ਮਾਮਲਾ ਜ਼ਿਲਾ ਪੱਧਰੀ ਸਿਵਲ ਹਸਪਤਾਲ ’ਚ ਨਸ਼ੇ ਦੇ ਸੇਵਨ ਨੂੰ ਰੋਕਣ ਲਈ ਵਿੱਢੀ ਮੁਹਿੰਮ ਦਾ
Friday, Feb 22, 2019 - 03:58 AM (IST)

ਮੋਗਾ (ਸੰਦੀਪ)-ਵੀਰਵਾਰ ਨੂੰ ਜ਼ਿਲਾ ਪੱਧਰੀ ਸਿਵਲ ਹਸਪਤਾਲ ’ਚ ਸਥਿਤ ਟੀਕਿਆਂ ਰਾਹੀ ਨਸ਼ਾ ਕਰਨ ਵਾਲੇ ਨੌਜਵਾਨਾਂ ਦਾ ਨਸ਼ਾ ਛੁਡਾਉਣ ਲਈ ਸਥਾਪਤ ਓ. ਐੱਸ. ਟੀ. ਸੈਂਟਰ ’ਚ ਉਸ ਵੇਲੇ ਹੰਗਾਮਾ ਖਡ਼ਾ ਹੋ ਗਿਆ ਜਦੋਂ ਹਸਪਤਾਲ ’ਚ ਨਸ਼ਾ ਕਰਨ ਵਾਲਿਆਂ ਵਿਰੁੱਧ ਅਭਿਆਨ ਸ਼ੁਰੂ ਕਰਨ ਵਾਲੇ ਸਿਹਤ ਸੁਪਰਵਾਈਜ਼ਰ ਮਹਿੰਦਰਪਾਲ ਲੂੰਬਾਂ ਨੇ ਇਸ ਸੈਂਟਰ ਤੋਂ ਦਵਾਈ ਲੈਣ ਵਾਲੇ ਇਕ ਨੌਜਵਾਨ ਨੂੰ ਆਪਣੀ ਦਵਾਈ ਸੈਂਟਰ ਤੋਂ ਪ੍ਰਾਪਤ ਕਰਨ ਤੋਂ ਬਾਅਦ ਇਸ ਦਵਾਈ ਨੂੰ ਦੂਸਰੇ ਨੂੰ ਵੇਚਦੇ ਸਮੇਂ ਮੌਕੇ ’ਤੇ ਹੀ ਫਡ਼ ਲਿਆ। ਜਦੋਂ ਸਿਹਤ ਟੀਮ ਵੱਲੋਂ ਉਕਤ ਨੌਜਵਾਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਉਲਟਾ ਸਿਹਤ ਸੁਪਰਵਾਈਜ਼ਰ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ, ਜਿਸ ’ਤੇ ਸਿਹਤ ਸੁਪਰਵਾਈਜ਼ਰ ਵੱਲੋਂ ਘਟਨਾ ਦੀ ਜਾਣਕਾਰੀ ਸਿਵਲ ਸਰਜਨ ਮੋਗਾ ਨੂੰ ਦਿੱਤੀ ਗਈ ਅਤੇ ਉਨ੍ਹਾਂ ਵੱਲੋਂ ਇਸ ਦੀ ਸੂਚਨਾ ਨੇਡ਼ਲੇ ਥਾਣੇ ਦੇ ਥਾਣਾ ਮੁਖੀ ਸਮੇਤ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਵੀ ਦਿੱਤੀ ਗਈ ਹੈ। ਸਿਹਤ ਵਿਭਾਗ ਵੱਲੋਂ ਹਸਪਤਾਲ ’ਚ ਨਸ਼ੇ ’ਤੇ ਨਕੇਲ ਕੱਸਣ ਲਈ ਸ਼ੁਰੂ ਕੀਤੀ ਗਈ ਹੈ ਮੁਹਿੰਮ- ਜ਼ਿਲਾ ਪੱਧਰੀ ਸਿਵਲ ਹਸਪਤਾਲ ’ਚ ਵਿਭਾਗ ਵੱਲੋਂ ਟੀਕਾ ਲਾ ਕੇ ਨਸ਼ਾ ਕਰਨ ਦੇ ਆਦਿ ਨੌਜਵਾਨਾਂ ਨੂੰ ਇਸ ਦਲ-ਦਲ ’ਚੋਂ ਕੱਢਣ ਲਈ ਓ. ਐੱਸ. ਟੀ. ਸੈਂਟਰ ਸਥਾਪਿਤ ਕੀਤਾ ਗਿਆ ਹੈ, ਜਿਸ ’ਚ ਨਸ਼ਾ ਕਰਨ ਦੇ ਆਦੀ ਨੌਜਵਾਨ ਇਸ ਨੂੰ ਛੱਡਣ ਲਈ ਦਵਾਈ ਹਾਸਲ ਕਰਨ ਲਈ ਇਥੇ ਪਹੁੰਚਦੇ ਹਨ। ਇਸ ਸੈਂਟਰ ’ਚ ਆਉਣ ਵਾਲੇ ਕੁੱਝ ਨਸ਼ੇ ਦੇ ਆਦੀ ਨੌਜਵਾਨਾਂ ਵੱਲੋਂ ਸੈਂਟਰ ’ਚੋਂ ਦਵਾਈ ਲੈਣ ਤੋਂ ਬਾਅਦ ਇਸ ਦਵਾਈ ਨੂੰ ਅੱਗੇ ਕਿਸੇ ਹੋਰ ਨੂੰ ਵੇਚਣ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਅਤੇ ਅਜਿਹੇ ਨੌਜਵਾਨਾਂ ਵੱਲੋਂ ਹਸਪਤਾਲ ਦੀ ਹਦੂਦ ਅੰਦਰ ਹੀ ਨਸ਼ੇ ਦਾ ਸੇਵਨ ਕਰਨ ਤੋਂ ਰੋਕਣ ਲਈ ਵਿਭਾਗ ਵੱਲੋਂ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਇਸ ਟੀਮ ਦੇ ਇੰਚਾਰਜ ਮਹਿੰਦਰਪਾਲ ਲੂੰਬਾਂ ਵੱਲੋਂ ਪਿਛਲੇ ਦਿਨੀਂ ਹਸਪਤਾਲ ਦੀ ਨਵੀਂ ਬਣ ਰਹੀ ਜੱਚਾ-ਬੱਚਾ ਵਾਰਡ ਦੀ ਇਮਾਰਤ ਅੰਦਰੋਂ ਵੱਡੀ ਮਾਤਰਾ ’ਚ ਸਰਿੰਜਾਂ, ਸੂਈਆਂ ਅਤੇ ਸ਼ੀਸ਼ੀਆਂ ਬਰਾਮਦ ਕੀਤੀਆਂ ਸਨ। ਇਸ ਦੇ ਨਾਲ ਹੀ ਵੀਰਵਾਰ ਨੂੰ ਹੰਗਾਮਾ ਕਰਨ ਵਾਲੇ ਨੌਜਵਾਨ ਵੱਲੋਂ ਵੀ ਆਪਣੀ ਦਵਾਈ ਲੈ ਕੇ ਉਸ ਨੂੰ ਅੱਗੇ ਵੇਚਣ ਸਮੇਂ ਮੌਕੇ ’ਤੇ ਹੀ ਕਾਬੂ ਕੀਤਾ ਗਿਆ ਸੀ ਅਤੇ ਇਸ ਦੀ ਸੂਚਨਾਂ ਉਨ੍ਹਾਂ ਵੱਲੋਂ ਇਸ ਸੈਂਟਰ ਦੇ ਇੰਚਾਰਜ ਡਾ. ਨਵਨੀਤ ਕੁਮਾਰ ਨੂੰ ਦੇ ਕੇ ਉਕਤ ਨੌਜਵਾਨ ਦੀ ਇਸ ਸੈਂਟਰ ’ਚ ਰਜਿਸਟਰੇਸ਼ਨ ਰੱਦ ਕਰਵਾਈ ਗਈ ਸੀ। ਇਸੇ ਰੰਜਿਸ਼ ਤਹਿਤ ਅੱਜ ਉਕਤ ਨੌਜਵਾਨ ਵੱਲੋਂ ਹੰਗਾਮਾ ਕੀਤਾ ਗਿਆ ਅਤੇ ਸਿਹਤ ਸੁਪਰਵਾਈਜ਼ਰ ਨੂੰ ਧਮਕਾਇਆ ਗਿਆ। ਕੀ ਕਹਿਣਾ ਹੈ ਸਿਹਤ ਸੁਪਰਵਾਈਜ਼ਰ ਦਾ- ਇਸ ਮਾਮਲੇ ’ਚ ਸਿਹਤ ਸੁਪਰਵਾਈਜ਼ਰ ਮਹਿੰਦਰਪਾਲ ਲੂੰਬਾਂ ਨੇ ਓ. ਐੱਸ. ਟੀ. ਸੈਂਟਰ ਦੇ ਇੰਚਾਰਜ ਡਾ. ਨਵਨੀਤ ਕੁਮਾਰ ’ਤੇ ਰੋਸ ਜਤਾਇਆ ਕਿ ਉਨ੍ਹਾਂ ਵੱਲੋਂ ਹੰਗਾਮਾ ਕਰਨ ਵਾਲੇ ਅਤੇ ਗਲਤ ਢੰਗ ਨਾਲ ਆਪਣੀ ਦਵਾਈ ਹਾਸਲ ਕਰਨ ਤੋਂ ਬਾਅਦ ਇਸ ਨੂੰ ਕਿਸੇ ਹੋਰ ਨੂੰ ਵੇਚਣ ਵਾਲੇ ਨੌਜਵਾਨ ਨੂੰ ਬਿਨਾਂ ਉਨ੍ਹਾਂ ਨੂੰ ਸੂਚਿਤ ਕੀਤੇ ਉਸ ਦੀ ਰਜਿਸਟਰੇਸ਼ਨ ਨੂੰ ਬਹਾਲ ਕਰ ਕੇ ਦੁਬਾਰਾ ਉਸ ਨੂੰ ਦਵਾਈ ਮੁਹੱਈਆਂ ਕਰਵਾਈ ਗਈ ਸੀ, ਜਿਸ ਕਰ ਕੇ ਉਕਤ ਨੌਜਵਾਨ ਨੇ ਦੁਬਾਰਾ ਇਹ ਹਰਕਤ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਉਨ੍ਹਾਂ ਵੱਲੋਂ ਉਕਤ ਨੌਜਵਾਨ ਨੂੰ ਦਵਾਈ ਵੇਚਦੇ ਫਡ਼ਿਆ ਗਿਆ ਤਾਂ ਉਸ ਵੱਲੋਂ ਆਪਣੀ ਗਲਤੀ ਮੰਨਣ ਦੀ ਬਜਾਏ ਉਲਟਾ ਉਨ੍ਹਾਂ ਨੂੰ ਹਸਪਤਾਲ ਦੇ ਬਾਹਰ ਵੇਖਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਬਾਰੇ ਉਨ੍ਹਾਂ ਵੱਲੋਂ ਲਿਖਤ ਤੌਰ ’ਤੇ ਵਿਭਾਗੀ ਅਧਿਕਾਰੀਆਂ ਤੇ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਕੀ ਕਹਿਣਾ ਹੈ ਓ. ਐੱਸ. ਟੀ. ਸੈਂਟਰ ਇੰਚਾਰਜ ਦਾ- ਇਸ ਸਬੰਧੀ ਸਿਵਲ ਹਸਪਤਾਲ ਦੇ ਓ. ਐੱਸ. ਟੀ. ਸੈਂਟਰ ਦੇ ਇੰਚਾਰਜ ਡਾ. ਨਵਨੀਤ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਉਕਤ ਨੌਜਵਾਨ ਵੱਲੋਂ ਪਹਿਲਾਂ ਵੀ ਗਲਤ ਢੰਗ ਨਾਲ ਆਪਣੀ ਦਵਾਈ ਦੂਜਿਆਂ ਨੂੰ ਵੇਚਣ ਬਾਰੇ ਉੱਚ ਅਧਿਕਾਰੀ ਨੂੰ ਸੂਚਿਤ ਕੀਤਾ ਗਿਆ ਸੀ ਅਤੇ ਉਕਤ ਨੌਜਵਾਨ ਦੇ ਭਵਿੱਖ ਨੂੰ ਦੇਖਦੇ ਹੋਏ ਉਸ ਨੂੰ ਚੇਤਾਵਨੀ ਦੇ ਕੇ ਉਸ ਦੀ ਦਵਾਈ ਸ਼ੁਰੂ ਕਰਵਾ ਦਿੱਤੀ ਗਈ ਸੀ ਪਰ ਵੀਰਵਾਰ ਨੂੰ ਉਕਤ ਨੌਜਵਾਨ ਵੱਲੋਂ ਦੁਬਾਰਾ ਇਸੇ ਤਰ੍ਹਾਂ ਕਰਨ ਦੇ ਨਾਲ-ਨਾਲ ਉਸ ਨੂੰ ਰੋਕਣ ਵਾਲੇ ਸਿਹਤ ਸੁਪਰਵਾਈਜ਼ਰ ਨੂੰ ਵੀ ਧਮਕਾਇਆ ਗਿਆ ਹੈ। ਜਿਸ ਦੀ ਸੂਚਨਾ ਵਿਭਾਗੀ ਅਧਿਕਾਰੀਆਂ ਨੂੰ ਅਗਲੀ ਕਾਰਵਾਈ ਲਈ ਦੇ ਦਿੱਤੀ ਗਈ ਹੈ। ਜਿਥੋਂ ਤੱਕ ਇਸ ਸੈਂਟਰ ’ਚ ਇਲਾਜ ਕਰਾਉਣ ਵਾਲੇ ਕਿਸੇ ਵੀ ਨੌਜਵਾਨ ਨੂੰ ਦਵਾਈ ਦੀ ਡੋਜ਼ ਦੇਣ ਦਾ ਹਿਸਾਬ ਹੈ, ਇਸ ਡੋਜ਼ ਨੂੰ ਮਰੀਜ਼ ਦੀ ਹਾਲਤ ਦੇ ਹਿਸਾਬ ਨਾਲ ਸਮੇਂ-ਸਮੇਂ ’ਤੇ ਵਧਾਇਆ ਜਾਂ ਘਟਾਇਆ ਜਾਂਦਾ ਹੈ। ਕੀ ਕਹਿਣਾ ਹੈ ਸਿਵਲ ਸਰਜਨ ਦਾ- ਸਿਵਲ ਸਰਜਨ ਮੋਗਾ ਡਾ. ਅਰਵਿੰਦਰਪਾਲ ਸਿੰਘ ਗਿੱਲ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਨਸ਼ੇ ਦੇ ਆਦੀ ਨੌਜਵਾਨਾਂ ਦੇ ਭਵਿੱਖ ਨੂੰ ਦੇਖਦੇ ਹੋਏ ਇਹ ਸੈਂਟਰ ਸ਼ੁਰੂ ਕੀਤੇ ਗਏ ਸਨ ਤਾਂ ਕਿ ਇਨ੍ਹਾਂ ਦੀਆਂ ਸੇਵਾਵਾਂ ਹਾਸਲ ਕਰ ਕੇ ਨਸ਼ੇ ਦੀ ਦਲ ਦਲ ’ਚ ਫਸੇ ਨੌਜਵਾਨ ਨਸ਼ਾ ਛੱਡ ਕੇ ਆਪਣੀ ਵਧੀਆ ਜਿੰਦਗੀ ਜੀ ਸਕਣ ਪਰ ਇਨ੍ਹਾਂ ਸੈਂਟਰਾਂ ’ਚ ਇਲਾਜ ਕਰਾਉਣ ਵਾਲੇ ਕੁੱਝ ਗਲਤ ਅਨਸਰ ਸਹੀ ਲੋਕਾਂ ਨੂੰ ਵੀ ਇਲਾਜ ਤੋਂ ਵਾਂਝਾਂ ਕਰਵਾ ਦਿੰਦੇ ਹਨ। ਵੀਰਵਾਰ ਨੂੰ ਘਟੀ ਘਟਨਾ ਦੀ ਨਿੰਦਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਬਾਰੇ ਵਿਭਾਗ ਵੱਲੋਂ ਸਿਹਤ ਸੁਪਰਵਾਈਜ਼ਰ ਧਮਕਾਉਣ ਵਾਲੇ ਖਿਲਾਫ ਪੁਲਸ ਨੂੰ ਸ਼ਿਕਾਇਤ ਭੇਜ ਦਿੱਤੀ ਗਈ ਹੈ।