ਚੀਫ਼ ਸੈਕਟਰੀ ਵਿਵਾਦ ''ਤੇ ਵਿਧਾਇਕਾਂ ਦੇ ਸੁਰ ਵੀ ਪੈਣ ਲੱਗੇ ਨਰਮ

05/20/2020 4:29:35 PM

ਚੰਡੀਗੜ੍ਹ (ਅਸ਼ਵਨੀ) : ਪੰਜਾਬ 'ਚ ਸ਼ਰਾਬ ਤੋਂ ਪ੍ਰਾਪਤ ਸਰਕਾਰੀ ਮਾਲੀਏ ਦੇ ਨੁਕਸਾਨ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਹੁਣ ਹੌਲੀ-ਹੌਲੀ ਸ਼ਾਂਤ ਹੁੰਦਾ ਜਾ ਰਿਹਾ ਹੈ। 18 ਮਈ ਨੂੰ ਚੀਫ਼ ਸੈਕਟਰੀ ਕਰਨ ਅਵਤਾਰ ਸਿੰਘ ਦੀ ਹਾਜ਼ਰੀ 'ਚ ਕੋਵਿਡ-19 ਦੀ ਰਿਵਿਊ ਬੈਠਕ ਕੀਤੀ। ਉਥੇ ਹੀ, ਮੰਗਲਵਾਰ ਨੂੰ ਵਿਧਾਇਕ ਰਾਜਕੁਮਾਰ ਵੇਰਕਾ ਨੇ ਵੀ ਮੁੱਖ ਮੰਤਰੀ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਮੰਤਰੀਆਂ ਅਤੇ ਚੀਫ਼ ਸੈਕਟਰੀ ਵਿਚਕਾਰ ਜੋ ਵਿਵਾਦ ਸੀ, ਮੁੱਖ ਮੰਤਰੀ ਨੇ ਉਸ ਦਾ ਨਿਪਟਾਰਾ ਕਰ ਦਿੱਤਾ ਹੈ। ਬਤੌਰ ਵਿਧਾਇਕ ਮੰਤਰੀਆਂ ਵਲੋਂ ਮਾਲੀਏ ਨੁਕਸਾਨ ਦੀ ਜਾਂਚ ਦਾ ਸਮਰਥਨ ਕੀਤਾ ਸੀ, ਮੁੱਖ ਮੰਤਰੀ ਨੇ ਉਹ ਕਰਵਾ ਲਈ ਹੈ। ਹੁਣ ਮਾਮਲਾ ਨਿਪਟ ਗਿਆ ਹੈ। ਵੇਰਕਾ ਨੇ ਕਿਹਾ ਕਿ ਹੁਣ ਸਾਰੇ ਮੰਤਰੀਆਂ ਨੂੰ ਬੈਠਕਾਂ 'ਚ ਹਿੱਸਾ ਲੈਣਾ ਚਾਹੀਦਾ ਹੈ। ਵੇਰਕਾ ਉਨ੍ਹਾਂ ਵਿਧਾਇਕਾਂ 'ਚੋਂ ਹਨ, ਜਿਨ੍ਹਾਂ ਨੇ ਕੁੱਝ ਦਿਨ ਪਹਿਲਾਂ ਹੀ ਚੀਫ਼ ਸੈਕਟਰੀ ਖਿਲਾਫ਼ ਸ਼ਰਾਬ ਮਾਮਲੇ 'ਚ 600 ਕਰੋੜ ਦੇ ਮਾਲੀਆ ਨੁਕਸਾਨ ਦੀ ਜਾਂਚ ਦਾ ਝੰਡਾ ਬੁਲੰਦ ਕੀਤਾ ਸੀ। ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਮੰਤਰੀ ਸੁਖਜਿੰਦਰ ਰੰਧਾਵਾ ਦੇ ਸੁਰ 'ਚ ਸੁਰ ਮਿਲਾਂਉਂਦਿਆਂ ਸੋਸ਼ਲ ਮੀਡੀਆ 'ਤੇ ਚੀਫ਼ ਸੈਕਟਰੀ ਨੂੰ ਤਤਕਾਲ ਅਹੁਦੇ ਤੋਂ ਹਟਾਉਣ ਦੀ ਗੱਲ ਕਹੀ ਸੀ।

ਇਹ ਵੀ ਪੜ੍ਹੋ ► ਪੰਜਾਬ ਸਰਕਾਰ ਵੱਲੋਂ ਡਾਕਟਰੀ ਪੜ੍ਹਾਈ ਕਰਨ ਵਾਲਿਆਂ ਨੂੰ ਵੱਡੀ ਰਾਹਤ   

ਦਰਅਸਲ, ਸ਼ਰਾਬ ਦੇ ਮਾਲੀਏ ਨੂੰ ਲੈ ਕੇ ਮੰਤਰੀਆਂ ਅਤੇ ਚੀਫ਼ ਸੈਕਟਰੀ 'ਚ ਵਿਵਾਦ ਨੂੰ ਸਬੰਧੀ ਮੰਤਰੀਆਂ ਦੇ ਨਾਲ-ਨਾਲ ਦਰਜਨਭਰ ਵਿਧਾਇਕਾਂ ਨੇ ਖੁਲ੍ਹ ਕੇ ਮੋਰਚਾ ਖੋਲ੍ਹ ਦਿੱਤਾ ਸੀ। ਮੰਤਰੀਆਂ ਨੇ ਬਾਈਕਾਟ ਕਰਕੇ ਐਲਾਨ ਕੀਤਾ ਸੀ ਕਿ ਚੀਫ਼ ਸੈਕਟਰੀ ਕਿਸੇ ਵੀ ਬੈਠਕ 'ਚ ਮੌਜੂਦ ਹੋਣਗੇ ਤਾਂ ਮੰਤਰੀ ਸ਼ਾਮਲ ਨਹੀਂ ਹੋਣਗੇ। ਵਿਧਾਇਕ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ 'ਤੇ ਨਿਜੀ ਹਮਲਾ ਕਰਦਿਆਂ ਇਹ ਤੱਕ ਕਹਿ ਦਿੱਤਾ ਸੀ ਕਿ ਉਨ੍ਹਾਂ ਕੋਲ ਅਧਿਕਾਰ ਹੋਣ ਤਾਂ ਅਜਿਹੇ ਅਧਿਕਾਰੀ ਨੂੰ ਤਹਿਸੀਲਦਾਰ ਵੀ ਨਾ ਬਣਾਉਣ। ਵੜਿੰਗ ਨੇ ਸੋਸ਼ਲ ਮੀਡਿਆ 'ਤੇ 600 ਕਰੋੜ ਦੇ ਮਾਲੀਆ ਨੁਕਸਾਨ ਅਤੇ ਚੀਫ਼ ਸੈਕਟਰੀ ਨੂੰ ਹਟਾਉਣ ਦੀ ਮੰਗ ਕੀਤੀ ਜਿਸ ਦਾ ਕਰੀਬ ਦਰਜਨ ਭਰ ਵਿਧਾਇਕਾਂ ਨੇ ਸਮਰਥਨ ਕੀਤਾ। ਉਧਰ, ਵਿਵਾਦ ਦੇ ਗਰਮਾਉਂਦੇ ਹੀ ਮੁੱਖ ਮੰਤਰੀ ਨੇ ਚੀਫ ਸੈਕਟਰੀ ਕਰਨ ਅਵਤਾਰ ਸਿੰਘ ਤੋਂ ਫਾਈਨਾਂਸ਼ੀਅਲ ਕਮਿਸ਼ਨਰ ਟੈਕਸੇਸ਼ਨ ਦਾ ਵਾਧੂ ਚਾਰਜ ਵਾਪਸ ਲੈ ਲਿਆ। ਨਾਲ ਹੀ, ਅਗਲੇ ਹੀ ਦਿਨ ਆਬਕਾਰੀ ਵਿਭਾਗ ਨਾਲ ਬੈਠਕ ਕੀਤੀ। ਇਸ ਤੋਂ ਬਾਅਦ ਵਿਭਾਗ ਨੇ ਐਲਾਨ ਕੀਤਾ ਕਿ ਕਰਫਿਊ ਦੇ ਸਮੇਂ ਨੂੰ ਛੱਡ ਕੇ ਆਬਕਾਰੀ ਨੀਤੀ ਦੇ ਤਹਿਤ 2019-20 ਦੇ ਮਾਲੀਏ 'ਚ ਕੋਈ ਨੁਕਸਾਨ ਨਹੀਂ ਹੋਇਆ ਹੈ। ਇਸ ਕੜੀ 'ਚ ਮੁੱਖ ਮੰਤਰੀ ਨੇ ਪੰਜਾਬ ਪੁਲਸ ਨੂੰ ਗ਼ੈਰਕਾਨੂੰਨੀ ਸ਼ਰਾਬ 'ਤੇ ਪੂਰੀ ਤਰ੍ਹਾਂ ਨਕੇਲ ਕਸਣ ਦੇ ਨਿਰਦੇਸ਼ ਜਾਰੀ ਕੀਤੇ। ਮੁੱਖ ਮੰਤਰੀ ਦੇ ਐਕਸ਼ਨ 'ਚ ਆਉਂਦੇ ਹੀ ਹੁਣ ਹੌਲੀ-ਹੌਲੀ ਮੰਤਰੀਆਂ ਅਤੇ ਵਿਧਾਇਕਾਂ ਦੇ ਸੁਰ ਬਦਲਣ ਲੱਗੇ ਹਨ।

ਇਹ ਵੀ ਪੜ੍ਹੋ ► ਅੱਜ ਫੇਸਬੁਕ 'ਤੇ ਲਾਈਵ ਹੋ ਕੇ ਸਿੱਖਿਆ ਨਾਲ ਜੁੜੇ ਸਵਾਲਾਂ ਦੇ ਜਵਾਬ ਦੇਣਗੇ ਸਿੱਖਿਆ ਮੰਤਰੀ 

ਮੰਤਰੀ ਅਹੁਦੇ ਬਚਾਉਣ ਦੀ ਤਿਕੜਮ 'ਚ ਜੁਟੇ ਵਿਰੋਧੀ ਮੰਤਰੀ
ਕੁੱਝ ਮੰਤਰੀਆਂ ਅਤੇ ਵਿਧਾਇਕਾਂ ਵਲੋਂ ਮੁੱਖ ਮੰਤਰੀ ਦਾ ਸਮਰਥਨ ਕਰਦਿਆਂ ਹੀ ਹੁਣ ਉਨ੍ਹਾਂ ਨੂੰ ਆਪਣੀ ਕੁਰਸੀ ਦੀ ਚਿੰਤਾ ਸਤਾਉਣ ਲੱਗੀ ਹੈ, ਜਿਨ੍ਹਾਂ ਨੇ ਚੀਫ਼ ਸੈਕਟਰੀ ਰਾਹੀਂ ਮੁੱਖ ਮੰਤਰੀ 'ਤੇ ਨਿਸ਼ਾਨਾ ਸਾਧਣ ਦੀ ਕੋਸ਼ਿਸ਼ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਖੁੱਲ੍ਹੇ ਵਿਰੋਧ ਕਾਰਨ ਹੁਣ ਡਰ ਸਤਾ ਰਿਹਾ ਹੈ ਕਿ ਮੁੱਖ ਮੰਤਰੀ ਨੇ ਦਾਅ ਚੱਲਿਆ ਤਾਂ ਕੁਰਸੀ ਖਤਰੇ 'ਚ ਆ ਸਕਦੀ ਹੈ। ਇਹੀ ਵਜ੍ਹਾ ਹੈ ਕਿ ਇਨ੍ਹੀਂ ਦਿਨੀਂ ਮੰਤਰੀ ਦਿਨ ਰਾਤ ਕਰੀਬੀ ਵਿਧਾਇਕਾਂ ਨਾਲ ਬੈਠਕਾਂ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਦੀ ਨਰਾਜ਼ਗੀ ਇਸ ਗੱਲ ਨੂੰ ਲੈ ਕੇ ਵੀ ਜ਼ਿਆਦਾ ਹੈ ਕਿ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਅਤੇ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਆਪਸੀ ਗੱਲਬਾਤ ਨੂੰ ਸਰਵਜਨਕ ਕੀਤਾ ਗਿਆ। ਚੰਨੀ ਨੇ ਕਿਸੇ ਵਿਧਾਇਕ ਰਾਹੀਂ ਬਾਜਵਾ 'ਤੇ ਧਮਕਾਉਣ ਦੇ ਦੋਸ਼ ਲਗਾਏ ਅਤੇ ਬਾਅਦ 'ਚ ਖੁਦ ਖੁਲ੍ਹ ਕੇ ਮੀਡੀਆ ਦੇ ਸਾਹਮਣੇ ਗੱਲ ਕਬੂਲੀ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਨੇ ਮਾਮਲੇ 'ਚ ਕੁੱਝ ਕਰੀਬੀ ਮੰਤਰੀਆਂ ਨਾਲ ਗੱਲਬਾਤ ਕੀਤੀ ਹੈ। ਕੋਵਿਡ-19 ਮਹਾਮਾਰੀ ਕਾਰਨ ਫਿਲਹਾਲ ਮੁੱਖ ਮੰਤਰੀ ਦਾ ਪੂਰਾ ਧਿਆਨ ਲਾਕਡਾਊਨ 'ਤੇ ਕੇਂਦਰਿਤ ਹੈ ਪਰ 31 ਮਈ ਤੋਂ ਤੋਂ ਬਾਅਦ ਵੱਡਾ ਫ਼ੈਸਲਾ ਲੈ ਸਕਦੇ ਹਨ।


Anuradha

Content Editor

Related News