ਮੋਹਾਲੀ ਗੈਂਗਰੇਪ ਮਾਮਲੇ ਦੀ ਜਾਂਚ ਲਈ ਐੱਸ. ਆਈ. ਟੀ. ਗਠਿਤ

Sunday, Feb 09, 2020 - 01:15 PM (IST)

ਚੰਡੀਗੜ੍ਹ, ਜਲੰਧਰ (ਅਸ਼ਵਨੀ, ਧਵਨ) : ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ 7 ਫਰਵਰੀ ਨੂੰ ਮੋਹਾਲੀ 'ਚ ਹੋਏ ਗੈਂਗਰੇਪ ਦੇ ਮਾਮਲੇ ਵਿਚ ਮਹਿਲਾ ਪੁਲਸ ਅਧਿਕਾਰੀਆਂ 'ਤੇ ਆਧਾਰਿਤ ਵਿਸ਼ੇਸ਼ ਐੱਸ. ਆਈ. ਟੀ. ਗਠਿਤ ਕੀਤੀ ਹੈ। ਮੋਹਾਲੀ 'ਚ 20 ਸਾਲ ਦੇ 2 ਨੌਜਵਾਨਾਂ ਨੇ ਗੈਂਗਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਐੱਸ. ਆਈ. ਟੀ. ਪ੍ਰਮੁੱਖ ਮੋਹਾਲੀ ਦੀ ਏ. ਐੱਸ. ਪੀ. ਸਿਟੀ-1 ਅਸ਼ਵਨੀ ਗੋਤਿਆਲ ਨੂੰ ਬਣਾਇਆ ਗਿਆ ਹੈ ਅਤੇ ਇਸ ਵਿਚ ਐੱਸ. ਆਈ. ਮੀਨੂ ਹੁੱਡਾ ਅਤੇ ਐੱਲ. ਸੀ. ਟੀ. ਅਮਨਜੀਤ ਕੌਰ ਨੂੰ ਮੈਂਬਰ ਦੇ ਤੌਰ 'ਤੇ ਸ਼ਾਮਲ ਕੀਤਾ ਗਿਆ ਹੈ, ਜਦੋਂਕਿ ਏ. ਡੀ. ਜੀ. ਪੀ. (ਮਹਿਲਾ ਤੇ ਬਾਲ ਮਾਮਲੇ) ਗੁਰਪ੍ਰੀਤ ਦਿਓ ਨੂੰ ਜਾਂਚ ਦੇ ਸਮੁੱਚੇ ਕੰਮ 'ਤੇ ਨਜ਼ਰ ਰੱਖਣ ਦੇ ਹੁਕਮ ਦਿੱਤੇ ਗਏ ਹਨ।

ਏ. ਡੀ. ਜੀ. ਪੀ. ਗੁਰਪ੍ਰੀਤ ਦਿਓ ਨੇ ਸ਼ਨੀਵਾਰ ਨੂੰ ਅਪਰਾਧ ਵਾਲੀ ਥਾਂ ਦਾ ਦੌਰਾ ਕੀਤਾ ਤੇ ਨਾਲ ਹੀ ਪੀੜਤਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਐੱਸ. ਆਈ. ਟੀ. ਮੈਂਬਰਾਂ ਨਾਲ ਵੀ ਵਿਸਥਾਰ ਨਾਲ ਚਰਚਾ ਕੀਤੀ। ਪੀੜਤਾ ਨੇ ਏ. ਡੀ. ਜੀ. ਪੀ. ਨੂੰ ਅਹਿਮ ਸੂਚਨਾਵਾਂ ਉਪਲਬਧ ਕਰਵਾਈਆਂ ਹਨ। ਦਿਓ ਨੇ ਕਿਹਾ ਕਿ ਦੋਸ਼ੀਆਂ ਦੀ ਜਲਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। 8 ਜਨਵਰੀ 2020 ਨੂੰ ਐੱਫ. ਆਈ. ਆਰ. ਨੰਬਰ 20 ਅਤੇ ਧਾਰਾ 376 ਆਈ. ਪੀ. ਸੀ. ਤਹਿਤ ਪੁਲਸ ਥਾਣਾ ਮਟੌਰ (ਐੱਸ. ਏ. ਐੱਸ. ਨਗਰ) 'ਚ ਮਾਮਲਾ ਦਰਜ ਕਰ ਲਿਆ ਗਿਆ ਸੀ।

ਪੀੜਤਾ ਪਿਛਲੇ ਇਕ ਸਾਲ ਤੋਂ ਸਥਾਨਕ ਕੰਪਨੀ ਵਿਚ ਹੋਮ ਕੇਅਰ ਅਟੈਂਡੈਂਟ ਦੇ ਤੌਰ 'ਤੇ ਕੰਮ ਕਰ ਰਹੀ ਸੀ, ਜੋ ਬੀਮਾਰ ਲੋਕਾਂ ਨੂੰ ਮੈਡੀਕਲ ਸਹਾਇਤਾ ਉਪਲਬਧ ਕਰਵਾਉਂਦੀ ਸੀ। 7 ਜਨਵਰੀ ਨੂੰ ਸ਼ਾਮ 8 ਵਜੇ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਇਕ ਕਲਾਈਂਟ ਦਾ ਫੋਨ ਆਇਆ ਅਤੇ ਉਸ ਨੇ ਆਪਣੀ ਰਿਹਾਇਸ਼ ਮੋਹਾਲੀ ਤੋਂ ਚੰਡੀਗੜ੍ਹ ਲਈ ਆਟੋ ਲਿਆ ਪਰ ਆਟੋ ਚਾਲਕ ਤੇ ਉਸ ਦਾ ਸਾਥੀ ਔਰਤ ਨੂੰ ਸੁੰਨਸਾਨ ਇਲਾਕੇ ਵਿਚ ਲੈ ਗਏ, ਜਿਥੇ ਗੈਂਗਰੇਪ ਨੂੰ ਅੰਜਾਮ ਦਿੱਤਾ ਗਿਆ।


Gurminder Singh

Content Editor

Related News