ਮੋਗਾ ਦੀ ਕੁੜੀ ਨੇ ਜਰਮਨ 'ਚ ਗੱਡੇ ਝੰਡੇ, ਨਿਸ਼ਾਨੇਬਾਜ਼ੀ 'ਚ ਕੀਤਾ ਪਹਿਲਾ ਸਥਾਨ ਹਾਸਲ (ਵੀਡੀਓ)
Wednesday, May 15, 2019 - 09:25 AM (IST)
ਮੋਗਾ (ਵਿਪਨ) : ਕ੍ਰਿਕਟਰ ਹਰਮਨ ਤੋਂ ਬਾਅਦ ਹੁਣ ਗੁਰਲੀਨ ਕੌਰ ਨੇ ਮੋਗਾ ਦਾ ਨਾਂ ਰੌਸ਼ਨ ਕੀਤਾ ਹੈ। ਜਾਣਕਾਰੀ ਮੁਤਾਬਕ 4 ਮਈ ਤੋਂ 12 ਮਈ ਤੱਕ ਜਰਮਨੀ ਦੇ ਹਨੋਵਰ 'ਚ ਹੋਏ ਇੰਟਰਨੈਸ਼ਨਲ ਸ਼ੂਟਿੰਗ ਵਰਲਡ ਕੱਪ ਜੂਨੀਅਰ 'ਚ ਮੋਗਾ ਦੇ ਸ੍ਰੀ ਹਰਿ ਰਾਏ ਪਬਲਿਕ ਸਕੂਲ ਦੀ 11ਵੀਂ ਜਮਾਤ ਦੀ ਵਿਦਿਆਰਥਣ ਗੁਰਲੀਨ ਕੌਰ ਨੇ ਪਹਿਲਾਂ ਸਥਾਨ ਹਾਸਲ ਕੀਤਾ ਹੈ। ਗੁਰਲੀਨ ਨੇ 600 'ਚੋਂ 584 ਨੰਬਰ ਹਾਸਲ ਕੀਤੇ ਹਨ। ਇਸ ਤੋਂ ਪਹਿਲਾਂ ਵੀ ਗੁਰਲੀਨ ਦੋ ਗੋਲਡ ਮੈਡਲ ਹਾਸਲ ਕਰ ਚੁੱਕੀ ਹੈ। ਇਸ ਜਿੱਤ ਦਾ ਸਿਹਰਾ ਗੁਰਲੀਨ ਨੇ ਆਪਣੇ ਮਾਤਾ-ਪਿਤਾ, ਚਾਚਾ ਦਵਿੰਦਰ ਸਿੰਘ ਤੇ ਕੋਚ ਹਰਜੀਤ ਸਿੰਘ ਨੂੰ ਦਿੱਤਾ ਹੈ। ਅੱਜ ਮੋਗਾ ਪਹੁੰਚਣ 'ਤੇ ਗੁਰਲੀਨ ਦਾ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਅਧਿਆਪਕਾਂ ਵਲੋਂ ਧੂਮਧਾਮ ਨਾਲ ਸਵਾਗਤ ਕੀਤਾ ਗਿਆ। ਗੁਰਲੀਨ ਦੀ ਇਸ ਉਪਲੱਬਧੀ ਤੋਂ ਉਸ ਦੇ ਪਿਤਾ ਤੇ ਸਕੂਲ ਦੇ ਅਧਿਆਪਕ ਕਾਫੀ ਖੁਸ਼ ਹਨ। ਗੁਰਲੀਨ ਦੇ ਪਿਤਾ ਨੂੰ ਆਪਣੀ ਹੋਣਹਾਰ ਧੀ 'ਤੇ ਮਾਣ ਹੈ।
ਹੁਣ ਗੁਰਲੀਨ ਅਮਰੀਕਾ ਖੇਡਣ ਜਾਵੇਗੀ। ਗੁਰਲੀਨ ਨੇ ਇਹ ਸਫਲਤਾ ਸਖਤ ਮਿਹਨਤ ਤੋਂ ਬਾਅਦ ਹਾਸਲ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਇੰਨੀਂ ਮਿਹਨਤ ਕੀਤੀ। ਉਸ ਦਾ ਨਤੀਜਾ ਉਸ ਨੂੰ ਮਿਲਣਾ ਹੀ ਸੀ।