ਮੋਗਾ ’ਚ 4 ਨਸ਼ਾ ਸਮੱਗਲਰਾਂ ਦੇ ਘਰਾਂ ’ਤੇ ਚੱਲਿਆ ਪੀਲਾ ਪੰਜਾ
Sunday, Apr 27, 2025 - 04:07 AM (IST)

ਮੋਗਾ/ਜਲੰਧਰ (ਆਜ਼ਾਦ, ਧਵਨ) - ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਸਮੱਗਲਰਾਂ ਵਿਰੁੱਧ ਕਾਰਵਾਈ ਜੰਗੀ ਪੱਧਰ ’ਤੇ ਜਾਰੀ ਹੈ। ਇਸ ਕਾਰਵਾਈ ਤਹਿਤ ਅੱਜ ਮੋਗਾ ਦੇ ਜ਼ਿਲਾ ਪੁਲਸ ਮੁਖੀ ਅਜੇ ਗਾਂਧੀ ਦੀ ਅਗਵਾਈ ਹੇਠ ਧਰਮਕੋਟ ਦੇ ਪਿੰਡ ਦੌਲੇਵਾਲਾ ਵਿਖੇ 4 ਨਸ਼ਾ ਸਮੱਗਲਰਾਂ ਦੇ ਘਰਾਂ ਨੂੰ ਢਾਹਿਆ ਗਿਆ। ਇਹ ਮਕਾਨ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰ ਕੇ ਬਣਾਏ ਹੋਏ ਸਨ। ਇਸ ਮੌਕੇ ਜ਼ਿਲਾ ਵਿਕਾਸ ਅਤੇ ਪੰਚਾਇਤ ਅਫਸਰ ਮੋਗਾ ਹਰਜਿੰਦਰ ਸਿੰਘ ਅਤੇ ਡਿਊਟੀ ਮੈਜਿਸਟ੍ਰੇਟ ਵੀ ਹਾਜ਼ਰ ਸਨ।
ਇਸ ਮੌਕੇ ਜ਼ਿਲਾ ਪੁਲਸ ਮੁਖੀ ਅਜੇ ਗਾਂਧੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾ ਰਹੀ ਹੈ ਅਤੇ ਨਸ਼ਾ ਸਮੱਗਲਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਦੌਲੇਵਾਲਾ ਦੇ ਇਨ੍ਹਾਂ 4 ਪਰਿਵਾਰਾਂ ਬੂਟਾ ਸਿੰਘ, ਜੋ ਇਸ ਸਮੇਂ ਜੇਲ ’ਚ ਹੈ, ਦੇ ਖ਼ਿਲਾਫ਼ 7 ਮਾਮਲੇ, ਪਰਮਜੀਤ ਸਿੰਘ ਪੰਮਾ, ਜੋ ਜੇਲ ’ਚ ਹੈ, ਦੇ ਖ਼ਿਲਾਫ਼ 9 ਮਾਮਲੇ, ਲਖਵਿੰਦਰ ਸਿੰਘ ਕਾਕੂ, ਜੋ ਜ਼ਮਾਨਤ ’ਤੇ ਹੈ, ਦੇ ਖ਼ਿਲਾਫ਼ 8 ਮਾਮਲੇ, ਰਾਜਵਿੰਦਰ ਕੌਰ, ਜੋ ਜ਼ਮਾਨਤ ’ਤੇ ਹੈ, ਦੇ ਖ਼ਿਲਾਫ਼ 15 ਮਾਮਲੇ ਵੱਖ-ਵੱਖ ਥਾਣਿਆਂ ਵਿਚ ਆਈ. ਪੀ. ਸੀ., ਐੱਨ. ਡੀ. ਪੀ. ਐੱਸ. ਐਕਟ ਅਧੀਨ ਦਰਜ ਹਨ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੇ ਕਾਰੋਬਾਰੀਆਂ ਦੀ ਸ਼ਿਕਾਇਤ ਕਰਨ ਲਈ ਆਪਣੇ ਨੇੜਲੇ ਪੁਲਸ ਸਟੇਸ਼ਨ ਵਿਖੇ ਸੰਪਰਕ ਕੀਤਾ ਜਾਵੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਿਰੰਤਰ ਜਾਰੀ ਰਹੇਗੀ ਅਤੇ ਨਸ਼ਿਆਂ ਦੇ ਕਾਰੋਬਾਰ ਵਿਚ ਸ਼ਾਮਲ ਸਮੱਗਲਰਾਂ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਿਆ ਨਹੀਂ ਜਾਵੇਗਾ।