ਮਰੀਜ਼ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼, ਸਿਵਲ ਸਰਜਨ ਨੇ ਅੱਧ ਵਿਚਾਲੇ ਛੱਡਿਆ ਆਪਰੇਸ਼ਨ

07/16/2020 10:27:54 AM

ਮੋਗਾ (ਸੰਦੀਪ ਸ਼ਰਮਾ) : ਸਥਾਨਕ ਸਿਵਲ ਹਸਪਤਾਲ 'ਚ ਆਪਰੇਸ਼ਨ ਲਈ ਦਾਖਲ ਕੀਤੀ ਗਈ 65 ਸਾਲਾ ਬਜ਼ੁਰਗ ਜਨਾਨੀ ਦੀ ਸਰਜਰੀ ਦੌਰਾਨ ਡਾਕਟਰ ਦੀ ਕਾਰਗੁਜ਼ਾਰੀ ’ਤੇ ਮਰੀਜ਼ ਦੇ ਪਰਿਵਾਰ ਵਾਲਿਆਂ ਨੇ ਸਵਾਲ ਖੜ੍ਹੇ ਕਰਦੇ ਹੋਏ ਝਗੜਾ ਸ਼ੁਰੂ ਕਰ ਦਿੱਤਾ ਅਤੇ ਡਾਕਟਰ ਵਲੋਂ ਸਰਜਰੀ ਨੂੰ ਅੱਧ ਵਿਚਕਾਰ ਹੀ ਛੱਡਣ ਦਾ ਦੋਸ਼ ਲਾ ਦਿੱਤਾ। ਉੱਥੇ ਹੀ ਡਾਕਟਰ ਦਾ ਕਹਿਣਾ ਹੈ ਕਿ ਉਸ ਨੇ ਦੂਰਬੀਨ ਨਾਲ ਆਪਰੇਸ਼ਨ ਸ਼ੁਰੂ ਕਰਦੇ ਸਮੇਂ ਜਨਾਨੀ ਦੀ ਪਿੱਤੇ ਦੀ ਸਥਿਤੀ ਨੂੰ ਗੰਭੀਰ ਹਾਲਤ ਨਾਲ ਗ੍ਰਸਤ ਦੇਖਿਆ ਗਿਆ।

ਡਾਕਟਰ ਨੇ ਸਿਵਲ ਹਸਪਤਾਲ 'ਚ ਅਜਿਹੀ ਗੰਭੀਰ ਸਰਜਰੀ ਕਰਨ ਦਾ ਰਿਸਕ ਨਾ ਲੈਣ ਦੀ ਗੱਲ ਕਹਿੰਦੇ ਹੋਏ ਮਰੀਜ਼ ਨੂੰ ਮਜ਼ਬੂਰੀ ਵੱਸ ਫਰੀਦਕੋਟ ਦੇ ਮੈਡੀਕਲ ਹਸਪਤਾਲ 'ਚ ਰੈਫਰ ਕਰਨ ਦੀ ਗੱਲ ਕਹੀ ਹੈ। ਡਾਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਸਾਰੀ ਸਥਿਤੀ ਮਰੀਜ਼ ਦੇ ਪਰਿਵਾਰ ਵਾਲਿਆਂ ਨੂੰ ਸਪੱਸ਼ਟ ਕਰ ਦਿੱਤੀ ਗਈ ਸੀ। ਸਿਵਲ ਹਸਪਤਾਲ 'ਚ ਮੌਜੂਦ ਜਨਾਨੀ ਮਰੀਜ਼ ਪਿੰਡ ਮਹਿਰੋਂ ਨਿਵਾਸੀ 64 ਸਾਲਾ ਅਮਰਜੀਤ ਕੌਰ ਪਤਨੀ ਛੋਟਾ ਸਿੰਘ ਦੇ ਬੇਟੇ ਸੁਖਮੰਦਰ ਸਿੰਘ ਅਤੇ ਪਿੰਡ ਵਾਸੀ ਉਨ੍ਹਾਂ ਦੇ ਪਰਿਵਾਰ ਵਾਲੇ ਬਲਤੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਨੂੰ ਪਿੱਤੇ ਦੀ ਪੱਥਰੀ ਦੀ ਸਮੱਸਿਆ ਸੀ।

ਉਹ ਪਿਛਲੇ ਤਿੰਨ ਮਹੀਨਿਆਂ ਤੋਂ ਡਾਕਟਰ ਕੋਲ ਆਪਰੇਸ਼ਨ ਲਈ ਚੱਕਰ ਲਾ ਰਹੇ ਸਨ ਪਰ ਤਾਲਾਬੰਦੀ ਦੇ ਚੱਲਦੇ ਮਜਬੂਰੀ ਪ੍ਰਗਟਾਉਂਦੇ ਸਿਵਲ ਹਸਪਤਾਲ ਦੇ ਸਰਜਨ ਡਾ. ਅਮਨ ਸਿੰਗਲਾ ਵੱਲੋਂ ਆਪਰੇਸ਼ਨ ਕਰਨ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ ਸੀ, ਜਿਸ ਦੇ ਚੱਲਦੇ ਉਨ੍ਹਾਂ ਡਾਕਟਰ ਵੱਲੋਂ ਕੀਤੇ ਗਏ ਟੈਸਟਾਂ ਨੂੰ ਇਕ ਨਿੱਜੀ ਹਸਪਤਾਲ 'ਚ ਦਿਖਾਇਆ ਸੀ ਅਤੇ ਨਿੱਜੀ ਹਸਪਤਾਲ ਸੰਚਾਲਕਾਂ ਵਲੋਂ ਇਕ ਫਾਰਮ ਭਰ ਕੇ ਸਰਕਾਰੀ ਡਾਕਟਰ ਦੇ ਹਸਤਾਖਰ ਕਰਵਾਉਣ ਲਈ ਕਿਹਾ ਗਿਆ ਸੀ, ਤਾਂ ਜੋ ਉਹ ਆਪਣੀ ਬੀਮਾ ਸਕੀਮ ਦੇ ਤਹਿਤ ਮਰੀਜ਼ ਦਾ ਨਿੱਜੀ ਤੌਰ ’ਤੇ ਆਪਰੇਸ਼ਨ ਕਰਵਾ ਸਕਣ।
ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਦੇ ਡਾਕਟਰ ਨੇ ਸਰਕਾਰੀ ਹਸਪਤਾਲ 'ਚ ਹੀ ਸਰਜਰੀ ਕਰਨ ਦੀ ਗੱਲ ਕਹਿੰਦੇ ਹੋਏ ਉਨ੍ਹਾਂ ਨੂੰ ਉਸੇ ਦਿਨ ਦਾ ਹੀ ਆਪਰੇਸ਼ਨ ਦਾ ਸਮਾਂ ਦਿੱਤਾ ਸੀ। ਉਨ੍ਹਾਂ ਇਸ ਤਰ੍ਹਾਂ ਮੌਕੇ ’ਤੇ ਹੀ ਸਰਜਰੀ ਨੂੰ ਮੁਕੰਮਲ ਨਾ ਕਰਨ ’ਤੇ ਸਵਾਲ ਖੜ੍ਹੇ ਕੀਤੇ। ਉੱਥੇ ਸਰਜਨ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਆਪਰੇਸ਼ਨ ਸ਼ੁਰੂ ਕਰਦੇ ਸਮੇਂ ਦੂਰਬੀਨ ਰਾਹੀਂ ਮਰੀਜ਼ ਦੇ ਪਿੱਤੇ ਦੇ ਆਸ-ਪਾਸ ਭਾਰੀ ਮਾਤਰਾ 'ਚ ਚਰਬੀ ਜਮ੍ਹਾਂ ਹੋਣ ਸਬੰਧੀ ਦੇਖਾ ਸੀ। ਅਜਿਹੇ ਹਾਲਾਤ 'ਚ ਆਪਰੇਸ਼ਨ ਕਰਨ ਨਾਲ ਮਰੀਜ਼ ਦੀ ਜਾਨ ਨੂੰ ਖਤਰਾ ਹੋ ਸਕਦਾ ਸੀ, ਜਿਸ ਨੂੰ ਦੇਖਦੇ ਹੋਏ ਉਨ੍ਹਾਂ ਮਰੀਜ਼ ਨੂੰ ਰੈਫਰ ਕਰਨ ਦੀ ਸਲਾਹ ਦਿੱਤੀ ਸੀ, ਕਿਉਂਕਿ ਉਹ ਕਿਸੇ ਤਰ੍ਹਾਂ ਦਾ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ ਸਨ।


Babita

Content Editor

Related News