ਮਕਾਨ ਵਿੱਕਰੀ ਮਾਮਲੇ ’ਚ ਸਾਬਕਾ ਸਰਪੰਚ ਤੋਂ ਠੱਗੇ 17 ਲੱਖ
Monday, Apr 14, 2025 - 06:15 PM (IST)

ਮੋਗਾ (ਆਜ਼ਾਦ) : ਮੋਗਾ ਨੇੜਲੇ ਪਿੰਡ ਸਾਫੂਵਾਲਾ ਨਿਵਾਸੀ ਸਾਬਕਾ ਸਰਪੰਚ ਗੁਰਮੀਤ ਸਿੰਘ ਨੇ ਪਿੰਡ ਪੰਜਗਰਾਈ ਕਲਾ ਨਿਵਾਸੀ ਪਤੀ-ਪਤਨੀ ਵੱਲੋਂ ਕਥਿਤ ਮਿਲੀਭੁਗਤ ਕਰ ਕੇ ਮਕਾਨ ਵਿਕਰੀ ਮਾਮਲੇ ਵਿਚ ਉਸ ਨਾਲ 17 ਲੱਖ ਰੁਪਏ ਦੀ ਠੱਗੀ ਕੀਤੇ ਜਾਣ ਦਾ ਦੋਸ਼ ਲਾਇਆ। ਇਸ ਸਬੰਧ ਵਿਚ ਮੋਗਾ ਪੁਲਸ ਵੱਲੋਂ ਜਾਂਚ ਦੇ ਬਾਅਦ ਥਾਣਾ ਸਿਟੀ ਮੋਗਾ ਵਿਚ ਕਥਿਤ ਮੁਲਜ਼ਮਾਂ ਲਖਵੀਰ ਸਿੰਘ ਅਤੇ ਉਸ ਦੀ ਪਤਨੀ ਪਰਮਜੀਤ ਕੌਰ ਨਿਵਾਸੀ ਦੰਮਣ ਸਿੰਘ ਗਿੱਲ ਨਗਰ ਮੋਗਾ ਹਾਲ ਆਬਾਦ ਪੰਜਗਰਾਈ ਕਲਾਂ ਖਿਲਾਫ ਧੋਖਾਦੇਹੀ ਅਤੇ ਕਥਿਤ ਮਿਲੀਭੁਗਤ ਦਾ ਮਾਮਲਾ ਦਰਜ ਕੀਤਾ।
ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਅਜੀਤ ਸਿੰਘ ਸੰਧੂ ਵੱਲੋਂ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਸਾਬਕਾ ਸਰਪੰਚ ਗੁਰਮੀਤ ਸਿੰਘ ਨੇ ਕਿਹਾ ਕਿ ਉਸਨੇ ਲਖਬੀਰ ਸਿੰਘ ਨਾਲ ਉਨ੍ਹਾਂ ਦੇ ਪਿੰਡ ਪੰਜਗਰਾਈ ਕਲਾ ਵਿਚ ਸਥਿਤ ਮਕਾਨ ਦਾ ਸੌਦਾ 6 ਅਕਤੂਬਰ 2022 ਨੂੰ ਕਰ ਕੇ ਉਨ੍ਹਾਂ ਨੂੰ 17 ਲੱਖ ਰੁਪਏ ਨਕਦ ਦੇ ਦਿੱਤੇ ਜੋ ਮੈਂ ਉਸਦੇ ਅਤੇ ਉਸ ਦੀ ਪਤਨੀ ਦੋਨਾਂ ਦੇ ਬੈਂਕ ਖਾਤਿਆਂ ਵਿਚ ਪਾਏ ਸਨ, ਲੇਕਿਨ ਬਾਅਦ ਵਿਚ ਉਹ ਰਜਿਸਟਰੀ ਕਰਾਉਣ ਤੋਂ ਟਾਲ-ਮਟੋਲ ਕਰਨ ਲੱਗੇ। ਮੈਨੂੰ ਪਤਾ ਲੱਗਾ ਕਿ ਇਨ੍ਹਾਂ ਨੇ ਉਕਤ ਮਕਾਨ ਦੀ ਰਜਿਸਟਰੀ ਰੱਖ ਕੇ ਅਜਮੇਰ ਸਿੰਘ ਪੰਪ ਵਾਲੇ ਕੋਲੋਂ 11 ਲੱਖ ਰੁਪਏ ਦਾ ਕਰਜ਼ਾ ਲਿਆ ਹੈ।
ਉਨ੍ਹਾਂ ਨੇ ਜਮਾਂਬੰਦੀ ਤੇ ਪਹਿਲਾਂ ਵੀ ਕਿਸੇ ਫਾਇਨਾਂਸ ਕੰਪਨੀ ਤੋਂ ਕਰਜ਼ਾ ਚੁੱਕਿਆ ਹੋਇਆ ਹੈ। ਜਿਸ ਬਾਰੇ ਉਨ੍ਹਾਂ ਮੈਨੂੰ ਪਹਿਲਾਂ ਕੁਝ ਨਹੀਂ ਦੱਸਿਆ। ਸਾਡਾ ਪੰਚਾਇਤੀ ਫੈਸਲਾ ਵੀ ਹੋਇਆ, ਜਿਸ ਵਿਚ ਉਨ੍ਹਾਂ ਕਿਹਾ ਕਿ ਉਹ ਕਿਸ਼ਤਾਂ ਰਾਹੀਂ ਪੈਸੇ ਦੇਣਗੇ ਲੇਕਿਨ ਬਾਅਦ ਵਿਚ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਮੇਰੇ ਨਾਲ ਪਤੀ-ਪਤਨੀ ਨੇ ਕਥਿਤ ਮਿਲੀਭੁਗਤ ਕਰ ਕੇ ਧੋਖਾਦੇਹੀ ਕੀਤੀ ਹੈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੇ ਇਸ ਦੀ ਜਾਂਚ ਦਾ ਆਦੇਸ਼ ਦਿੱਤਾ। ਜਾਂਚ ਅਧਿਕਾਰੀਆਂ ਨੇ ਦੋਨਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ, ਜਾਂਚ ਦੇ ਬਾਅਦ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਕਥਿਤ ਮੁਲਜ਼ਮਾਂ ਪਤੀ-ਪਤਨੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ। ਜਾਂਚ ਅਧਿਕਾਰੀ ਅਜੀਤ ਸਿੰਘ ਸੰਧੂ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ, ਗ੍ਰਿਫਤਾਰੀ ਬਾਕੀ ਹੈ।