ਪੰਜਾਬ ਪੁਲਸ ਨੇ ਸਬਜ਼ੀ ਪਿੱਛੇ ਕੁੱਟ ਸੁੱਟਿਆ ਗਰੀਬ, ਵੀਡੀਓ ਵਾਇਰਲ
Wednesday, Aug 28, 2019 - 05:54 PM (IST)
ਮੋਗਾ (ਵਿਪਨ) - ਮੋਗਾ ਦੀ ਪੁਲਸ ਦੇ 2 ਮੁਲਾਜ਼ਮਾਂ ਵਲੋਂ ਕੈਂਟਰ ਚਾਲਕ ਦੀ ਕੁੱਟਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਹ ਵੀਡੀਓ ਮੋਗਾ ਦੇ ਕੋਟਕਪੂਰਾ ਬਾਈਪਾਸ ਦੀ ਹੈ, ਜਿਥੇ ਪੰਜਾਬ ਪੁਲਸ ਦੇ 2 ਮੁਲਾਜ਼ਮਾਂ ਨੇ ਹਰਸ਼ ਕੁਮਾਰ ਨਾਂਅ ਦੇ ਸ਼ਖਸ ਦੀ ਕੁੱਟਮਾਰ ਕੀਤੀ। ਪੀਡ਼ਤ ਵਿਅਕਤੀ ਨੇ ਬਡ਼ੇ ਹੀ ਚਲਾਕੀ ਨਾਲ ਇਹ ਸਾਰੀ ਘਟਨਾ ਆਪਣੇ ਮੁਬਾਈਲ ਫੋਨ 'ਚ ਕੈਦ ਕਰ ਲਈ। ਪੀੜਤ ਹਰਸ਼ ਦਾ ਕਹਿਣਾ ਕਿ ਉਹ ਸਬਜ਼ੀ ਲੈ ਕੇ ਆਪਣੇ ਕੈਂਟਰ 'ਤੇ ਕੋਟਕਪੂਰਾ ਜਾ ਰਿਹਾ ਸੀ ਕਿ ਰਾਸਤੇ 'ਚ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਰੋਕ ਲਿਆ।
ਰੋਕਣ ਤੋਂ ਬਾਅਦ ਉਕਤ ਪੁਲਸ ਮੁਲਾਜ਼ਮ ਉਸ ਤੋਂ ਪੈਸੇ ਅਤੇ ਸਬਜ਼ੀ ਦੀ ਮੰਗ ਕਰਨ ਲੱਗੇ। ਪੈਸੇ ਅਤੇ ਸਬਜ਼ੀ ਨਾ ਦੇਣ ’ਤੇ ਉਨ੍ਹਾਂ ਦੋਵਾਂ ਨੇ ਮਿਲ ਕੇ ਉਸ ਦੀ ਬੜੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਘਟਨਾ ਸਥਾਨ ’ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਵਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਕਰਨ ਤੋਂ ਬਾਅਦ ਉਹ ਉਕਤ ਪੁਲਸ ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦੇ ਲਈ ਉੱਚ ਅਧਿਕਾਰੀਆਂ ਨੂੰ ਕਹਿਣਗੇ।
ਦੂਜੇ ਪਾਸੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੀੜਤ ਵਿਅਕਤੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਸ ਨੂੰ ਪੁਲਸ ਮੁਲਾਜ਼ਮਾਂ ਵਲੋਂ ਤੰਗ ਪਰੇਸ਼ਾਨ ਕੀਤਾ ਗਿਆ ਹੈ। ਮੋਗਾ ਦੇ ਐੱਸ.ਐੱਸ.ਪੀ. ਚਾਹੀਦਾ ਹੈ ਕਿ ਉਹ ਅਜਿਹੇ ਰਿਸ਼ਵਤ ਮੰਗਣ ਵਾਲੇ ਪੁਲਸ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਕਰਨ, ਕਿਉਂਕਿ ਪੁਲਸ ਲੋਕਾਂ ਦੀ ਸੇਵਾ ਲਈ ਹੁੰਦੀ ਹੈ ਨਾ ਕਿ ਉਨ੍ਹਾਂ ਨੂੰ ਤੰਗ ਪਰੇਸ਼ਾਨ ਕਰਨ ਲਈ।