿਆਨੇ ਦੀ ਦੁਕਾਨ ’ਤੇ ਇਸੇ ਤਰ੍ਹਾਂ ਦੀ ਠੱਗੀ ਕੀਤੀ ਗਈ ਸੀ। ਉਸ ਘਟਨਾ ਵਿਚ ਵੀ ਨੌਜਵਾਨ ਆਨਲਾਈਨ ਭੁਗਤਾਨ ਦਾ ਝਾਂਸਾ ਦੇ ਕੇ ਸਮਾਨ ਲੈ ਗਏ ਸਨ। ਵਪਾਰ ਮੰਡਲ ਦੇ ਆਗੂਆਂ ਨੇ ਦੁਕਾਨਦਾਰਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਸਿਰਫ ਸਕ੍ਰੀਨਸ਼ਾਟ ਦੇ ਆਧਾਰ ’ਤੇ ਭਰੋਸਾ ਨਾ ਕਰਨ। ਉਨ੍ਹਾਂ ਕਿਹਾ ਕਿ ਗਾਹਕ ਨੂੰ ਸਮਾਨ ਦੇਣ ਤੋਂ ਪਹਿਲਾਂ ਮੋਬਾਇਲ ਜਾਂ ਬੈਂਕ ਖ਼ਾਤੇ ਵਿਚ ਭੁਗਤਾਨ ਦੀ ਪੂਰੀ ਪੁਸ਼ਟੀ ਜ਼ਰੂਰ ਕਰ ਲੈਣੀ ਚਾਹੀਦੀ ਹੈ। ਵਪਾਰੀਆਂ ਨੇ ਪੁਲਸ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਹੈ ਕਿ ਅਜਿਹੇ ਠੱਗ ਗਿਰੋਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਵਪਾਰੀਆਂ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ।
